‘ਦ ਖ਼ਾਲਸ ਬਿਊਰੋ :- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਪੁਲਿਸ ਦੀਆਂ ਜ਼ਿਆਦਤੀਆਂ ਨੂੰ ਗੰਭੀਰਤਾ ਨਾਲ ਲਿਆ ਹੈ। ਮਾਨਸਾ ਪੁਲਿਸ ਵੱਲੋਂ ਪਵਲ ਕੁਮਾਰ ਨੂੰ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖ ਕੇ ਉਸ ‘ਤੇ ਤਸ਼ੱਦਦ ਕਰਨ ਵਾਲੇ ਪੁਲਸੀਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਮਾਨਸਾ ਪੁਲਿਸ ਨੇ ਪਵਨ ਕੁਮਾਰ ਨੂੰ ਪਿਛਲੇ ਸਾਲ 18 ਜੂਨ ਨੂੰ ਘਰੋਂ ਚੁੱਕਿਆ ਸੀ ਅਤੇ ਕੁੱਟਮਾਰ ਕਰਕੇ ਉਹ ਲਕਵੇ ਦਾ ਸ਼ਿਕਾਰ ਹੋ ਗਿਆ। ਪੀੜਤ ਨੇ ਹਾਈਕੋਰਟ ਵਿੱਚ ਇੱਕ ਕੇਸ ਦਰਜ ਕਰਕੇ ਮੁਲਜ਼ਮਾਂ ਦੇ ਖ਼ਿਲਾਫ਼ ਕਾਰਵਾਈ ਅਤੇ 10 ਲੱਖ ਰੁਪਏ ਮੁਆਵਜ਼ਾ ਦੀ ਮੰਗ ਕੀਤੀ ਸੀ।
ਹਾਈਕਰੋਟ ਦੀ ਜਸਟਿਸ ਲੀਜ਼ਾ ਗਿੱਲ ਨੇ ਪੰਜਾਬ ਸਰਕਾਰ, ਡੀਜੀਪੀ, ਐੱਸਐੱਸਪੀ ਮਾਨਸਾ ਅਤੇ ਸਬੰਧਿਤ ਥਾਣਾ ਦੇ ਐੱਸਐੱਚਓ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ। ਪਵਨ ਕੁਮਾਰ ਦੀ ਪਤਨੀ ਨੇ ਹਾਈਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਪੁਲਿਸ ਦੀਆਂ ਵਧੀਕੀਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੇ ਪਤੀ ਦੀ ਹਾਲਤ ਵਿਗੜਨ ਤੋਂ ਬਾਅਦ ਸਟ੍ਰੈਚਰ ‘ਤੇ ਪਾ ਕੇ ਹਸਪਤਾਲ ਭੇਜ ਦਿੱਤਾ ਗਿਆ ਪਰ ਬਿਮਾਰੀ ਠੀਕ ਨਾ ਹੋਈ। ਮਾਮਲੇ ਦੀ ਜਾਂਚ ਲਈ ਐੱਸਆਈਟੀ ਗਠਿਤ ਕੀਤੀ ਗਈ, ਜਿਸਨੇ ਇੰਸਪੈਕਟਰ ਮਨਜੀਤ ਸਿੰਘ ਦੇ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਸਿਫ਼ਾਰਸ਼ ਕਰਕੇ ਬਾਕੀਆਂ ਨੂੰ ਬਖ਼ਸ਼ ਦਿੱਤਾ ਹੈ। ਪਟੀਸ਼ਨਰ ਦਾ ਕਹਿਣਾ ਹੈ ਕਿ ਉਸਦੇ ਪਤੀ ਨੂੰ ਬੁਰੀ ਤਰ੍ਹਾਂ ਕੁੱਟਣ ਕਾਰਨ ਲਕਵਾ ਹੋਇਆ ਸੀ, ਜਿਸ ਦੇ ਲਈ ਮੁਆਵਜ਼ੇ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨੀ ਬਣਦੀ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਅਤੇ ਪੁਲਿਸ ਮੁਖੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ।