Punjab

‘ਆਪ’ ਵਿਧਾਇਕ ਪਠਾਨਮਾਜਰਾ ਦੀ ਭਾਲ ਲਈ ਕਰਨਾਲ ਪਹੁੰਚੀ ਪੰਜਾਬ ਪੁਲਿਸ

ਪੰਜਾਬ ਦੇ ਸਨੌਰ ਵਿਧਾਨ ਸਭਾ ਦੇ ‘ਆਮ ਆਦਮੀ ਪਾਰਟੀ’ (ਆਪ) ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੀ ਕਾਰਵਾਈ ਨੇ ਵਿਵਾਦ ਖੜ੍ਹਾ ਕਰ ਦਿੱਤਾ ਹੈ। ਬੁੱਧਵਾਰ ਸ਼ਾਮ ਨੂੰ ਪੰਜਾਬ ਪੁਲਿਸ ਨੇ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਡਾਬਰੀ ਪਿੰਡ ਵਿੱਚ ਛਾਪੇਮਾਰੀ ਕਰਕੇ 14 ਲੋਕਾਂ ਨੂੰ ਹਿਰਾਸਤ ਵਿੱਚ ਲਿਆ।

ਪੰਜਾਬ ਪੁਲਿਸ ਦੀ ਇਸ ਕਾਰਵਾਈ ਨੇ ਪਿੰਡ ਵਾਸੀਆਂ ਅਤੇ ਸਰਪੰਚ ਦੇ ਪਰਿਵਾਰ ਵਿੱਚ ਰੋਸ ਪੈਦਾ ਕਰ ਦਿੱਤਾ, ਜਿਸ ਤੋਂ ਬਾਅਦ ਉਹ ਕਰਨਾਲ ਦੇ ਸਦਰ ਥਾਣੇ ਅਤੇ ਐਸਪੀ ਦੀ ਰਿਹਾਇਸ਼ ’ਤੇ ਪਹੁੰਚੇ। ਸਾਬਕਾ ਸਰਪੰਚ ਲਾਡੀ ਨੇ ਪੰਜਾਬ ਪੁਲਿਸ ’ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਬੇਕਸੂਰ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਅਤੇ ਔਰਤਾਂ ਨਾਲ ਦੁਰਵਿਵਹਾਰ ਕੀਤਾ। ਪੁਲਿਸ ਨੇ ਬੰਦੂਕ ਦੀ ਨੋਕ ’ਤੇ ਲੋਕਾਂ ਨੂੰ ਚੁੱਕਿਆ ਅਤੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਉਖਾੜ ਦਿੱਤਾ।

ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਪੁਲਿਸ ਨੇ ਰਿਸ਼ਤੇਦਾਰਾਂ ਅਤੇ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ, ਜੋ ਸਰਪੰਚ ਦੀ ਭਲਾਈ ਬਾਰੇ ਪੁੱਛਣ ਆਏ ਸਨ, ਘੇਰ ਕੇ ਉਨ੍ਹਾਂ ਦੇ ਫੋਨ, ਪਰਸ ਅਤੇ ਆਈਡੀ ਪਰੂਫ ਖੋਹ ਲਏ। ਇਸ ਤੋਂ ਬਾਅਦ ਸਾਰਿਆਂ ਨੂੰ ਗੱਡੀਆਂ ਵਿੱਚ ਪਾ ਕੇ ਲੈ ਜਾਇਆ ਗਿਆ।

ਇਹ ਸੀ ਸਾਰਾ ਮਾਮਲਾ ਹੈ

ਇਸ ਮਾਮਲੇ ਦੀ ਸ਼ੁਰੂਆਤ ਮੰਗਲਵਾਰ ਨੂੰ ਹੋਈ, ਜਦੋਂ ਪੰਜਾਬ ਪੁਲਿਸ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਹਿਰਾਸਤ ਵਿੱਚ ਲੈਣ ਲਈ ਕਰਨਾਲ ਪਹੁੰਚੀ ਸੀ।

ਪੁਲਿਸ ਨੇ ਵਿਧਾਇਕ ਨੂੰ ਹਿਰਾਸਤ ਵਿੱਚ ਲਿਆ ਸੀ, ਪਰ ਉਹ ਧੱਕਾ-ਮੁੱਕੀ ਅਤੇ ਗੋਲੀਬਾਰੀ ਦੀ ਘਟਨਾ ਦੌਰਾਨ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ। ਪੰਜਾਬ ਪੁਲਿਸ ਨੇ ਇਸ ਸਬੰਧ ਵਿੱਚ ਕਰਨਾਲ ਦੇ ਸਦਰ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ।ਡਾਬਰੀ ਪਿੰਡ ਦੇ ਦੇਵੇਂਦਰ ਸਿੰਘ ਨੇ ਦੋਸ਼ ਲਗਾਇਆ ਕਿ ਪੰਜਾਬ ਪੁਲਿਸ ਜਾਣਬੁੱਝ ਕੇ ਸਰਪੰਚ ਲਾਡੀ ਅਤੇ ਪਿੰਡ ਵਾਸੀਆਂ ਨੂੰ ਫਸਾ ਰਹੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ 2 ਸਤੰਬਰ ਨੂੰ ਵਾਪਰੀ ਘਟਨਾ ਵਿੱਚ ਸਰਪੰਚ ਦੀ ਕੋਈ ਸ਼ਮੂਲੀਅਤ ਨਹੀਂ ਸੀ। ਬੁੱਧਵਾਰ ਸ਼ਾਮ 6 ਵਜੇ ਦੇ ਕਰੀਬ ਪੁਲਿਸ ਨੇ ਸਰਪੰਚ ਦੇ ਘਰ ਛਾਪਾ ਮਾਰਿਆ, ਜਿਸ ਵਿੱਚ ਸੱਤ ਇੰਸਪੈਕਟਰ ਅਤੇ ਇੱਕ ਡੀਐਸਪੀ ਸ਼ਾਮਲ ਸਨ। ਪਿੰਡ ਵਾਸੀਆਂ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਪੁਲਿਸ ਨੇ ਬੇਰਹਿਮੀ ਨਾਲ ਵਿਵਹਾਰ ਕੀਤਾ ਅਤੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ।

ਕਰਨਾਲ ਦੇ ਐਸਪੀ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਪਟਿਆਲਾ ਪੁਲਿਸ ਦੇ ਐਸਐਸਪੀ ਨਾਲ ਗੱਲਬਾਤ ਕਰਕੇ ਬਿਨਾਂ ਕਾਰਨ ਹਿਰਾਸਤ ਵਿੱਚ ਲਏ ਗਏ ਲੋਕਾਂ ਦੀ ਵਾਪਸੀ ਲਈ ਕੋਸ਼ਿਸ਼ ਕਰਨਗੇ ਪਰ, ਪਿੰਡ ਵਾਸੀਆਂ ਵਿੱਚ ਪੰਜਾਬ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਗੁੱਸਾ ਅਤੇ ਨਿਰਾਸ਼ਾ ਦਾ ਮਾਹੌਲ ਹੈ। ਉਹ ਮੰਗ ਕਰ ਰਹੇ ਹਨ ਕਿ ਬੇਕਸੂਰ ਲੋਕਾਂ ਨੂੰ ਤੁਰੰਤ ਰਿਹਾਅ ਕੀਤਾ ਜਾਏ ਅਤੇ ਪੁਲਿਸ ਦੀ ਜ਼ਿਆਦਤੀ ਦੀ ਜਾਂਚ ਕੀਤੀ ਜਾਏ।