ਬਿਊਰੋ ਰਿਪੋਰਟ : ਸਾਲ 2022 ਪੰਜਾਬ ਦੀ ਸਿਆਸਤ ਲਈ ਫੈਸਲਾਕੁਨ ਸਾਲ ਸੀ । 5 ਸਾਲ ਬਾਅਦ ਲੋਕਾਂ ਨੇ ਇਹ ਤੈਅ ਕਰਨਾ ਸੀ ਕਿ ਸੱਤਾ ਦੀ ਅਗਲੀ ਚਾਬੀ ਉਨ੍ਹਾਂ ਨੇ ਕਿਸ ਨੂੰ ਸੌਂਪਣੀ ਹੈ । ਪੰਜਾਬ ਦੀ 12 ਮਹੀਨੇ ਦੀ ਸਿਆਸੀ ਹਲਚਲ ਵਿੱਚ ਅਜਿਹੇ ਕਈ ਮੋੜ ਆਏ ਜੋ ਸ਼ਾਇਦ ਅਜ਼ਾਦੀ ਦੇ 75 ਸਾਲ ਦੌਰਾਨ ਕਿਸੇ ਨੇ ਨਹੀਂ ਵੇਖੇ ਸਨ । 2022 ਦੀਆਂ ਚੋਣਾਂ ਵਿੱਚ ਨਾ ਸਿਰਫ਼ ਰਵਾਇਤੀ ਪਾਰਟੀ ਦੀ ਵਜ਼ਾਰਤ ਤੋਂ ਛੁੱਟੀ ਹੋਈ ਬਲਕਿ 50-50 ਸਾਲਾਂ ਤੱਕ ਲਗਾਤਾਰ ਜਿੱਤ ਰਹੇ ਕਈ ਦਿੱਗਜ ਸਿਆਸਤਾਨਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ । ਸਾਬਕਾ ਕੈਬਨਿਟ ਮੰਤਰੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜੇਲ੍ਹ ਪਹੁੰਚੇ ਤਾਂ ਕਿਸੇ ਨੂੰ 35 ਸਾਲ ਬਾਅਦ ਸਜ਼ਾ ਮਿਲੀ । 2022 ਦੀਆਂ ਚੋਣਾਂ ਹਾਰਨ ਤੋਂ ਬਾਅਦ ਕਈ ਸਿਆਸਤਦਾਨਾਂ ਨੇ ਵਿਦੇਸ਼ ਦਾ ਰੁੱਖ ਕੀਤਾ ਤਾਂ ਕਈਆਂ ਨੇ ਪਾਲਾ ਬਦਲਿਆ । 2022 ਦੀ ਵਿੱਚ ਚੱਲੀ ਗਈ ਹਰ ਸਿਆਸੀ ਚਾਲ ਬਾਰੇ ਤੁਹਾਨੂੰ ਦਸਾਂਗੇ ਜੋ 2023 ਦੀ ਬਾਜ਼ੀ ਤੈਅ ਕਰੇਗੀ ।
1. ਸਭ ਤੋਂ ਪਹਿਲਾਂ 2022 ਦੇ ਸਿਆਸੀ ਖੇਡ ਦੀ ਸ਼ੁਰੂਆਤ ਹੁੰਦੀ ਹੈ ਚੋਣ ਕਮਿਸ਼ਨ ਵੱਲੋਂ ਤਰੀਕੇ ਦੇ ਐਲਾਨ ਨਾਲ, 8 ਜਨਵਰੀ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ 14 ਫਰਵਰੀ ਨੂੰ ਚੋਣ ਤਰੀਕ ਮਿੱਥੀ ਜਾਂਦੀ ਅਤੇ ਨਤੀਜੇ ਦੇ ਲਈ 10 ਮਾਰਚ ਦੀ ਤਰੀਕ ਤੈਅ ਹੁੰਦੀ ਹੈ । ਪਰ ਅਗਲੇ ਹੀ ਦਿਨ ਕਮਿਸ਼ਨ ਦੀ ਇਸ ਤਰੀਕ ਨੂੰ ਲੈਕੇ ਸਭ ਤੋਂ ਪਹਿਲਾਂ BSP ਵੱਲੋਂ ਇਤਰਾਜ ਜਤਾਇਆ ਜਾਂਦਾ ਹੈ ਅਤੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ 14 ਫਰਵਰੀ ਨੂੰ ਗੁਰੂ ਰਵੀਦਾਸ ਜਯੰਤੀ ਹੋਣ ਦੀ ਵਜ੍ਹਾ ਕਰਕੇ ਅਗਲੇ ਫੇਸ ਵਿੱਚ ਪੰਜਾਬ ਦੀ ਚੋਣ ਕਰਵਾਉਣ ਦੀ ਅਪੀਲ ਕੀਤੀ ਜਾਂਦੀ ਹੈ। ਰਵੀਦਾਸੀ ਭਾਈਚਾਰੇ ਦਾ ਵੋਟ ਬੈਂਕ ਮਜਬੂਤ ਹੋਣ ਦੀ ਵਜ੍ਹਾ ਕਰਕੇ ਪੰਜਾਬ ਦੀਆਂ ਸਾਰੀਆਂ ਹੀ ਪਾਰਟੀਆਂ ਇੱਕ-ਇੱਕ ਕਰਕੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਦੀਆਂ ਹਨ ਤਾਂ 17 ਜਨਵਰੀ ਨੂੰ ਭਾਰਤੀ ਚੋਣ ਕਮਿਸ਼ਨ ਪੰਜਾਬ ਦੀਆਂ ਵਿਧਾਨਸਭਾ ਚੋਣਾਂ ਦੀ ਨਵੀਂ ਤਰੀਕ 20 ਫਰਵਰੀ ਐਲਾਨ ਦਿੰਦੀ ਹੈ ਜਦਕਿ ਨਤੀਜੀਆਂ ਦੀ ਤਰੀਕ 10 ਮਾਰਚ ਹੀ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਨਤੀਜਿਆਂ ਦੇ ਨਾਲ ਹੀ ਰਹਿੰਦੀ ਹੈ ।
2. ਚੋਣਾਂ ਦੀ ਤਰੀਕ ਦਾ ਐਲਾਨ ਹੋਣ ਤੋਂ ਬਾਅਦ ਪਾਰਟੀਆਂ ਵਿੱਚ ਟਿਕਟਾਂ ਦੇ ਨਾਲ ਸੀਐੱਮ ਉਮੀਦਵਾਰ ਨੂੰ ਲੈਕੇ ਵੀ ਰੇਸ ਸ਼ੁਰੂ ਹੋ ਜਾਂਦੀ ਹੈ। 2017 ਵਿੱਚ ਬਿਨਾਂ ਮੁੱਖ ਮੰਤਰੀ ਦੇ ਉਮੀਦਵਾਰ ਨਾਲ ਉਤਰ ਵਾਲੀ ਆਮ ਆਦਮੀ ਪਾਰਟੀ 2022 ਦੀਆਂ ਚੋਣਾਂ ਵਿੱਚ ਇਹ ਗਲਤੀ ਨਹੀਂ ਦੌਰਾਉਣਾ ਚਾਉਂਦੀ ਸੀ । ਆਪ ਸੁਪਰੀਮੋ ‘ਤੇ ਭਗਵੰਤ ਮਾਨ ਦਾ ਨਾਂ ਸੀਐੱਮ ਲਈ ਐਲਾਨਣ ਨੂੰ ਲੈਕੇ ਕਾਫੀ ਦਬਾਅ ਹੁੰਦਾ ਹੈ ਤਾਂ ਪਾਰਟੀ ਵੱਲੋਂ ਲੋਕਾਂ ਦੀ ਰਾਇ ਲੈਣ ਦੇ ਲਈ ਫੋਨ ਨੰਬਰ ਜਾਰੀ ਕੀਤਾ ਜਾਂਦਾ ਹੈ । 18 ਜਨਵਰੀ ਮੁੱਖ ਮੰਤਰੀ ਅਹੁਦੇ ਦੇ ਲਈ ਨਤੀਜਿਆਂ ਦਾ ਐਲਾਨ ਹੁੰਦਾ ਹੈ ਅਤੇ ਕੇਜਰੀਵਾਲ ਭਗਵੰਤ ਮਾਨ ਨੂੰ ਪਾਰਟੀ ਦਾ ਸੀਐੱਮ ਚਹਿਰਾ ਐਲਾਨ ਦੇ ਹਨ ।
3. ਆਪ ਤੋਂ ਬਾਅਦ ਕਾਂਗਰਸ ਵਿੱਚ ਵੀ CM ਦੇ ਚਹਿਰੇ ਨੂੰ ਲੈਕੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ ਰੇਸ ਸ਼ੁਰੂ ਹੋ ਜਾਂਦੀ ਹੈ। ਪਾਰਟੀ ਦੋਵਾਂ ਵਿੱਚੋਂ ਕਿਸੇ ਨੂੰ ਨਹੀਂ ਨਰਾਜ਼ ਨਹੀਂ ਕਰਨਾ ਚਾਉਂਦੀ ਸੀ । ਇਸੇ ਲਈ ਗੇਂਦ ਰਾਹੁਲ ਗਾਂਧੀ ਦੇ ਪਾਲੇ ਵਿੱਚ ਸੁੱਟ ਦਿੱਤੀ ਜਾਂਦੀ ਹੈ । ਰਾਹੁਲ ਗਾਂਧੀ ਵੋਟਿੰਗ ਤੋਂ ਠੀਕ 13 ਦਿਨ ਪਹਿਲਾਂ 7 ਫਰਵਰੀ ਨੂੰ ਸਭ ਤੋਂ ਵੱਡੇ ਦਲਿਤ ਵੋਟ ਬੈਂਕ ਦਾ ਧਿਆਨ ਰੱਖ ਦੇ ਹੋਏ ਚਰਨਜੀਤ ਸਿੰਘ ਚੰਨੀ ਦਾ ਨਾਂ ਸੀਐੱਮ ਅਹੁਦੇ ਦੇ ਲਈ ਅੱਗੇ ਕਰਦੇ ਹਨ ।
4. ਕਾਂਗਰਸ ਤੋਂ ਅਸਤੀਫਾ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਨਾਲ 2022 ਦੀਆਂ ਚੋਣਾਂ ਵਿੱਚ ਬੀਜੇਪੀ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਨਾਲ ਸਮਝੋਤਾ ਕਰਕੇ ਮੈਦਾਨ ਵਿੱਚ ਉੱਤਰ ਦੇ ਹਨ । ਇਸ ਗਠਜੋੜ ਵਿੱਚ ਬੀਜੇਪੀ ਸਭ ਤੋਂ ਵਧ 65 ਸੀਟਾਂ ‘ਤੇ ਚੋਣ ਲੜ ਦੀ ਹੈ। ਪੰਜਾਬ ਲੋਕ ਕਾਂਗਰਸ 37 ਸੀਟਾਂ ‘ਤੇ ਗਠਜੋੜ ਵਿੱਚ ਚੋਣ ਮੈਦਾਨ ਵਿੱਚ ਉਤਰ ਦੀ ਹੈ। ਜਦਕਿ ਬਾਕੀ ਬਚੀਆਂ ਹੋਈਆਂ ਸੀਟਾਂ ‘ਤੇ ਢੀਂਡਸਾ ਦੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਉਮੀਦਵਾਰ ਮੈਦਾਨ ਵਿੱਚ ਉਤਰ ਦੇ ਹਨ ।
5. 2022 ਦੀਆਂ ਚੋਣਾਂ ਦੌਰਾਨ ਭਾਵੇ 117 ਸੀਟਾਂ ਦੇ ਹਰ ਇੱਕ ਪਾਰਟੀ ਦੇ ਉਮੀਦਵਾਰ ਮੈਦਾਨ ‘ਤੇ ਡਟੇ ਸਨ । ਪਰ ਅੰਮ੍ਰਿਤਸਰ ਪੂਰਵੀ ਸੀਟ ਸਭ ‘ਤੇ ਭਾਰੀ ਸੀ । ਇੱਥੇ ਮੁਕਾਬਲਾ ਸੀ ਕਾਂਗਰਸ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਅਤੇ ਆਪ ਦੀ ਉਮੀਦਵਾਰ ਜੀਵਨਜੋਤ ਕੌਰ ਦੇ ਵਿਚਾਲੇ । ਬਿਕਰਮ ਸਿੰਘ ਮਜੀਠੀਆ ਅਤੇ ਸਿੱਧੂ ਵਿਚਾਲੇ ਇੱਕ ਦਹਾਕੇ ਤੋਂ ਚੱਲੀ ਆ ਰਹੀਆਂ ਸਿਆਸੀ ਦੁਸ਼ਮਣੀ ਦਾ ਮੈਦਾਨ ਬਣ ਗਿਆ ਸੀ ਅੰਮ੍ਰਿਤਸਰ ਪੂਰਵੀ ਹਲਕਾ । ਮਜੀਠੀਆ ਨੇ ਇਸ ਦੇ ਲਈ ਆਪਣਾ ਮਜੀਠਾ ਹਲਕਾ ਛੱਡਿਆ ਅਤੇ ਆਪਣੀ ਪਤਨੀ ਗੁਨਵੀਰ ਨੂੰ ਉਥੋਂ ਮੈਦਾਨ ਵਿੱਚ ਉਤਾਰਿਆ । ਲੜਾਈ ਦਿਲਚਸਪ ਬਣ ਚੁੱਕੀ ਸੀ । ਤਗੜੀ ਸਿਆਸੀ ਟੱਕਰ ਹੋਣ ਦੀ ਵਜ੍ਹਾ ਕਰਕੇ ਨਵਜੋਤ ਸਿੰਘ ਸਿੱਧੂ ਆਪਣੇ ਹਲਕੇ ਤੋਂ ਬਾਹਰ ਨਹੀਂ ਨਿਕਲੇ । ਮਜੀਠੀਆ ਨੇ ਵੀ ਅੰਮ੍ਰਿਤਸਰ ਪੂਰਵੀ ਹਲਕੇ ਵਿੱਚ ਡੇਰਾ ਜਮਾਂ ਲਿਆ ਸੀ । ਨਤੀਜਿਆਂ ਵਿੱਚ ਇਹ ਨਜ਼ਰ ਵੀ ਆਇਆ । ਭਾਵੇ ਮਜੀਠੀਆ ਆਪ ਤੀਜੇ ਨੰਬਰ ‘ਤੇ ਰਹੇ ਪਰ ਉਨ੍ਹਾਂ ਨੇ ਸਿੱਧੂ ਨੂੰ ਵੀ ਨਹੀਂ ਜਿੱਤਣ ਦਿੱਤਾ। ਨਤੀਜੇ ਆਏ ਤਾਂ ਆਪ ਦੀ ਉਮੀਦਵਾਰ ਜੀਵਨਜੋਤ ਕੌਰ ਨਵਜੋਤ ਸਿੰਘ ਸਿੱਧੂ ਤੋਂ 6 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤ ਗਈ ।
6. 20 ਫਰਵਰੀ ਨੂੰ ਵੋਟਿੰਗ ਤੋਂ ਬਾਅਦ ਸਿਆਸਤਦਾਨਾਂ ਦੀ ਕਿਸਮਤ ਦਾ ਫੈਸਲਾ EVM ਵਿੱਚ ਬੰਦ ਹੋ ਚੁੱਕਾ ਸੀ । ਜਦੋਂ 20 ਦਿਨ ਬਾਅਦ EVM ਖੁੱਲਿਆ ਤਾਂ ਬਾਜ਼ੀ ਪਲਟ ਚੁੱਕੀ ਸੀ । ਆਮ ਆਦਮੀ ਪਾਰਟੀ ਨੇ 92 ਸੀਟਾਂ ‘ਤੇ ਹੂੰਝਾ ਫੇਰ ਜਿੱਤ ਹਾਸਲ ਕੀਤੀ । ਕਾਂਗਰਸ ਦੇ ਖਾਤੇ ਵਿੱਚ 18 ਅਤੇ ਅਕਾਲੀ ਦਲ ਦੀ ਇਤਿਹਾਸ ਵਿੱਚ ਦੂਜੀ ਸਭ ਤੋਂ ਵੱਡੀ ਹਾਰ ਹੋਈ ਉਨ੍ਹਾਂ ਦੇ 3 ਉਮੀਦਵਾਰ ਵਿਧਾਨਸਭਾ ਪਹੁੰਚੇ। ਬੀਜੇਪੀ ਨੇ 3 ਸੀਟਾਂ ਜਿੱਤਿਆਂ ਅਤੇ ਇੱਕ ‘ਤੇ BSP ਦਾ ਉਮੀਦਵਾਰ ਜਿੱਤ ਹਾਸਲ ਕਰ ਸਕਿਆ । 2 ਸੀਟਾਂ ਤੋਂ ਚੋਣ ਲੜ ਰਹੇ ਕਾਂਗਰਸ ਦਾ ਸੀਐੱਮ ਚਹਿਰਾ ਚਰਨਜੀਤ ਸਿੰਘ ਚੰਨੀ ਭਦੌੜ ਅਤੇ ਚਮਕੌਰ ਸਾਹਿਬ ਦੋਵੇ ਸੀਟ ਹਾਰ ਗਏ । ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਵੀ ਤੋਂ ਹਾਰੇ,ਕਾਂਗਰਸ ਦੇ ਕਈ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ,ਸਾਧੂ ਸਿੰਘ ਧਰਮਸੋਤ,ਵਿਜੇ ਇੰਦਰ ਸਿੰਗਲਾ,ਓਪੀ ਸੋਨੀ ਵੀ ਚੋਣ ਹਾਰ ਗਏ । ਕਾਂਗਰਸ ਦੀ ਮਾਝਾ ਬ੍ਰਿਗੇਡ ਜਿਸ ਵਿੱਚ ਤ੍ਰਿਪਤ ਰਜਿੰਦਰ ਬਾਜਵਾ,ਸੁਖਜਿੰਦਰ ਰੰਧਾਵਾ ਵਰਗੇ ਆਗੂ ਆਪਣੀ ਸੀਟ ਬਚਾਉਣ ਵਿੱਚ ਸਫਲ ਰਹੇ। ਉਧਰ ਮਨੀ ਲਾਂਡਰਿੰਗ ਮਾਮਲੇ ਵਿੱਚ ਤਿੰਨ ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ 28 ਜਨਵਰੀ ਨੂੰ ਜ਼ਮਾਨਤ ‘ਤੇ ਰਿਹਾ ਹੋਏ ਸੁਖਪਾਲ ਖਹਿਰਾ ਵੀ ਤੀਜੀ ਵਾਰ ਭੁੱਲਥ ਤੋਂ ਕਾਂਗਰਸ ਦੀ ਟਿਕਟ ਤੇ ਜਿੱਤ ਗਏ । ਉਧਰ ਅਕਾਲੀ ਦਲ ਦੇ ਸਰਪਰਸਤ ਮੰਨੇ ਜਾਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ ਤਕਰੀਬਨ 3 ਦਹਾਕੇ ਬਾਅਦ ਲੰਬੀ ਹਲਕੇ ਤੋਂ ਚੋਣ ਹਾਰੀ,ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਸਮੇਤ ਸਾਰੇ ਦਿੱਗਜ ਅਕਾਲੀਆਂ ਦਾ ਚੋਣਾਂ ਵਿੱਚ ਸਫਾਇਆ ਹੋ ਗਿਆ । ਉਧਰ ਆਮ ਆਦਮੀ ਪਾਰਟੀ ਦੇ ਉਨ੍ਹਾਂ ਉਮੀਦਵਾਰਾਂ ਨੇ ਦਿੱਗਜਾਂ ਨੂੰ ਹਰਾਇਆ ਜਿੰਨਾਂ ਨੇ ਪਹਿਲੀ ਵਾਰ ਸਿਆਸਤ ਵਿੱਚ ਕਦਮ ਰੱਖਿਆ ਸੀ ।
7. 10 ਮਾਰਚ ਨੂੰ ਨਤੀਜੀਆਂ ਤੋਂ ਬਾਅਦ ਹੁਣ ਸਰਕਾਰ ਬਣਾਉਣ ਦੀ ਕਵਾਇਦ ਸ਼ੁਰੂ ਹੋ ਗਈ ਸੀ । ਭਗਵੰਤ ਮਾਨ ਨੇ ਸਭ ਤੋਂ ਪਹਿਲਾਂ 16 ਮਾਰਚ ਸ਼ਹੀਦ ਭਗਤ ਸਿੰਘ ਦੇ ਇਤਿਹਾਸਕ ਸਥਾਨ ਖਟਕੜਕਲਾਂ ਵਿੱਚ ਇਕੱਲੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਇਸ ਸਮਾਗਮ ਵਿੱਚ ਪੂਰੇ ਪੰਜਾਬ ਨੂੰ ਸੱਦਾ ਦਿੱਤਾ ਗਿਆ ਸੀ । ਤਿੰਨ ਦਿਨ ਬਾਅਦ ਮਾਨ ਕੈਬਨਿਟ ਦੇ 10 ਮੰਤਰੀਆਂ ਨੇ ਅਹੁਦੇ ਦੀ ਸਹੁੰ ਚੁੱਕੀ ਇਸ ਵਿੱਚ ਇੱਕ ਮਹਿਲਾ ਮੰਤਰੀ ਨੂੰ ਸ਼ਾਮਲ ਕੀਤਾ ਗਿਆ ਸੀ। ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਵਾਲੇ ਵਿਧਾਇਕਾਂ ਦੇ ਜਦੋਂ ਨਾਂ ਸਾਹਮਣੇ ਆਏ ਤਾਂ ਹਰ ਕੋਈ ਹੈਰਾਨ ਸੀ । ਆਗੂ ਵਿਰੋਧੀ ਧਿਰ ਰਹੇ ਹਰਪਾਲ ਸਿੰਘ ਚੀਮਾ ਅਤੇ ਮੀਤ ਹੇਅਰ ਨੂੰ ਛੱਡ ਕੇ ਕਿਸੇ ਵੀ ਪੁਰਾਣੇ ਵਿਧਾਇਕ ਨੂੰ ਮੰਤਰੀ ਮੰਡਰ ਵਿੱਚ ਥਾਂ ਨਹੀਂ ਦਿੱਤੀ ਗਈ ਸੀ। ਮੰਤਰੀ ਮੰਡਲ ਵਿੱਚ ਸ਼ਾਮਲ 8 ਵਿਧਾਇਕ ਪਹਿਲੀ ਵਾਰ ਚੋਣ ਜਿੱਤ ਕੇ ਆਏ ਸਨ । ਅਮਨ ਅਰੋੜਾ,ਬਲਜਿੰਦਰ ਕੌਰ,ਸਰਬਜੀਤ ਕੌਰ ਮਾਣੂਕੇ ਨੂੰ ਮੰਤਰੀ ਮੰਡਲ ਵਿੱਚ ਥਾਂ ਨਹੀਂ ਸੀ । ਇਸ ਤੋਂ ਇਲਾਵਾ ਕੁਲਤਾਰ ਸੰਧਵਾਂ ਨੂੰ ਸਪੀਕਰ ਦੇ ਅਹੁਦੇ ਲਈ ਚੁਣਿਆ ਗਿਆ ਜਦਕਿ ਉਨ੍ਹਾਂ ਨੂੰ ਵੀ ਕੈਬਨਿਟ ਮੰਤਰੀ ਦੀ ਰੇਸ ਵਿੱਚ ਮੰਨਿਆ ਜਾ ਰਿਹਾ ਸੀ ।
8. ਸੀਐੱਮ ਮਾਨ ਨੇ ਸੱਤਾ ਸੰਭਾਲ ਦੇ ਹੀ ਸਭ ਤੋਂ ਪਹਿਲਾਂ ਵੱਡਾ ਫੈਸਲਾ ਭ੍ਰਿਸ਼ਟਾਚਾਰ ਨੂੰ ਲੈਕੇ ਲਿਆ ਉਨ੍ਹਾਂ ਨੇ 23 ਮਾਰਚ ਤੋਂ ਐਂਟੀ ਕਰੱਪਸ਼ਨ ਹੈੱਲਪ ਲਾਈਨ ਦੀ ਸ਼ੁਰੂਆਤ ਕੀਤੀ। ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਸਰਕਾਰ ਵੱਲੋਂ ਜਾਰੀ ਹੈੱਲਪਲਾਈ ਨੰਬਰ ‘ਤੇ ਵੀਡੀਓ ਜਾਂ ਫਿਰ ਆਡੀਓ ਮੈਸੇਜ ਭੇਜ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਅਧਿਕਾਰੀ ਉਸ ਦੀ ਜਾਂਚ ਤੋਂ ਬਾਅਦ ਕਾਰਵਾਈ ਕਰਨਗੇ। ਇਸ ਹੈੱਲਪ ਲਾਈਨ ‘ਤੇ ਹੁਣ ਤੱਕ ਲੱਖਾਂ ਲੋਕ ਫੋਨ ਕਰਕੇ ਸ਼ਿਕਾਇਤ ਕਰ ਚੁੱਕੇ ਹਨ ਅਤੇ ਕਈ ਭ੍ਰਿਸ਼ਟਾਚਾਰੀਆਂ ਦੇ ਖਿਲਾਫ ਨਕੇਲ ਕੱਸੀ ਜਾ ਚੁੱਕੀ ਹੈ । ਇਸ ਦੇ ਨਾਲ ਮਾਨ ਸਰਕਾਰ ਨੇ ਫੈਸਲਾ ਲਿਆ ਕਿ ਸਰਕਾਰੀ ਦਫਤਰਾਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਡਰ ਦੀ ਫੋਟੇ ਲੱਗੇਗੀ ਮੁੱਖ ਮੰਤਰੀ ਜਾਂ ਫਿਰ ਕਿਸੇ ਹੋਰ ਆਗੂ ਦੀ ਫੋਟੋ ਨਹੀਂ ਲੱਗੇਗੀ । ਇਸ ਤੋਂ ਇਲਾਵਾ ਮਾਨ ਸਰਕਾਰ ਨੇ ਵਿਧਾਇਕਾਂ ਦੀ 1 ਤੋਂ ਵਧ ਪੈਨਸ਼ਨ ਨੂੰ ਬੰਦ ਕਰ ਦਿੱਤਾ ਗਿਆ । ਇਸ ਤੋਂ ਪਹਿਲਾਂ ਕਈ ਵਿਧਾਇਕਾਂ ਨੂੰ ਪੰਜ-ਪੰਜ ਪੈਨਸ਼ਨਾਂ ਮਿਲ ਰਹੀਆਂ ਸਨ । 26 ਅਪ੍ਰੈਲ ਨੂੰ ਪੰਜਾਬ ਅਤੇ ਦਿੱਲੀ ਸਰਕਾਰ ਵਿੱਚ ਇੱਕ ਨਾਲੇਜ ਐਗਰੀਮੈਂਟ ‘ਤੇ ਹਸਤਾਖਰ ਹੋਏ,ਇਸ ਦਾ ਮਕਸਦ ਸੀ ਕਿ ਦਿੱਲੀ ਸਰਕਾਰ ਪੰਜਾਬ ਸਰਕਾਰ ਦੇ ਅਧਿਕਾਰਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਲਿਆਉਣ ਵਿੱਚ ਮਦਦ ਕਰੇਗੀ, ਇਸ ਤੇ ਵਿਰੋਧੀਆਂ ਨੇ ਮਾਨ ਸਰਕਾਰ ਨੂੰ ਘੇਰਿਆ ਕਿ ਦਿੱਲ਼ੀ ਤੋਂ ਕੇਜਰੀਵਾਲ ਸਰਕਾਰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ।
9. ਭ੍ਰਿਸ਼ਟਾਚਾਰ ਖਿਲਾਫ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਐਂਟਰੀ ਕਰੱਪਸ਼ਨ ਹੈਲਪ ਲਾਈਨ ਦਾ ਸ਼ਿਕਾਰ ਸਭ ਤੋਂ ਪਹਿਲਾਂ ਉਨ੍ਹਾਂ ਦਾ ਆਪਣਾ ਆਗੂ ਹੋਇਆ । 24 ਮਈ ਨੂੰ ਮਾਨ ਸਰਕਾਰ ਵਿੱਚ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਵਿਜੀਲੈਂਸ ਨੇ ਗਿਰਫ਼ਤਾਰ ਕਰ ਲਿਆ । ਦੱਸਿਆ ਗਿਆ ਇਹ ਕਾਰਵਾਈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤੀ ਗਈ ਸੀ। ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਵਿਜੇ ਸਿੰਗਲਾ ਨੇ ਦਵਾਈਆਂ ਨੂੰ ਲੈਕੇ ਕਮਿਸ਼ਨ ਦੀ ਡੀਲ ਕੀਤੀ ਸੀ । ਸੀਐੱਮ ਨੇ ਆਪ ਦਾਅਵਾ ਕੀਤਾ ਸੀ ਕਿ ਵਿਜੇ ਸਿੰਗਲਾ ਨੇ ਆਪਣਾ ਜੁਰਮ ਵੀ ਉਨ੍ਹਾਂ ਦੇ ਸਾਹਮਣੇ ਕਬੂਲੀਆਂ ਸੀ । ਜਿਸ ਤੋਂ ਬਾਅਦ ਹੀ ਵਿਜੀਲੈਂਸ ਨੇ ਉਨ੍ਹਾਂ ਨੂੰ ਗਿਰਫ਼ਤਾਰ ਕੀਤਾ । ਹਾਲਾਂਕਿ 3 ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਹਾਈਕੋਰਟ ਤੋਂ ਵਿਜੇ ਸਿੰਗਲਾ ਨੂੰ ਜ਼ਮਾਨਤ ਮਿਲ ਗਈ ।
10. 25 ਮਾਰਚ ਨੂੰ ਪੰਜਾਬ ਦੀਆਂ ਖਾਲੀ ਹੋਇਆ 5 ਰਾਜਸਭਾ ਸੀਟਾਂ ‘ਤੇ ਆਮ ਆਦਮੀ ਪਾਰਟੀ ਦੇ 5 ਉਮੀਦਵਾਰਾਂ ਦੀ ਬਿਨਾਂ ਚੋਣ ਜਿੱਤ ਹੋ ਗਈ,ਵਿਰੋਧੀ ਧਿਰ ਨੇ ਕੋਈ ਵੀ ਉਮੀਦਵਾਰ ਨਹੀਂ ਖੜਾ ਕੀਤਾ ਸੀ। ਜਿਹੜੇ ਉਮੀਦਵਾਰ ਰਾਜਸਭਾ ਪਹੁੰਚੇ ਉਨ੍ਹਾਂ ਵਿੱਚ ਵੱਡਾ ਨਾਂ ਸੀ ਰਾਘਵ ਚੱਢਾ ਦਾ,ਇਸ ਤੋਂ ਇਲਾਵਾ ਸੰਦੀਪ ਪਾਠਕ,ਅਸ਼ੋਕ ਮਿੱਤਲ,ਸੰਜੀਪ ਅਰੋੜਾ ਅਤੇ ਕ੍ਰਿਕਟਰ ਹਰਭਜਨ ਸਿੰਘ ਵੀ ਰਾਜਸਭਾ ਲਈ ਚੁਣੇ ਗਏ। 3 ਮਹੀਨੇ ਬਾਅਦ ਰਾਜਸਭਾ ਦੀਆਂ 2 ਹੋਰ ਸੀਟਾਂ ਵੀ ਆਪ ਦੇ ਖਾਤੇ ਵਿੱਚ ਗਈਆਂ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਸਨਤਕਾਰ ਵਿਕਰਮ ਸਿੰਘ ਸਾਹਨੀ ਵੀ ਆਪ ਦੀ ਟਿਕਟ ‘ਤੇ ਰਾਜਸਭਾ ਪਹੁੰਚ ਗਏ । ਪੰਜਾਬੀਆਂ ਨੂੰ ਉਮੀਦਵਾਰੀ ਨਾ ਮਿਲਣ ਦੀ ਵਜ੍ਹਾ ਕਰਕੇ ਵਿਰੋਧੀ ਧਿਰ ਨੇ ਸਰਕਾਰ ਨੂੰ ਕਾਫੀ ਘੇਰਿਆ ਸੀ ।
11. ਉਧਰ ਚੋਣਾਂ ਵਿੱਚ ਹਾਰ ਤੋਂ ਬਾਅਦ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਪਾਰਟੀ ਨੇ ਅਸਤੀਫਾ ਮੰਗ ਲਿਆ ਅਤੇ 10 ਅਪ੍ਰੈਲ ਨੂੰ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਸੂਬਾ ਪ੍ਰਧਾਨ ਬਣਾ ਦਿੱਤਾ । ਵੜਿੰਗ ਦੇ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਵੱਖ-ਵੱਖ ਕਾਂਗਰਸੀ ਆਗੂਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਚੁਣੌਤੀ ਦਿੱਤੀ । ਮਈ ਵਿੱਚ ਸੁਪਰੀਮ ਕੋਰਟ ਨੇ ਸਿੱਧੂ ਦੇ ਤਿੰਨ ਦਹਾਕੇ ਪੁਰਾਣੇ ਮਾਮਲੇ ਵਿੱਚ ਉਨ੍ਹਾਂ ਨੂੰ 1 ਸਾਲ ਦੀ ਸਜ਼ਾ ਸੁਣਾਈ 20 ਮਈ ਨੂੰ ਸਿੱਧੂ ਨੇ ਸਰੰਡਰ ਕਰ ਦਿੱਤਾ ਅਤੇ ਉਹ ਪਟਿਆਲਾ ਜੇਲ੍ਹ ਪਹੁੰਚ ਗਏ । ਉਧਰ ਵਿਧਾਨਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਸੁਨੀਲ ਜਾਖੜ ਵੀ ਖੁੱਲ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਨੂੰ ਲੈਕੇ ਬੋਲਣ ਲੱਗੇ, ਪਾਰਟੀ ਨੇ ਅਨੁਸ਼ਾਸਨਿਕ ਕਾਰਵਾਈ ਦਾ ਨੋਟਿਸ ਭੇਜਿਆ ਤਾਂ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਅਸਤੀਫਾ ਦੇ ਦਿੱਤਾ । 19 ਮਈ ਨੂੰ ਸੁਨੀਲ ਜਾਖੜ ਬੀਜੇਪੀ ਵਿੱਚ ਸ਼ਾਮਲ ਹੋ ਗਏ । ਉਸ ਤੋਂ ਬਾਅਦ ਬਲਬੀਰ ਸਿੰਘ ਸਿੱਧੂ,ਸੁੰਦਰ ਸ਼ਾਮ ਅਰੋੜਾ,ਰਾਜਕੁਮਾਰ ਵੇਰਕਾ,ਕੇਵਲ ਸਿੰਘ ਢਿੱਲੋਂ ਸਮੇਤ ਪਾਰਟੀ ਦੇ ਕਈ ਸਾਬਕਾ ਵਿਧਾਇਕ ਬੀਜੇਪੀ ਵਿੱਚ ਸ਼ਾਮਲ ਹੋਏ । ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ 19 ਸਤੰਬਰ ਨੂੰ ਆਪਣੀ ਪਾਰਟੀ ਦਾ ਬੀਜੇਪੀ ਵਿੱਚ ਰਲੇਵਾ ਕਰ ਦਿੱਤਾ ਅਤੇ ਉਹ ਵੀ ਬੀਜੇਪੀ ਵਿੱਚ ਸ਼ਾਮਲ ਹੋ ਗਏ । ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਬੀਜੇਪੀ ਨੇ ਕੌਮੀ ਕਾਰਜਕਾਰਨੀ ਦਾ ਮੈਂਬਰ ਬਣਾਇਆ ਹੈ ।
12. 28 ਮਈ ਨੂੰ ਭਗਵੰਤ ਮਾਨ ਸਰਕਾਰ ਮੁੜ ਤੋਂ ਵਿਵਾਦਾਂ ਵਿੱਚ ਘਿਰ ਗਈ ਜਦੋਂ ਉਨ੍ਹਾਂ ਦੀ ਪਾਰਟੀ ਵੱਲੋਂ ਸਿਆਸੀਆਂ ਆਗੂਆਂ ਦੇ ਨਾਲ VIP ਲੋਕਾਂ ਦੀ ਸੁਰੱਖਿਆ ਘੱਟ ਕਰਨ ਦੀ ਲਿਸਟ ਜਨਤਕ ਕੀਤੀ ਗਈ। ਇਸ ਦੇ ਅਗਲੇ ਦਿਨ ਹੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋ ਜਾਂਦਾ ਹੈ। ਇਸ ਦੇ ਪਿੱਛੇ ਕਾਰਨ ਮੂਸੇਵਾਲਾ ਦੀ ਸੁਰੱਖਿਆ ਘੱਟ ਕਰਨ ਦੀ ਰਿਪੋਰਟ ਨੂੰ ਜਨਤਕ ਕਰਨਾ ਮੰਨਿਆ ਜਾਂਦਾ ਹੈ। ਵਿਰੋਧੀ ਧਿਰ ਇਸ ਮੁੱਦੇ ‘ਤੇ ਸਰਕਾਰ ਨੂੰ ਘੇਰ ਦੇ ਹਨ ਅਤੇ ਜਵਾਬ ਪੁੱਛਿਆ ਜਾਂਦਾ ਹੈ ਕਿ ਆਖਿਰ ਕਿਵੇਂ ਉਨ੍ਹਾਂ ਵੱਲੋਂ ਰਿਪੋਰਟ ਜਨਤਕ ਕੀਤੀ ਗਈ । ਹਾਈਕੋਰਟ ਵੀ ਪੰਜਾਬ ਸਰਕਾਰ ਤੋਂ ਇਸ ਮੁਤਲਕ ਜਵਾਬ ਤਲਬ ਕਰਦਾ ਹੈ। ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲਾ ਗੋਲਡੀ ਬਰਾੜ ਵੀ ਇਸ ਦੀ ਤਸਦੀਕ ਕਰਦਾ ਹੈ ਕਿ ਜਦੋਂ ਉਨ੍ਹਾਂ ਨੂੰ 28 ਮਈ ਨੂੰ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘੱਟ ਹੋਣ ਦੀ ਜਾਣਕਾਰੀ ਮਿਲੀ ਤਾਂ ਹੀ ਉਨ੍ਹਾਂ ਨੇ ਮੂਸੇਵਾਲਾ ਨੂੰ ਮਾਰਨ ਦਾ ਅਗਲੇ ਦਿਨ ਹੀ ਪਲਾਨ ਬਣਾਇਆ ਸੀ ।
13. ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸੰਗਰੂਰ ਲੋਕਸਭਾ ਸੀਟ ਖਾਲੀ ਹੋ ਚੁੱਕੀ ਸੀ । ਇਸ ਸੀਟ ‘ਤੇ ਜ਼ਿਮਨੀ ਚੋਣ ਕਰਵਾਉਣ ਦੇ ਲਈ ਚੋਣ ਕਮਿਸ਼ਨ 26 ਜੂਨ ਦੀ ਤਰੀਕ ਤੈਅ ਕਰਦਾ ਹੈ। ਸੰਗਰੂਰ ਜ਼ਿਮਨੀ ਚੋਣ ਮਾਨ ਸਰਕਾਰ ਦਾ ਪਹਿਲਾਂ ਟੈਸਟ ਸੀ । ਪਰ ਸਿੱਧੂ ਮੂਸੇਵਾਲਾ ਦੇ ਕਤਲ ਨੇ ਪੂਰੀ ਬਾਜ਼ੀ ਹੀ ਪਲਟ ਦਿੱਤੀ ਸੀ । ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਆਪਣੀ ਦਾਅਵੇਦਾਰੀ ਠੋਕ ਦੇ ਹੋਏ ਮੈਦਾਨ ਵਿੱਚ ਉਤਰੇ,ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਨ੍ਹਾਂ ਨੂੰ ਰਾਜੋਆਣਾ ਦੀ ਭੈਣ ਦੇ ਹੱਕ ਵਿੱਚ ਚੋਣ ਨਾ ਲੜਨ ਦੀ ਅਪੀਲ ਕਰਦੇ ਰਹੇ ਪਰ ਉਹ ਨਹੀਂ ਮੰਨੇ । ਉਧਰ ਆਮ ਆਦਮੀ ਪਾਰਟੀ ਨੇ ਨਵਾਂ ਉਮੀਦਵਾਰ ਗੁਰਮੇਲ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਤਾਂ ਕਾਂਗਰਸ ਨੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੇ ਨਾਂ ਤੇ ਦਾਅ ਖੇਡਿਆ,ਬੀਜੇਪੀ ਨੇ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਦਿੱਤੀ । 26 ਜੂਨ ਦੇ ਨਤੀਜਿਆਂ ਨੇ ਆਮ ਆਦਮੀ ਪਾਰਟੀ ਹੋਸ਼ ਉੱਡਾ ਦਿੱਤੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ 5822 ਵੋਟਾਂ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ ਜਿੱਤ ਗਏ । ਕਾਂਗਰਸ ਤੀਜੇ,ਬੀਜੇਪੀ ਚੌਥੇ ਅਤੇ ਅਕਾਲੀ ਦਲ ਦੀ ਉਮੀਦਵਾਰ 5ਵੇਂ ਨੰਬਰ ‘ਤੇ ਰਹੀ।
14. ਸੰਗਰੂਰ ਜ਼ਿਮਨੀ ਚੋਣ ਨਤੀਜੀਆਂ ਤੋਂ ਅਗਲੇ ਦਿਨ 27 ਜੂਨ ਨੂੰ ਮਾਨ ਸਰਕਾਰ ਨੇ ਆਪਣਾ ਪਹਿਲਾਂ ਬਜਟ ਪੇਸ਼ ਕੀਤਾ । ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਆਪਣਾ ਪਹਿਲਾਂ ਬਜਟ ਪੇਸ਼ ਕਰਦੇ ਹੋਏ ਸਿੱਖਿਆ ਅਤੇ ਸਿਹਤ ਸੁਵਿਧਾਵਾਂ ‘ਤੇ ਫੋਕਸ ਰੱਖਿਆ। ਸਿਹਤ ਬਜਟ ਵਿੱਚ 24 ਫੀਸਦੀ ਦਾ ਵਾਧਾ ਕੀਤਾ ਗਿਆ ਜਦਕਿ ਸਿੱਖਿਆ ਵਿੱਚ 16 ਫੀਸਦੀ ਵਾਧੇ ਦਾ ਐਲਾਨ ਕੀਤਾ ਗਿਆ । ਇਸ ਤੋਂ ਇਲਾਵਾ ਮੂੰਗ ਨੂੰ MSP ‘ਤੇ ਖਰੀਦਣ ਦਾ ਬਜਟ ਵਿੱਚ ਐਲਾਨ ਕੀਤਾ ਗਿਆ । 1 ਜੁਲਾਈ ਤੋਂ 300 ਯੂਨਿਟ ਫ੍ਰੀ ਬਿਜਲੀ ਦੇਣ ਅਤੇ ਅਗਲੇ 5 ਸਾਲਾਂ ਵਿੱਚ ਸੂਬੇ ਵਿੱਚ 20 ਤੋਂ ਵੱਧ ਯੂਨੀਵਰਸਿਟੀਆਂ ਬਣਾਉਣ ਵਰਗੇ ਵੱਡੇ ਵਾਅਦੇ ਕੀਤੇ ਗਏ । ਪਰ ਮੂੰਗ ‘ਤੇ ਪੂਰੀ ਤਰ੍ਹਾਂ MSP ਦੇਣ ਵਿੱਚ ਅਸਫਲ ਰਹੀ ਸਰਕਾਰ ਨੂੰ ਵਿਰੋਧੀਆਂ ਨੇ ਘੇਰਿਆ।
15. ਮਾਨ ਸਰਕਾਰ ਦੇ ਇਸ਼ਤਿਆਰ ਵੀ ਚਰਚਾ ਵਿੱਚ ਰਹੇ । ਕਾਂਗਰਸ,ਅਕਾਲੀ ਦਲ ਅਤੇ ਬੀਜੇਪੀ ਨੇ ਇਲਜ਼ਾਮ ਲਗਾਏ ਕਿ ਮਾਨ ਸਰਕਾਰ ਉਨ੍ਹਾਂ ਸੂਬਿਆਂ ਵਿੱਚ ਇਸ਼ਤਿਆਰ ਦੇ ਰਹੀ ਸੀ ਜਿੱਥੇ ਪਾਰਟੀ ਨੇ ਚੋਣ ਲੜਨੀ ਹੈ। RTI ਦੇ ਜ਼ਰੀਏ ਸਾਹਮਣੇ ਵੀ ਆਇਆ ਕਿ ਕਿਸ ਤਰ੍ਹਾਂ ਪਹਿਲੇ ਮਹੀਨੇ ਤੋਂ ਹੀ ਮਾਨ ਸਰਕਾਰ ਨੇ ਕਰੋੜਾ ਰੁਪਏ ਇਸ਼ਤਿਆਰਾਂ ‘ਤੇ ਖਰਚ ਕੀਤੇ । ਵਿਰੋਧੀ ਧਿਰ ਦੇ ਇਲਜ਼ਾਮਾਂ ਦੇ ਬਾਵਜੂਦ ਮਾਨ ਸਰਕਾਰ ਇਸ ‘ਤੇ ਚੁੱਪ ਰਹੀ ।
16. ਭਗਵੰਤ ਮਾਨ ਸਰਕਾਰ ਨੇ ਸਭ ਤੋਂ ਪਹਿਲਾਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਵਿਰੋਧੀ ਖੇਮੇ ਤੋਂ ਸਾਬਕਾ ਕੈਬਨਿਟ ਮੰਤਰੀ ਧਰਮਸੋਤ ‘ਤੇ ਹੱਥ ਪਾਇਆ,ਤੜਕੇ 4 ਵਜੇ ਧਰਮਸੋਤ ਨੂੰ ਵਿਜੀਲੈਂਸ ਨੇ ਜੰਗਲਾਤ ਮੰਤਰੀ ਰਹਿੰਦੇ ਹੋਏ ਦਰਖੱਤਾਂ ਵਿੱਚ ਕਮਿਸ਼ਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ । 3 ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਧਰਮਸੋਤ ਬਾਹਰ ਹਨ ਉਸ ਤੋਂ ਬਾਅਦ ਸੰਗਤ ਸਿੰਘ ਗਿਲਜੀਆਂ ਨੇ ਹਾਈਕੋਰਟ ਤੋਂ ਅਗਾਊ ਜ਼ਮਾਨਤ ਲਈ ਤਾਂ 22 ਅਗਸਤ ਨੂੰ ਫੂਡ ਘੁਟਾਲੇ ਵਿੱਚ ਭਾਰਤ ਭੂਸ਼ਣ ਆਸ਼ੂ ਨੂੰ ਸੈਲੂਨ ਦੀ ਦੁਕਾਨ ਤੋਂ ਗ੍ਰਿਫਤਾਰ ਕਰ ਲਿਆ ਗਿਆ ਉਹ ਹੁਣ ਵੀ ਜੇਲ੍ਹ ਵਿੱਚ ਹਨ। 16 ਸਤੰਬਰ ਨੂੰ ਪਾਲਾ ਬਦਲ ਕੇ ਬੀਜੇਪੀ ਵਿੱਚ ਗਏ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਵਿਜੀਲੈਂਸ ਨੇ ਰੰਗੇ ਹੱਥੀ 50 ਲੱਖ ਦੀ ਰਿਸ਼ਵਤ ਦੇਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ। ਉਹ ਵਿਜੀਲੈਂਸ ਦੇ ਅਧਿਕਾਰੀ ਨੂੰ ਆਪਣਾ ਪੁਰਾਣਾ ਮਾਮਲਾ ਰਫਾਦਫਾ ਕਰਨ ਦੇ ਲਈ ਰਿਸ਼ਵਤ ਦੇ ਰਹੇ ਸਨ । ਇਸ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਕੇਂਦਰ ਸਰਕਾਰ ਨੇ ਮਾਇਨਿੰਗ ਮਾਮਲੇ ਵਿੱਚ ਸ਼ਿਕੰਜਾ ਕਸਿਆ ਅਤੇ 13 ਅਪ੍ਰੈਲ ਨੂੰ ਖਬਰ ਆਈ ਦੀ ਉਨ੍ਹਾਂ ਤੋਂ ED ਨੇ ਪੁੱਛ-ਗਿੱਛ ਕੀਤੀ ਹੈ। ਇਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਵਿਦੇਸ਼ ਇਲਾਜ ਕਰਵਾਉਣ ਦੇ ਲਈ ਚੱਲੇ ਗਏ। 6 ਮਹੀਨੇ ਬਾਅਦ ਉਹ ਮੁੜ ਤੋਂ ਪੰਜਾਬ ਪਰਤੇ ਹਨ । ਹਾਲਾਂਕਿ ਮਾਨ ਸਰਕਾਰ ਦੇ ਮੰਤਰੀ ਫੌਜਾ ਸਿੰਘ ਸਲਾਰੀ ਦਾ 12 ਸਤੰਬਰ ਨੂੰ ਇੱਕ ਕਥਿਤ ਆਡੀਓ ਸਾਹਮਣੇ ਆਇਆ ਸੀ ਜਿਸ ਵਿੱਚ ਉਹ ਆਪਣੇ ਖਾਸ ਬੰਦੇ ਤੋਂ ਰਿਸ਼ਵਤ ਦੀ ਗੱਲ ਕਰ ਰਹੇ ਸਨ । ਵਿਰੋਧੀ ਕਾਰਵਾਈ ਦੀ ਮੰਗ ਕਰ ਰਹੇ ਪਰ ਉਨ੍ਹਾਂ ਖਿਲਾਫ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ।
17. 4 ਜੁਲਾਈ ਨੂੰ ਮਾਨ ਸਰਕਾਰ ਦਾ ਪਹਿਲਾਂ ਕੈਬਨਿਟ ਵਿਸਥਾਰ ਹੋਇਆ,5 ਕੈਬਨਿਟ ਮੰਤਰੀਆਂ ਨੂੰ ਥਾਂ ਮਿਲੀ ਜਿਸ ਵਿੱਚ ਫੌਜਾ ਸਿੰਘ ਸਰਾਰੀ,ਚੇਤਨ ਸਿੰਘ ਜੋੜਾਮਾਜਰਾ,ਗਗਨ ਅਨਮੋਲ ਮਾਨ,ਇੰਦਰਬੀਰ ਸਿੰਘ ਨਿੱਜਰ,ਅਮਨ ਅਰੋੜਾ ਨੂੰ ਸ਼ਾਮਲ ਕੀਤਾ ਗਿਆ । ਕੈਬਨਿਟ ਵਿਸਥਾਰ ਤੋਂ ਬਾਅਦ ਮਾਨ ਕੈਬਨਿਟ ਵਿੱਚ ਮੰਤਰੀ ਦੀ ਗਿਣਤੀ ਵਧ ਕੇ 14 ਹੋ ਗਈ ਹੁਣ ਵੀ 3 ਮੰਤਰੀਆਂ ਦੇ ਅਹੁਦੇ ਖਾਲੀ ਹਨ। ਚਰਚਾਵਾਂ ਹਨ ਕਿ ਜਲਦ ਹੀ ਮਾਨ ਸਰਕਾਰ ਦੂਜਾ ਕੈਬਨਿਟ ਵਿਸਥਾਰ ਕਰਨ ਜਾ ਰਹੀ ਹੈ ।
18. ਮਾਨ ਸਰਕਾਰ ਦੀ ਯੂਨੀਵਰਸਿਟੀਆਂ ਦੇ ਵੀਸੀ ਨੂੰ ਲੈਕੇ ਵੀ ਕਾਫੀ ਵਿਵਾਦ ਰਿਹਾ, ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਦੇ ਵੀਸੀ ਡਾਕਟਰ ਰਾਜ ਬਹਾਦੁਰ ਨਾਲ ਮਾੜੇ ਵਤੀਰੇ ਤੋਂ ਬਾਅਦ ਉਨ੍ਹਾਂ ਨੇ ਵੀਸੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ । ਇਸ ਨੂੰ ਲੈਕੇ ਪੰਜਾਬ ਦੀ ਸਿਆਸਤ ਕਾਫੀ ਗਰਮਾਈ ਅਤੇ ਵਿਰੋਧੀ ਧਿਰ ਨੇ ਜੋੜਾਮਾਜਰਾ ਦਾ ਅਸਤੀਫਾ ਮੰਗਿਆ ।ਇਸ ਤੋਂ ਬਾਅਦ ਬਾਬਾ ਫਰੀਦ ਯੂਨੀਵਰਸਿਟੀ ਦੇ ਨਵੇਂ ਵੀਸੀ ਨੂੰ ਲੈਕੇ ਰਾਜਪਾਲ ਦੇ ਨਾਲ ਮਾਨ ਸਰਕਾਰ ਆਹਮੋ ਸਾਹਮਣੇ ਹੋ ਗਈ । ਗਵਰਨਰ ਨੇ ਮਾਨ ਸਰਕਾਰ ਵੱਲੋਂ ਭੇਜੇ ਗਏ ਵੀਸੀ ਦੇ ਨਾਂ ਨੂੰ ਖਾਰਜ ਕਰ ਦਿੱਤਾ ਅਤੇ ਤਿੰਨ ਮੈਂਬਰਾਂ ਦਾ ਪੈਨਲ ਮੰਗਿਆ ਇਸ ਤੋਂ ਬਾਅਦ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਵੀਸੀ ਨੂੰ ਲੈਕੇ ਵੀ ਵਿਵਾਦ ਹੋਇਆ। ਰਾਜਪਾਲ ਨੇ ਮਾਨ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਵੀਸੀ ਦੀ ਨਿਯੁਕਤੀ ਨੂੰ ਰੱਦ ਕਰਦੇ ਹੋਏ 3 ਨਾਵਾਂ ਦਾ ਨਵਾਂ ਪੈਨਲ ਭੇਜਣ ਦੀ ਹਦਾਇਤਾਂ ਜਾਰੀ ਕੀਤੀਆਂ, ਇਸ ਤੋਂ ਬਾਅਦ ਮਾਨ ਸਰਕਾਰ ਦੇ ਨਾਲ ਰਾਜਪਾਲ ਦਾ ਇੱਕ ਹੋਰ ਵਿਵਾਦ ਚਰਚਾ ਵਿੱਚ ਰਿਹਾ, ਪੰਜਾਬ ਸਰਕਾਰ ਨੇ ਬਹੁਤ ਸਾਬਿਤ ਕਰਨ ਦੇ ਲਈ ਵਿਧਾਨਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਜਿਸ ਨੂੰ ਰਾਜਪਾਲ ਨੇ ਇਹ ਕਹਿਕੇ ਖਾਰਜ ਕਰ ਦਿੱਤਾ ਇਸ ਦੀ ਜ਼ਰੂਰਤ ਨਹੀਂ ਹੈ ।
19. 2022 ਦੀਆਂ ਚੋਣਾਂ ਹਾਰਨ ਤੋਂ ਬਾਅਦ ਇੱਕ ਵਾਰ ਮੁੜ ਤੋਂ ਅਕਾਲੀ ਦਲ ਵਿੱਚ ਸੁਖਬੀਰ ਬਾਦਲ ਦੇ ਖਿਲਾਫ਼ ਬਾਗੀ ਅਵਾਜ਼ਾ ਸੁਣਨ ਨੂੰ ਮਿਲਿਆ। ਸਭ ਤੋਂ ਪਹਿਲਾਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਝੂੰਦਾਂ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਮੰਗ ਕੀਤੀ ਜੋ ਕਿ ਸੁਖਬੀਰ ਸਿੰਘ ਬਾਦਲ ਨੇ ਚੋਣਾਂ ਹਾਰਤ ਤੋਂ ਬਾਅਦ ਪਰਚੋਲ ਲਈ ਬਣਾਈ ਸੀ। ਇਸ ਤੋਂ ਬਾਅਦ ਜਗਮੀਤ ਸਿੰਘ ਬਰਾੜ ਨੇ ਵੀ ਰਿਪੋਰਟ ਲਾਗੂ ਕਰਨ ਦੇ ਲਈ ਅਵਾਜ਼ ਚੁੱਕੀ। ਬੀਬੀ ਜਗੀਰ ਕੌਰ ਨੇ ਵੀ ਦਬੀ ਜ਼ਬਾਨ ਵਿੱਚ ਇਸ ਦੀ ਹਮਾਇਤ ਕੀਤੀ । ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਸਾਰੀਆਂ ਇਕਾਇਆਂ ਨੂੰ ਭੰਗ ਕਰ ਦਿੱਤਾ ਅਤੇ ਜਗਮੀਤ ਸਿੰਘ ਬਰਾੜ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ । ਇਸ ਤੋਂ ਪਹਿਲਾਂ ਬੀਬੀ ਜਗੀਰ ਕੌਰ ਵੱਲੋਂ ਪਾਰਟੀ ਦੇ ਉਮੀਦਵਾਰ ਦੇ ਖਿਲਾਫ਼ SGPC ਦੇ ਪ੍ਰਧਾਨ ਦੀ ਚੋਣ ਲੜਨ ‘ਤੇ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ । ਉਧਰ ਸਾਲ ਖਤਮ ਹੁੰਦੇ-ਹੁੰਦੇ ਅਕਾਲੀ ਦਲ ਇੱਕ ਮਾੜੀ ਖਬਰ ਆਈ । ਮਾਝੇ ਦੇ ਜਰਨੈਲ ਮੰਨੇ ਜਾਣ ਵਾਲੇ ਰਣਜੀਤ ਸਿੰਘ ਬ੍ਰਹਮਪੁਰਾ ਦਾ ਦੇਹਾਂਤ ਹੋ ਗਿਆ।
20. ਹਰਿਆਣਾ ਦੀ ਨਵੀਂ ਵਿਧਾਨਸਭਾ ਨੂੰ ਲੈਕੇ ਵੀ ਪੰਜਾਬ ਦੀ ਸਿਆਸਤ ਵੀ ਕਾਫੀ ਗਰਮਾਈ,ਕੇਂਦਰ ਸਰਕਾਰ ਨੇ ਹਰਿਆਣਾ ਨੂੰ ਚੰਡੀਗੜ ਵਿੱਚ ਵੱਖ ਤੋਂ ਵਿਧਾਨਸਭਾ ਬਣਾਉਣ ਲਈ ਜ਼ਮੀਨ ਦਿੱਤੀ ਤਾਂ ਸੀਐੱਮ ਮਾਨ ਨੇ ਵੀ ਵਖਰੀ ਹਾਈਕੋਰਟ ਦੇ ਲਈ ਜ਼ਮੀਨ ਮੰਗ ਲਈ, ਪਰ ਵਿਰੋਧੀਆਂ ਨੇ ਉਨ੍ਹਾਂ ਨੂੰ ਘੇਰ ਲਿਆ । ਅਕਾਲੀ ਦਲ ਅਤੇ ਕਾਂਗਰਸ ਨੇ ਇਲਜ਼ਾਮ ਲਗਾਇਆ ਕਿ ਮਾਨ ਨੇ ਆਪਣੇ ਆਪ ਹੀ ਮੰਨ ਲਿਆ ਕਿ ਚੰਡੀਗੜ੍ਹ ਪੰਜਾਬ ਦਾ ਨਹੀਂ ਹੈ ।
21. ਬਿਕਰਮ ਸਿੰਘ ਮਜੀਠੀਆ ਵੀ ਇਸ ਸਾਲ ਕਾਫ਼ੀ ਚਰਚਾ ਵਿੱਚ ਰਹੇ,ਡਰੱਗਸ ਮਾਮਲੇ ਵਿੱਚ 10 ਅਗਸਤ ਨੂੰ 6 ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਹਾਈਕੋਰਟ ਤੋਂ ਬੇਲ ਮਿਲ ਗਈ । ਇਸ ਤੋਂ ਪਹਿਲਾਂ 10 ਜਨਵਰੀ ਨੂੰ ਹਾਈਕੋਰਟ ਨੇ ਉਨ੍ਹਾਂ ਨੂੰ ਬੇਲ ਦਿੱਤੀ ਸੀ ਅਤੇ 12 ਜਨਵਰੀ ਨੂੰ SIT ਦੇ ਸਾਹਮਣੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ । ਜਿਸ ਤੋਂ ਬਾਅਦ SIT ਮਜੀਠੀਆ ਦੀ ਗ੍ਰਿਫਤਾਰੀ ਦੀ ਤਿਆਰੀ ਕਰ ਰਹੀ ਸੀ ਤਾਂ ਉਹ ਸੁਪਰੀਮ ਕੋਰਟ ਪਹੁੰਚ ਗਏ। ਸੁਪਰੀਮ ਅਦਾਲਤ ਨੇ ਮਜੀਠੀਆ ਨੂੰ ਵੱਡੀ ਰਾਹਤ ਦਿੰਦੇ ਹੋਏ 23 ਫਰਵਰੀ ਤੱਕ ਗਿਰਫਤਾਰੀ ‘ਤੇ ਰੋਕ ਲੱਗਾ ਦਿੱਤਾ ਅਤੇ ਉਨ੍ਹਾਂ ਨੂੰ ਚੋਣ ਲੜਨ ਦੀ ਇਜਾਜਤ ਦਿੱਤੀ । 24 ਫਰਵਰੀ ਨੂੰ ਮਜੀਠੀਆ ਨੇ ਸਰੰਡਰ ਕਰ ਦਿੱਤਾ ਅਤੇ ਉਨ੍ਹਾਂ ਨੂੰ ਪਟਿਆਲ਼ਾ ਜੇਲ੍ਹ ਭੇਜ ਦਿੱਤਾ ਗਿਆ ।
22. ਸਤੰਬਰ ਮਹੀਨੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਜਰਮਨੀ ਦੌਰਾ ਵੀ ਕਾਫੀ ਚਰਚਾ ਵਿੱਚ ਰਿਹਾ। ਨਿਵੇਸ਼ ਦੇ ਲਈ ਸੀਐੱਮ ਮਾਨ ਨੇ ਉੱਥੇ ਕਾਫੀ ਕੰਪਨੀਆਂ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਪਰ ਇਨਵੈਸਮੈਂਟ ਆਈ ਜਾਂ ਨਹੀਂ ਇਹ ਨਹੀਂ ਪਤਾ ਉਨ੍ਹਾਂ ਦਾ ਵਿਦੇਸ਼ੀ ਦੌਰੇ ਨਾਲ 2 ਵਿਵਾਦ ਜ਼ਰੂਰ ਜੁੜ ਗਏ । ਪਹਿਲਾਂ ਉਨ੍ਹਾਂ ਨੇ ਦਾਅਵਾ ਕੀਤਾ ਕਿ ਕਾਰ ਕੰਪਨੀ BMW ਪੰਜਾਬ ਵਿੱਚ ਆਪਣਾ ਪਲਾਂਟ ਲਗਾਉਣਾ ਚਾਉਂਦੀ ਹੈ,ਸ਼ਾਮ ਹੁੰਦੇ-ਹੁੰਦੇ ਕੰਪਨੀ ਨੇ ਸਾਫ ਕਰ ਦਿੱਤਾ ਕਿ ਉਨ੍ਹਾਂ ਦਾ ਫਿਲਹਾਲ ਕੋਈ ਇਰਾਦਾ ਨਹੀਂ ਹੈ। ਬਸ ਫਿਰ ਕੀ ਸੀ ਅਕਾਲੀ ਦਲ,ਕਾਂਗਰਸ ਅਤੇ ਬੀਜੇਪੀ ਨੇ ਉਨ੍ਹਾਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ । ਦੂਜਾ ਵਿਵਾਦ ਉਨ੍ਹਾਂ ਦੇ ਵਾਪਸ ਆਉਣ ਦੌਰਾਨ ਹੋਇਆ । ਸੀਐੱਮ ਮਾਨ ਤੈਅ ਸ਼ੈਡੀਉਲ ਤੋਂ ਇੱਕ ਦਿਨ ਬਾਅਦ ਭਾਰਤ ਪਰਤੇ, ਪਹਿਲਾਂ ਕਿਹਾ ਕਿ ਮਾਨ ਦੀ ਤਬੀਅਤ ਠੀਕ ਨਹੀਂ,ਫਿਰ ਖਬਰਾ ਆਇਆ ਕਿ ਜ਼ਿਆਦਾ ਸ਼ਰਾਬ ਪੀਣ ਦੀ ਵਜ੍ਹਾ ਕਰਕੇ ਲਫਤਾਨਸਾ ਏਅਰ ਲਾਇੰਸ ਨੇ ਉਨ੍ਹਾਂ ਨੂੰ ਜਹਾਜ ਵਿੱਚ ਚੜਨ ਨਹੀਂ ਦਿੱਤਾ । ਇਸ ਮਾਮਲੇ ਵਿੱਚ ਕੇਂਦਰੀ ਹਵਾਬਾਜ਼ੀ ਮੰਤਰੀ ਵੱਲੋਂ ਜਾਂਚ ਦੇ ਨਿਰਦੇਸ਼ ਦਿੱਤੇ ਸਨ ਪਰ ਹੁਣ ਤੱਕ ਜਾਂਚ ਰਿਪੋਰਟ ਦੀ ਉਡੀਕ ਹੈ ।
23. ਮਾਨ ਸਰਕਾਰ ਦਾ ਕਿਸਾਨਾਂ ਨਾਲ ਵਿਵਾਦ ਵੀ ਚਰਚਾ ਵਿੱਚ ਰਿਹਾ ਹੈ । ਨਵੰਬਰ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਪੂਰੇ ਸੂਬੇ ਵਿੱਚ ਮਾਨ ਸਰਕਾਰ ਦੇ ਖਿਲਾਫ ਵਾਅਦਾ ਖਿਲਾਫੀ ਇਲਜ਼ਾਮ ਲਗਾਉਂਦੇ ਹੋਏ ਧਰਨੇ ਦਿੱਤੇ ਗਏ ਸੜਕਾਂ ਜਾਮ ਕਰ ਦਿੱਤੀਆਂ ਗਈਆਂ। ਸੀਐੱਮ ਮਾਨ ਨੇ ਕਿਸਾਨਾਂ ਦੇ ਧਰਨੇ ਨੂੰ ਨਿਵਾਜ਼ ਦਾ ਨਾਂ ਦਿੱਤਾ ਅਤੇ ਕਿਸਾਨਾਂ ਨੂੰ ਮਿਲਣ ਵਾਲੀ ਫੰਡਿੰਗ ਨੂੰ ਲੈਕੇ ਸਵਾਲ ਚੁੱਕੇ । ਜਿਸ ਦੇ ਵਿਰੋਧ ਵਿੱਚ ਡੱਲੇਵਾਲ ਮਰਨ ਵਰਤ ‘ਤੇ ਬੈਠ ਗਏ,7 ਦਿਨ ਬਾਅਦ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਡੱਲੇਵਾਲ ਨੂੰ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਅਤੇ ਉਨ੍ਹਾਂ ਨੂੰ ਜੂਸ ਪਿਲਾ ਕੇ ਧਰਨਾ ਖਤਮ ਕੀਤਾ । ਇਸ ਤੋਂ ਇਲਾਵਾ ਜ਼ੀਰਾ ਫੈਕਟਰੀ ਬੰਦ ਕਰਵਾਉਣ ਦਾ ਮੁੱਦਾ ਵੀ ਮਾਨ ਸਰਕਾਰ ਲਈ ਗਲੇ ਦੀ ਹੱਡੀ ਬਣਿਆ ਹੋਇਆ ਹੈ। ਸਰਕਾਰ ਪ੍ਰਦਰਸ਼ਨਕਾਰੀਆਂ ਅਤੇ ਹਾਈਕੋਰਟ ਦੇ ਵਿਚਾਲੇ ਫਸੀ ਹੋਈ ਹੈ । ਹਾਈਕੋਰਟ ਵੱਲੋਂ ਧਰਨਾ ਖਤਮ ਨਾ ਕਰਵਾਉਣ ‘ਤੇ 20 ਕਰੋੜ ਦਾ ਜੁਰਮਾਨਾ ਲਗਾਇਆ ਹੈ ਤਾਂ ਕਿਸਾਨ ਸ਼ਰਾਬ ਫੈਕਟਰੀ ਬੰਦ ਕਰਵਾਉਣ ‘ਤੇ ਅੜੇ ਹੋਏ ਹਨ ।