Punjab

ਪੰਜਾਬ ਪੁਲਿਸ ਦਾ ਗੈਰ-ਕਾਨੂੰਨੀ ਇਮੀਗ੍ਰੇਸ਼ਨ ਕੰਪਨੀਆਂ ’ਤੇ ਸ਼ਿਕੰਜਾ! 25 ਖਿਲਾਫ ਮਾਮਲਾ ਦਰਜ, ਸੋਸ਼ਲ ਮੀਡੀਆ ’ਤੇ ਕਰਦੇ ਸੀ ਇਹ ਕੰਮ

ਬਿਉਰੋ ਰਿਪੋਰਟ: ਪੰਜਾਬ ਪੁਲਿਸ ਨੇ ਗੈਰ-ਕਾਨੂੰਨੀ ਢੰਗ ਨਾਲ ਕਾਰੋਬਾਰ ਚਲਾਉਣ ਵਾਲੇ ਟਰੈਵਲ ਏਜੰਟਾਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਇੱਕ ਦਿਨ ਵਿੱਚ ਕਰੀਬ 25 ਕੰਪਨੀਆਂ ਖ਼ਿਲਾਫ਼ 20 ਕੇਸ ਦਰਜ ਕੀਤੇ ਗਏ ਹਨ। ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਲੋਕ ਬਿਨਾਂ ਕਿਸੇ ਲਾਇਸੈਂਸ ਤੋਂ ਆਪਣਾ ਕਾਰੋਬਾਰ ਚਲਾ ਰਹੇ ਸਨ। ਮੁਲਜ਼ਮਾਂ ਦੇ ਹੌਂਸਲੇ ਇੰਨੇ ਬੁਲੰਦ ਸਨ ਕਿ ਉਹ ਸੋਸ਼ਲ ਮੀਡੀਆ ’ਤੇ ਇਸ਼ਤਿਹਾਰ ਦੇ ਕੇ ਨੌਜਵਾਨਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦੇ ਸਨ। ਏਡੀਜੀਪੀ ਐਨਆਰਆਈ ਪ੍ਰਵੀਨ ਸਿਨਹਾ ਨੇ ਦੱਸਿਆ ਕਿ ਮੁਹਾਲੀ, ਲੁਧਿਆਣਾ, ਸੰਗਰੂਰ, ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ ਅਤੇ ਪਟਿਆਲਾ ਵਿੱਚ ਕੇਸ ਦਰਜ ਕੀਤੇ ਗਏ ਹਨ। ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ।

ਵਿਦੇਸ਼ੀ ਨੌਕਰੀ ਦਾ ਸੁਪਨਾ ਦਿਖਾ ਕੇ ਮਾਰਦੇ ਸੀ ਠੱਗੀ

ਪ੍ਰਵਾਸੀ ਸੁਰੱਖਿਆ ਵਿਭਾਗ ਨੇ ਗੈਰ-ਕਾਨੂੰਨੀ ਟਰੈਵਲ ਏਜੰਸੀਆਂ ਨੂੰ ਇੰਸਟਾਗ੍ਰਾਮ ਅਤੇ ਫੇਸਬੁੱਕ ’ਤੇ ਵਿਦੇਸ਼ਾਂ ਵਿਚ ਨੌਕਰੀਆਂ ਲਈ ਇਸ਼ਤਿਹਾਰ ਦੇਣ ’ਤੇ ਪਾਬੰਦੀ ਲਗਾ ਦਿੱਤੀ ਹੈ। ਬੁੱਧਵਾਰ ਨੂੰ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਟਰੈਵਲ ਏਜੰਸੀਆਂ ਬਿਨਾਂ ਲਾਇਸੈਂਸ ਅਤੇ ਇਜਾਜ਼ਤ ਦੇ ਇੰਸਟਾਗ੍ਰਾਮ ਅਤੇ ਫੇਸਬੁੱਕ ’ਤੇ ਵਿਦੇਸ਼ਾਂ ’ਚ ਨੌਕਰੀਆਂ ਦਾ ਇਸ਼ਤਿਹਾਰ ਦੇ ਰਹੀਆਂ ਸਨ। ਸੂਬੇ ਦੇ ਵੱਖ-ਵੱਖ ਐਨਆਰਆਈ ਥਾਣਿਆਂ ਵਿੱਚ ਪ੍ਰਵਾਸੀ ਐਕਟ ਦੀ ਧਾਰਾ 24/25 ਤਹਿਤ ਕੁੱਲ 20 ਐਫਆਈਆਰ ਦਰਜ ਕੀਤੀਆਂ ਗਈਆਂ ਹਨ।

ਇਨ੍ਹਾਂ ਕੰਪਨੀਆਂ ਖ਼ਿਲਾਫ਼ ਦਰਜ ਕੀਤਾ ਕੇਸ

ਪੁਲਿਸ ਨੇ ਅੱਜ ਵਿਸ਼ੇਸ਼ ਮੁਹਿੰਮ ਚਲਾਈ ਸੀ। ਇਸ ਦੌਰਾਨ ਲੁਧਿਆਣਾ ਵਿੱਚ 7 ​​ਹਾਰਸ ਇਮੀਗ੍ਰੇਸ਼ਨ, ਐਬਰਾਡ ਐਕਸਪਰਟ, ਐਬਰਾਡ ਕਿਵਾ, ਪ੍ਰਾਈਜ਼ ਇਮੀਗ੍ਰੇਸ਼ਨ, ਪਾਸ ਪ੍ਰੋ ਓਵਰਸੀਜ਼, ਹਾਰਸ ਇਮੀਗ੍ਰੇਸ਼ਨ ਕੰਸਲਟੈਂਸੀ ਸ਼ਾਮਲ ਸਨ।

ਜਲੰਧਰ ਵਿੱਚ ਆਰਾਧਿਆ ਇੰਟਰਪ੍ਰਾਈਜਿਜ਼, ਕਾਰਸਨ ਟਰੈਵਲ ਕੰਸਲਟੈਂਸੀ, ਟਰੂ ਡੀਲਜ਼ ਇਮੀਗ੍ਰੇਸ਼ਨ ਸਰਵਿਸਿਜ਼, iWay ਓਵਰਸੀਜ਼, ਵਿਦੇਸ਼ ਯਾਤਰਾ, ਗਲਫ ਜੌਬਸ ਕਪੂਰਥਲਾ ਤੇ ਰਾਹਵੇ ਇਮੀਗ੍ਰੇਸ਼ਨ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।

ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ ਜੇਐਸ ਐਂਟਰਪ੍ਰਾਈਜ਼, ਪਾਵਰ ਟੂ ਫਲਾਈ, ਟ੍ਰੈਵਲ ਮੰਥਨ, ਅਮੇਜ਼-ਈ-ਸਰਵਿਸਿਜ਼ ਅਤੇ ਹੁਸ਼ਿਆਰਪੁਰ ਵਿੱਚ ਆਰ.ਐਸ. ਇੰਟਰਪ੍ਰਾਈਜਿਜ਼, ਟਾਰਗੈਟ ਇਮੀਗ੍ਰੇਸ਼ਨ, ਪੀ.ਐਸ. ਇੰਟਰਪ੍ਰਾਈਜਿਜ਼ ਸ਼ਾਮਲ ਹਨ।

ਮੋਹਾਲੀ ਵਿੱਚ ਹਾਈਵਿੰਗਜ਼ ਓਵਰਸੀਜ਼, ਪੀਐਨਐਸ ਵੀਜ਼ਾ ਸੇਵਾਵਾਂ ਅਤੇ ਪਟਿਆਲਾ ਵਿੱਚ GCC ਐਕਸਪਰਟਸ, ਗਲਫ ਟਰੈਵਲ ਏਜੰਸੀ ਖ਼ਿਲਾਫ਼ ਕਾਰਵਾਈ ਹੋਈ ਹੈ। ਦਿੜਬਾ ਸੰਗਰੂਰ ਅਤੇ ਬਾਈਂਡਰ ਬੀਬੀਐਸਜੀ ਇਮੀਗ੍ਰੇਸ਼ਨ, ਦਿੜਬਾ ਸੰਗਰੂਰ ਸ਼ਾਮਲ ਹਨ।