The Khalas Tv Blog Punjab ਪੰਜਾਬ ਦੇ ਇਸ ਮੁੱਦੇ ‘ਤੇ ਆਇਆ ਪੁਲਿਸ ਦਾ ਪਹਿਲਾਂ ਅਧਿਕਾਰਕ ਬਿਆਨ !
Punjab

ਪੰਜਾਬ ਦੇ ਇਸ ਮੁੱਦੇ ‘ਤੇ ਆਇਆ ਪੁਲਿਸ ਦਾ ਪਹਿਲਾਂ ਅਧਿਕਾਰਕ ਬਿਆਨ !

ਬਿਊਰੋ ਰਿਪੋਰਟ : ਭਾਈ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈਕੇ ਪੰਜਾਬ ਪੁਲਿਸ ਦਾ ਅਧਿਕਾਰਿਕ ਬਿਆਨ ਸਾਹਮਣੇ ਆ ਗਿਆ ਹੈ । ਉਧਰ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਵੀ ਪੁਲਿਸ ਅਤੇ ਸਰਕਾਰ ‘ਤੇ ਗੰਭੀਰ ਇਲਜ਼ਾਮ ਲਗਾਏ ਹਨ,ਉਹ ਵੀ ਤੁਹਾਨੂੰ ਦੱਸਾਂਗੇ ਪਹਿਲਾ ਪੁਲਿਸ ਨੇ ਜਿਹੜਾ ਬਿਆਨ ਦਿੱਤਾ ਉਸ ਮੁਤਾਬਿਕ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦਾ ਸਵੇਰ ਤੋਂ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਪਰ ਹੁਣ ਤੱਕ ਉਹ ਫਰਾਰ ਹੈ । ਪੁਲਿਸ ਨੇ ਵਾਰਿਸ ਪੰਜਾਬ ਦੇ ਮੁਖੀ ਨੂੰ ਸਰੰਡਰ ਕਰਨ ਦੇ ਲਈ ਕਿਹਾ ਹੈ ਅਤੇ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਨੂੰ ਕਾਨੂੰਨ ਮੁਤਾਬਿਕ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਜਾਵੇਗਾ। ਛਾਪੇਮਾਰੀ ਦੌਰਾਨ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ 78 ਹਮਾਇਤੀਆਂ ਨੂੰ ਫੜਨ ਦਾ ਦਾਅਵਾ ਕੀਤਾ ਹੈ । ਪੁਲਿਸ ਮੁਤਾਬਿਕ 7 ਨੂੰ ਦੁਪਹਿਰ ਵੇਲੇ ਸ਼ਾਹਕੋਟ ਤੋਂ ਗ੍ਰਿਫਤਾਰ ਕੀਤਾ ਸੀ ਜਦਕਿ ਬਾਕੀਆਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ । ਪੁਲਿਸ ਨੇ ਵਾਰਿਸ ਪੰਜਾਬ ਦੇ ਖਿਲਾਫ਼ 4 ਕੇਸ ਦਰਜ ਕੀਤੇ ਹਨ । ਜਿਸ ਵਿੱਚ ਇੱਕ ਕੇਸ ਸਮਾਜ ਵਿੱਚ ਨਫਰਤ ਦੀ ਭਾਵਨਾ ਪੈਦਾ ਕਰਨ ਦਾ ਹੈ,ਦੂਜਾ ਕੇਸ ਕਤਲ ਦੀ ਕੋਸ਼ਿਸ਼, ਤੀਜਾ ਕੇਸ ਪੁਲਿਸ ਮੁਲਾਜ਼ਮਾ ‘ਤੇ ਹਮਲੇ ਦਾ ,ਚੌਥਾ ਕੇਸ ਪੁਲਿਸ ਦੇ ਕੰਮ ਵਿੱਚ ਰੁਕਾਵਤ ਪਾਉਣ ਅਤੇ ਡਿਊਟੀ ਨਾ ਕਰਨ ਦੇਣ ਦਾ ਹੈ। ਇਹ ਸਾਰੇ ਕੇਸ 24 ਫਰਵਰੀ ਨੂੰ ਅਜਨਾਲਾ ਹਿੰਸਾ ਨੂੰ ਲੈਕੇ FIR ਨੰਬਰ 39 ਅਧੀਨ ਦਰਜ ਕੀਤੇ ਗਏ ਹਨ । ਪੁਲਿਸ ਨੇ ਸਰਚ ਆਪਰੇਸ਼ਨਾ ਦੌਰਾਨ ਦਾਅਵਾ ਕੀਤਾ ਕਿ ਉਨ੍ਹਾਂ ਨੇ 9 ਹਥਿਆਰ ਵੀ ਬਰਾਮਦ ਕੀਤੇ ਹਨ । ਜਿੰਨਾਂ ਵਿੱਚ .315 ਬੋਰ ਦੀ ਰਾਈਫਲ, 7 12 ਬੋਰ ਦੀ ਰਾਈਫਲ, ਇੱਕ ਰੀਵਾਲਵਰ ਅਤੇ 373 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ । ਉਧਰ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਦਾ ਬਿਆਨ ਵੀ ਸਾਹਮਣੇ ਆਇਆ ਹੈ ।

ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਦਾ ਬਿਆਨ

ਅੰਮ੍ਰਿਤਪਾਲ ਸਿੰਘ ਦੇ ਜੱਦੀ ਪਿੰਡ ਜੱਲੂਪੁਰ ਖੇੜਾ ਤੋਂ ਉਨ੍ਹਾਂ ਦੇ ਪਿਤਾ ਤਰਸੇਮ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਨੇ ਦੱਸਿਆ ਕਿ ਸਾਨੂੰ ਨਹੀਂ ਪਤਾ ਹੈ ਕਿ ਪੁੱਤਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਾਂ ਨਹੀਂ,ਪੁਲਿਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ,ਉਨ੍ਹਾਂ ਇਲਜ਼ਾਮ ਲਗਾਇਆ ਕਿ ਪੁਲਿਸ ਸਾਡੇ ‘ਤੇ ਬੇਵਜ੍ਹਾ ਦਬਾਅ ਪਾ ਰਹੀ ਹੈ ਨਸ਼ੇ ਵਾਲਿਆਂ ਨੂੰ ਫੜ ਨਹੀਂ ਰਹੀ ਹੈ ਮੇਰਾ ਪੁੱਤਰ ਜਿਹੜਾ ਨਸ਼ੇ ਖਿਲਾਫ ਮੁਹਿੰਮ ਚੱਲਾ ਰਿਹਾ ਹੈ ਉਸ ਦੇ ਪਿੱਛੇ ਪਈ ਹੈ। ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਸਵੇਰੇ ਘਰੋਂ 7 ਵਜੇ ਨਿਕਲ ਗਏ ਸਨ ਉਸ ਤੋਂ ਬਾਅਦ ਉਨ੍ਹਾਂ ਨੂੰ ਕੋਈ ਫੋਨ ਨਹੀਂ ਆਇਆ ਹੈ। ਪੁਲਿਸ ਉਨ੍ਹਾਂ ਨੂੰ ਨਾਲ ਲੈਕੇ ਫਿਰ ਰਹੀ ਹੈ,ਇਹ ਸਾਰਾ ਇਸ ਲਈ ਹੋ ਰਿਹਾ ਹੈ ਕਿ ਕਿਉਂਕਿ ਨਸ਼ਾ ਵੇਚਣ ਵਾਲੇ ਸਿਆਸਤਦਾਨ ਨਹੀਂ ਚਾਹੁੰਦੇ ਹਨ ਕਿ ਅੰਮ੍ਰਿਤਪਾਲ ਸਿੰਘ ਲੋਕਾਂ ਨੂੰ ਨਸ਼ੇ ਤੋਂ ਮੁਕਤੀ ਦੇਵੇ। ਪਿਤਾ ਨੇ ਦੱਸਿਆ ਕਿ ਪੂਰੇ ਪਿੰਡ ਨੂੰ ਪੁਲਿਸ ਨੇ ਘੇਰਾ ਪਾਇਆ ਹੋਇਆ ਹੈ ਅਤੇ 4 ਘੰਟੇ ਤੱਕ ਪਿੰਡ ਦੀ ਤਲਾਸ਼ੀ ਲਈ ਗਈ ਹੈ। ਪਿੰਡ ਜੱਲੂਪੁਰ ਖੇੜਾ ਵਿੱਚ CIA,RAF ਅਤੇ ਪੰਜਾਬ ਪੁਲਿਸ ਤਾਇਨਾਤ ਹੈ ।

ਉਧਰ ਸੋਸ਼ਲ ਮੀਡੀਆ ਦੇ ਜ਼ਰੀਏ ਮਾਹੌਲ ਖਰਾਬ ਨਾ ਹੋਏ ਇਸ ਦੇ ਲਈ 19 ਮਾਰਚ ਦੁਪਹਿਰ 12 ਵਜੇ ਤੱਕ ਪੂਰੇ ਪੰਜਾਬ ਵਿੱਚ ਇੰਟਰਨੈੱਟ ਅਤੇ SMS ਸੇਵਾਵਾਂ ਨੂੰ ਠੱਪ ਕਰ ਦਿੱਤਾ ਗਿਆ ਹੈ । ਤਕਰੀਬਨ ਪੂਰੇ ਪੰਜਾਬ ਵਿੱਚ ਧਾਰਾ 144 ਲੱਗ ਚੁੱਕੀ ਹੈ । 19 ਮਾਰਚ ਨੂੰ ਮੁਕਤਸਰ ਤੋਂ ਭਾਈ ਅੰਮ੍ਰਿਤਪਾਲ ਸਿੰਘ ਨੇ ਖਾਲਸਾ ਵਹੀਰ ਸ਼ੁਰੂ ਕਰਨੀ ਸੀ ਇਸ ਲਈ ਮੁਕਤਸਰ ਵਿੱਚ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ । ਉਧਰ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਸੰਪਰਕ ਵਿੱਚ ਹਨ। ਪੰਜਾਬ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ CIA ਦੀ ਤਾਇਨਾਤੀ ਕੀਤੀ ਗਈ ਹੈ।

Exit mobile version