ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਗੰਨ ਕਲਚਰ ਦੇ ਖਿਲਾਫ਼ ਕੀਤੀ ਜਾ ਰਹੀ ਕਾਰਵਾਈ ਦੇ ਦੌਰਾਨ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ। ਪੁਲਿਸ ਨੇ ਨਾਜਾਇਜ਼ ਤੇ ਫਰਜ਼ੀ ਪਤਿਆਂ ‘ਤੇ ਲਏ ਗਏ ਅਸਲੇ ਦੇ ਲਾਇਸੈਂਸਾਂ ਨੂੰ ਰੱਦ ਕਰਵਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੇ ਦੌਰਾਨ 9 ਦਿਨਾਂ ਅੰਦਰ ਕਰੀਬ 900 ਲਾਇਸੈਂਸ ਰੱਦ ਕੀਤੇ ਗਏ ਹਨ ਤੇ ਕਰੀਬ 300 ਤੋਂ ਵੱਧ ਗੰਨ ਲਾਇਸੈਂਸ ਸਸਪੈਂਡ ਕੀਤੇ ਗਏ ਹਨ।
ਇਹਨਾਂ ਵਿੱਚ ਜਿਥੇ ਸਭ ਤੋਂ ਵੱਧ ਸੰਖਿਆ ‘ਚ ਲਾਇਸੈਂਸ ਰੱਦ ਕੀਤੇ ਗਏ ਹਨ,ਉਹਨਾਂ ਵਿੱਚ ਪੰਜਾਬ ਦੇ ਦੁਆਬਾ ਖੇਤਰ ਦੇ ਦੋ ਜ਼ਿਲਿਆਂ ਦੇ ਨਾਮ ਸਭ ਤੋਂ ਪਹਿਲਾਂ ਆਉਂਦੇ ਹਨ,ਜਲੰਧਰ ਤੇ ਨਵਾਂਸ਼ਹਿਰ ,ਜਿਥੇ ਕ੍ਰਮਵਾਰ 391 ਤੇ 266 ਲਾਇਸੈਂਸ ਰੱਦ ਕੀਤੇ ਗਏ ਹਨ ਜਦੋਂ ਕਿ ਰੋਪੜ ਜ਼ਿਲੇ ਵਿੱਚ 146 ਲਾਇਸੈਂਸ ਰੱਦ ਕੀਤੇ ਗਏ ਹਨ।
ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲਾਇਸੈਂਸ ਸਸਪੈਂਡ ਕੀਤੇ ਗਏ ਹਨ,ਨਾਲ ਹੀ ਕੁੱਝ ਮਾਮਲਿਆਂ ਵਿੱਚ ਲਾਇਸੈਂਸ ਧਾਰਕਾਂ ਨੂੰ ਨਾਲ ਹੀ ਕਾਰਨ ਦਸੋ ਨੋਟਿਸ ਜਾਰੀ ਕੀਤੇ ਗਏ ਹਨ। ਇਹਨਾਂ ਵਿੱਚੋਂ ਜਿਆਦਾਤਰ ਲਾਇਸੈਂਸ ਫਰਜ਼ੀ ਪਤੇ ‘ਤੇ ਬਣਵਾਏ ਗਏ ਸਨ ਤੇ ਜੇਕਰ ਲਾਇਸੈਂਸ ਸਹੀ ਪਤੇ ‘ਤੇ ਹੈ ਤਾਂ ਉਸ ‘ਤੇ ਵੀ ਇੱਕ ਤੋਂ ਵੱਧ ਹਥਿਆਰ ਰੱਖੇ ਗਏ ਹਨ।
ਹਾਲਾਂਕਿ ਸਰਕਾਰ ਵੱਲੋਂ ਪਹਿਲਾਂ ਹੀ ਇਹ ਕਾਨੂੰਨ ਬਣਾਇਆ ਗਿਆ ਸੀ ਕਿ ਹੁਣ ਇੱਕ ਲਾਇਸੈਂਸ ‘ਤੇ ਸਿਰਫ਼ ਇੱਕ ਹੀ ਹਥਿਆਰ ਰੱਖਿਆ ਜਾ ਸਕਦਾ ਹੈ।ਇਸ ਤੋਂ ਇਲਾਵਾ ਦੋਹਰੇ ਲਾਇਸੈਂਸ ਵਾਲਿਆਂ ‘ਤੇ ਵੀ ਪੁਲਿਸ ਸਖ਼ਤੀ ਵਰਤ ਰਹੀ ਹੈ।
ਡੀਜੀਪੀ ਪੰਜਾਬ ਵੱਲੋਂ ਸਖ਼ਤ ਕਾਰਵਾਈ ਨਿਰਦੇਸ਼ ਦਿੱਤੇ ਗਏ ਹਨ। ਜਿਸ ਕਾਰਨ ਪੰਜਾਬ ਭਰ ਵਿੱਚ ਹਥਿਆਰਾਂ ਦੇ ਲਾਇਸੈਂਸ ਰੀਵੀਊ ਕਰਨ ਤੇ ਉਹਨਾਂ ਦੀ ਜਾਂਚ ਦੀ ਮੁਹਿੰਮ ਚਲਾਈ ਜਾ ਰਹੀ ਹੈ,ਜਿਸ ਬਾਰੇ ਪੰਜਾਬ ਸਰਕਾਰ ਪਹਿਲਾਂ ਹੀ ਨੋਟਿਫਿਕੇਸ਼ਨ ਜਾਰੀ ਕਰ ਚੁੱਕੀ ਹੈ।
ਇਸ ਅਨੁਸਾਰ ਹੁਣ ਪੰਜਾਬ ਵਿੱਚ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ‘ਤੇ ਰੋਕ ਲਗਾ ਦਿੱਤੀ ਗਈ ਹੈ,ਕਿਸੇ ਵੀ ਸਮਾਜ਼ਿਕ ਸਮਾਗਮ ਵਿੱਚ ਹਥਿਆਰਾਂ ਨੂੰ ਲੈ ਕੇ ਜਾਣ ਦੀ ਮਨਾਹੀ ਹੈ।ਸੋਸ਼ਲ ਮੀਡੀਆ ਤੇ ਵੀ ਹਥਿਆਰਾਂ ਨੂੰ ਲੈ ਕੇ ਕੋਈ ਵੀ ਪੋਸਟ ਪਾਉਣ ਤੇ ਪਾਬੰਦੀ ਲੱਗ ਗਈ ਹੈ।ਇਸ ਤੋਂ ਇਲਾਵਾ ਗਨ ਕਲਚਰ ਨੂੰ ਪਰਮੋਟ ਕਰਨ ਵਾਲੇ ਗਾਣਿਆਂ ਦੇ ਕਾਰਵਾਈ ਸ਼ੁਰੂ ਹੋ ਚੁੱਕੀ ਹੈ ,ਜਿਸ ਦੀ ਉਦਾਹਰਣ ਪਿਛੇ ਜਿਹੇ ਦੇਖਣ ਨੂੰ ਮਿਲੀ ਹੈ ,ਜਦੋਂ ਇੱਕ ਗਾਇਕ ਦੇ ਗਾਣੇ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਕਿਉਂਕਿ ਉਸ ਵਿੱਚ ਹਥਿਆਰਾਂ ਦਾ ਜ਼ਿਕਰ ਸੀ।