Punjab

ਕੈਪਟਨ ਦੀ ਸਲਾਹ ‘ਤੇ ਪੰਜਾਬ ਦੀ ਸਿਆਸਤ ਗਰਮਾਈ, ਪੰਜਾਬ ਦੇ ਨਕਾਰੇ ਨੇਤਾ ਇੱਕੋ ਮੰਚ ‘ਤੇ ਆਉਣਾ ਚਾਹੁੰਦੇ – ਹਰਪਾਲ ਚੀਮਾ

 ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅਕਾਲੀ-ਭਾਜਪਾ ਗਠਜੋੜ ਦੇ ਦਿੱਤੇ ਬਿਆਨ ਮਗਰੋਂ ਪੰਜਾਬ ਦੀ ਸਿਆਸਤ ‘ਚ ਹਲਚਲ ਪੈਦਾ ਹੋ ਗਈ ਹੈ। ਕੈਪਟਨ ਦੇ ਇਸ ਬਿਆਨ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਦੀ ਵੱਡੀ ਪ੍ਰਤੀਕਿਰਿਆ ਸਾਹਮਣੇ ਆਈ ਹੈ।

ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਹੜੇ ਨੇਤਾ ਲੋਕਾਂ ਵੱਲੋਂ ਪੂਰੀ ਤਰ੍ਹਾਂ ਨਕਾਰੇ ਜਾ ਚੁੱਕੇ ਹਨ, ਉਹ ਸਾਰੇ ਹੁਣ ਇਕ ਮੰਚ ’ਤੇ ਇਕੱਠੇ ਹੋਣਾ ਚਾਹੁੰਦੇ ਹਨ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ ਤੇ ਸਿਮਰਜੀਤ ਸਿੰਘ ਬੈਂਸ ਦਾ ਨਾਂ ਲੈ ਕੇ ਕਿਹਾ ਕਿ ਇਹ ਤਿੰਨੇ 25-30 ਸਾਲ ਤੱਕ ਸੱਤਾ ਭੋਗ ਚੁੱਕੇ ਹਨ ਅਤੇ ਪੰਜਾਬ ਨੂੰ ਲੁੱਟਿਆ ਹੈ।

ਚੀਮਾ ਨੇ ਕੈਪਟਨ ਨੂੰ “ਦਲ-ਬਦਲੂ ਮਾਹਰ” ਕਿਹਾ ਤੇ ਦੋਸ਼ ਲਾਇਆ ਕਿ ਕਾਂਗਰਸ ਵਿੱਚ ਰਹਿੰਦਿਆਂ ਵੀ ਉਨ੍ਹਾਂ ਦੇ ਭਾਜਪਾ ਨਾਲ ਲਿੰਕ ਸਨ। ਮੁੱਖ ਮੰਤਰੀ ਅਹੁਦੇ ਤੋਂ ਹਟਾਏ ਜਾਂਦਿਆਂ ਹੀ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ। ਹੁਣ ਅਕਾਲੀ ਦਲ ਨਾਲ ਵੀ ਰਲ ਰਹੇ ਹਨ। ਇਹ ਸਾਰੇ “ਚੋਰ ਇਕੱਠੇ ਹੋ ਕੇ ਫਿਰ ਪੰਜਾਬ ਦੀ ਸੱਤਾ ਹਥਿਆਉਣਾ ਚਾਹੁੰਦੇ ਹਨ”।

ਆਪ ਵਿਧਾਇਕ ਨੇ ਦਾਅਵਾ ਕੀਤਾ ਕਿ ਇਨ੍ਹਾਂ ਦੇ ਰਾਜ ਵਿੱਚ ਹੀ ਗੁਰੂ ਸਾਹਿਬਾਨ ਦੀ ਬੇਅਦਬੀ ਹੋਈ, ਕਿਸਾਨਾਂ ’ਤੇ ਲਾਠੀਚਾਰਜ ਹੋਇਆ ਤੇ ਕਾਲੇ ਖੇਤੀ ਕਾਨੂੰਨ ਬਣੇ। ਪੰਜਾਬ ਦੀ ਜਵਾਨੀ ਤੇ ਖ਼ਜ਼ਾਨਾ ਬਰਬਾਦ ਕੀਤਾ। ਹੁਣ ਜਦੋਂ ਆਮ ਆਦਮੀ ਪਾਰਟੀ ਮਾਫ਼ੀਆਵਾਦ ਤੋੜ ਰਹੀ ਹੈ ਤੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰ ਰਹੀ ਹੈ, ਤਾਂ ਇਹ ਸਾਰੇ ਘਬਰਾ ਕੇ ਇਕੱਠੇ ਹੋ ਰਹੇ ਹਨ।

ਅੰਤ ਵਿੱਚ ਚੀਮਾ ਨੇ ਚੁਣੌਤੀ ਦਿੱਤੀ ਕਿ “ਚਾਹੇ ਕੈਪਟਨ ਹੋਵੇ ਚਾਹੇ ਸੁਖਬੀਰ, ਜਿੰਨੇ ਮਰਜ਼ੀ ਬਿਆਨ ਦੇਣ – ਆਉਣ ਵਾਲੇ 20-25 ਸਾਲ ਤੱਕ ਇਨ੍ਹਾਂ ਦੀ ਰਾਜਨੀਤੀ ਦੀ ਦਾਲ ਨਹੀਂ ਗਲਣੀ। ਪੰਜਾਬ ਦੇ ਲੋਕ ਇਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ।”