ਸਪੈਸ਼ਲ ਟਾਸਕ ਫੋਰਸ(STF) ਨੇ ਅੰਮ੍ਰਿਤਸਰ ‘ਚ ਪਾਕਿਸਤਾਨ ਦੇ ਪੰਜਾਬ ਵਿੱਚ ਨਸ਼ਾ ਭੇਜਣ ਦੇ ਇਰਾਦੇ ਇੱਕ ਵਾਰ ਫਿਰ ਫ਼ੇਲ੍ਹ ਕਰ ਦਿੱਤੇ ਹਨ। ਪੁਲਿਸ ਨੇ ਪਾਕਿਸਤਾਨ ਤੋਂ ਭਾਰਤ ਆਈ 41 ਕਿੱਲੋ ਹੈਰੋਇਨ ਜ਼ਬਤ ਕੀਤੀ ਹੈ। ਇਸ ਦੇ ਨਾਲ ਹੀ 3 ਤਸਕਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਸਮੱਗਲਰ ਰਾਵੀ ਦਰਿਆ ਰਾਹੀਂ ਭਾਰਤ ਵਿੱਚ ਨਸ਼ੀਲੇ ਪਦਾਰਥਾਂ ਦੀ ਖੇਪ ਲਿਆਉਂਦੇ ਸਨ। ਪੁਲਿਸ ਤਸਕਰਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ STF ਨੂੰ ਅੱਧੀ ਰਾਤ ਨੂੰ ਪਾਕਿਸਤਾਨ ਤੋਂ 41 ਕਿੱਲੋ ਹੈਰੋਇਨ ਆਉਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਏਆਈਜੀ STF ਦੀ ਨਿਗਰਾਨੀ ਹੇਠ ਇੱਕ ਟੀਮ ਬਣਾਈ ਗਈ। ਰਮਦਾਸ ਸੈਕਟਰ ‘ਚ ਕਾਰਵਾਈ ਕਰਦੇ ਹੋਏ ਟੀਮ ਨੇ ਹੈਰੋਇਨ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ।
ਜਿਨ੍ਹਾਂ ਤਸਕਰਾਂ ਨੂੰ ਫੜਿਆ ਗਿਆ ਹੈ ਉਹ ਅੰਮ੍ਰਿਤਸਰ ਦੇ ਰਮਦਾਸ ਦੇ ਹੀ ਰਹਿਣ ਵਾਲੇ ਹਨ। ਸਮੱਗਲਰ ਸਰਹੱਦ ਪਾਰ ਤੋਂ ਲਿਆਈ ਗਈ ਖੇਪ ਨੂੰ ਲਿਜਾ ਰਹੇ ਸਨ। ਸ਼ੁਰੂਆਤੀ ਪੁੱਛਗਿੱਛ ਵਿੱਚ ਦੋਸ਼ੀਆਂ ਨੇ ਦੱਸਿਆ ਕਿ ਫ਼ਿਰੋਜ਼ਪੁਰ ਵਿੱਚ ਫੜੇ ਗਏ ਪਾਕਿ ਤਸਕਰਾਂ ਵਾਂਗ ਹੀ ਨਦੀਆਂ ਦੇ ਰੂਟ ਤੋਂ ਇਨ੍ਹਾਂ ਨੂੰ ਖੇਪ ਭੇਜੀ ਜਾ ਰਹੀ ਸੀ।
ਫ਼ਿਲਹਾਲ ਫੜੀ ਗਈ ਖੇਪ ਬਾਰੇ ਅਧਿਕਾਰੀ ਵੱਧ ਜਾਣਕਾਰੀ ਸਾਂਝਾ ਨਹੀਂ ਕਰ ਰਹੇ ਹਨ। ਤਕਰੀਬਨ 12 ਵਜੇ STF ਇਸ ਖੇਪ ਤੇ ਤਸਕਰਾਂ ਬਾਰੇ ਜਾਣਕਾਰੀ ਸਾਂਝਾ ਕਰਨਗੇ। ਅਗਸਤ ਮਹੀਨੇ ਵਿੱਚ ਫੜੀ ਗਈ ਇਹ ਅਜੇ ਤੱਕ ਦੀ ਸਭ ਤੋਂ ਵੱਡੀ ਖੇਪ ਹੈ।
ਬੀਤੇ ਦਿਨੀਂ ਫ਼ਿਰੋਜ਼ਪੁਰ ਸੈਕਟਰ ਵਿੱਚ BSF ਅਤੇ ਕਾਊਂਟਰ ਇੰਟੈਲੀਜੈਂਸ ਨੇ ਮਿਲ ਕੇ 29 ਕਿੱਲੋ ਹੈਰੋਇਨ ਨੂੰ ਜ਼ਬਤ ਕੀਤਾ ਹੈ। ਦੂਜੇ ਪਾਸੇ ਪਾਕਿ ਤਸਕਰ ਵੀ ਫੜੇ ਸਨ, ਜੋ ਸਤਲੁਜ ਦੇ ਰਸਤੇ ਡਰੰਮ ਵਿੱਚ ਟਾਇਰ ਲਾ ਕੇ ਨਦੀ ਪਾਰ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸਨ।


 
																		 
																		 
																		 
																		 
																		