ਚੰਡੀਗੜ੍ਹ: ਪੰਜਾਬ ਪੁਲਿਸ ਨੇ ਨਾਬਾਲਗਾਂ ਲਈ ਸਖ਼ਤ ਹੁਕਮ ਜਾਰੀ ਕੀਤੇ ਹਨ। ਇਸ ਮੁਤਾਬਕ ਜੇ ਹੁਣ 18 ਸਾਲਾਂ ਤੋਂ ਘੱਟ ਉਮਰ ਦੇ ਨਬਾਲਿਗ ਬੱਚੇ ਮੋਟਰਸਾਈਕਲ ਜਾਂ ਕਾਰ ਚਲਾਉਂਦੇ ਫੜੇ ਗਏ ਤਾਂ ਉਨ੍ਹਾਂ ਦੇ ਮਾਪਿਆਂ ਨੂੰ ਕੈਦ ਹੋਵੇਗੀ ਤੇ ਉਨ੍ਹਾਂ ਕੋਲੋਂ ਮੋਟਾ ਜ਼ੁਰਮਾਨਾ ਵੀ ਵਸੂਲਿਆ ਜਾਵੇਗਾ। ਇਹ ਹੁਕਮ ਟ੍ਰੈਫਿਕ ਅਤੇ ਸੜਕ ਸੁਰੱਖਿਆ ਪੰਜਾਬ ਚੰਡੀਗੜ੍ਹ ਵੱਲੋਂ ਸਮੂਹ ਕਮਿਸ਼ਨਰ ਪੁਲਿਸ, ਸਮੂਹ ਸੀਨੀਅਰ ਕਪਤਾਲ ਪੁਲਿਸ ਨੂੰ ਜਾਰੀ ਕੀਤੇ ਗਏ ਹਨ।
ਇਨ੍ਹਾਂ ਹੁਕਮਾਂ ਵਿਚ ਸਮੂਹ ਕਮਿਸ਼ਨਰ ਪੁਲਿਸ ਤੇ SSPs ਲਿਖਿਆ ਗਿਆ ਹੈ ਕਿ, ਆਪ ਦੇ ਅਧੀਨ ਤਾਇਨਾਤ ਟਰੈਫਿਕ ਐਜੂਕੇਸ਼ਨ ਸੈਲ/ਟਰੈਫਿਕ ਸਟਾਫ ਰਾਹੀਂ ਆਮ ਪਬਲਿਕ ਨੂੰ ਜਿਲ੍ਹਾ ਪੱਧਰ ’ਤੇ ਪਬਲਿਕ ਰਿਲੇਸ਼ਨ ਅਫ਼ਸਰ ਰਾਹੀ ਸਕੂਲਾਂ ਵਿੱਚ ਜਾ ਕੇ ਬੱਚਿਆ ਨੂੰ ਇੱਕ ਮਹੀਨੇ ਲਈ ਭਾਵ 31.07.2024 ਤੱਕ ਮੋਟਰ ਵਹੀਕਲ ਐਕਟ (ਸੋਧ 2019) ਦੀ ਧਾਰਾ 199-ਏ ਤੇ 199-ਬੀ ਬਾਰੇ ਜਾਗਰੂਕ ਕੀਤਾ ਜਾਵੇ ਕਿ ਕੋਈ ਨਾ-ਬਾਲਗ ਬੱਚਾ 31.07.2024 ਤੋਂ ਬਾਅਦ 2 ਪਹੀਆ ਅਤੇ 4 ਪਹੀਆ ਵਾਹਨ ਚਲਾਉਂਦਾ ਪਾਇਆ ਗਿਆ ਤਾਂ ਉਸ ਦੇ ਮਾਤਾ-ਪਿਤਾ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਅਜਿਹਾ ਕਰਨ ’ਤੇ ਉਨ੍ਹਾਂ ਨੂੰ 3 ਸਾਲ ਦੀ ਕੈਦ ਅਤੇ 25000/- ਜ਼ੁਰਮਾਨਾ ਵੀ ਹੋ ਸਕਦਾ ਹੈ। ਇਸੇ ਤਰ੍ਹਾਂ ਜੇ ਕੋਈ ਨਾ-ਬਾਲਗ ਬੱਚਾ ਕਿਸੇ ਪਾਸੋਂ 2 ਪਹੀਆ ਵਾਹਨ ਜਾਂ 4 ਪਹੀਆ ਵਾਹਨ ਮੰਗ ਕੇ ਚਲਾਉਂਦਾ ਹੈ ਤਾਂ ਉਸ ਵਹੀਕਲ ਮਾਲਕ ਦੇ ਖ਼ਿਲਾਫ਼ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਵੀ ਕਿਹਾ ਗਿਆ ਹੈ ਕਿ ਇਸ ਸਬੰਧੀ ਵੱਧ ਤੋਂ ਵੱਧ ਜਾਗਰੂਰਕਤਾ ਕੈਂਪ ਲਗਾਏ ਜਾਣ ਤੇ ਕੀਤੀ ਗਈ ਕਾਰਵਾਈ ’ਤੇ ਮਿਤੀ 01.08.2024 ਨੂੰ ਦਿਨ ਪ੍ਰਤੀ ਦਿਨ ਲਗਾਏ ਗਏ ਕੈਂਪਾਂ ਦੀਆਂ ਫੋਟੋਆਂ, ਲੋਕੇਸ਼ਨਾਂ, ਅਖਬਾਰਾਂ ਦੀਆਂ ਕਟਿੰਗਾਂ ਇਸ ਦਫਤਰ ਨੂੰ ਭੇਜੀਆਂ ਜਾਣ।