Punjab

ਪੰਜਾਬ ਪੁਲਿਸ ਦੀ ਮੁਹਿੰਮ ਨੂੰ ਪਿਆ ਬੂਰ

‘ਦ ਖ਼ਾਲਸ ਬਿਊਰੋ : ਪੰਜਾਬ ਪੁਲਿਸ ਵੱਲੋਂ ਸੂਬੇ ਭਰ ਵਿੱਚ ਇੱਕ ਮੁਹਿੰਮ ਛੇੜੀ ਗਈ ਹੈ। ਪੁਲਿਸ ਮੁਖੀ ਗੌਰਵ ਯਾਦਵ ਦੀ ਅਗਵਾਈ ਹੇਠ ਚੱਲੀ ਇਸ ਮੁਹਿੰਮ ਦੌਰਾਨ 676 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਅਤੇ ਹੋਰ 559 ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ। ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਡਾ ਸੁਖਚੈਨ ਸਿੰਘ ਗਿੱਲ ਨੇ ਪੁਲਿਸ ਹੈਡਕੁਆਟਰ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁਹਿੰਮ ਨੂੰ ਸਫਲਤਾ ਮਿਲਣ ਦਾ ਦਾਅਵਾ ਕੀਤਾ ਹੈ।

ਗੌਰਵ ਯਾਦਵ ਨੇ ਡੀਜੀਪੀ ਦਾ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਸੂਬੇ ਦੇ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦੀ ਜ਼ੀਰੋ ਸਹਿਣਸ਼ੀਲਤਾ ਨੀਤੀ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਆਪਣੇ ਅਧਿਕਾਰ ਖੇਤਰ ਵਿੱਚ ਨਸ਼ਿਆਂ ਦੀਆਂ ਸੰਵੇਦਨਸ਼ੀਲ ਥਾਵਾਂ ‘ਤੇ ਚੌਕਸੀ ਰੱਖਣ ਦੇ ਆਦੇਸ਼ ਦਿੱਤੇ ਸਨ।

ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਪੁਲਿਸ ਵੱਲੋਂ ਸੂਬੇ ਭਰ ਦੇ ਸੰਵੇਦਨਸ਼ੀਲ ਰਸਤਿਆਂ ‘ਤੇ ਨਾਕੇ ਲਗਾਉਣ ਤੋਂ ਇਲਾਵਾ ਨਸ਼ਾ ਪ੍ਰਭਾਵਿਤ ਖੇਤਰਾਂ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਦੌਰਾਨ 5.57 ਕਿਲੋ ਹੈਰੋਇਨ, 17 ਕਿਲੋ ਅਫੀਮ, 25 ਕਿਲੋ ਗਾਂਜਾ, 7 ਕੁਇੰਟਲ ਭੁੱਕੀ ਅਤੇ 2.25 ਲੱਖ ਨਸ਼ੀਲੀਆਂ ਗੋਲੀਆਂ/ਕੈਪਸੂਲ ਸਮੇਤ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਐਨਡੀਪੀਐਸ ਕੇਸਾਂ ਦੇ 32 ਅਪਰਾਧੀ ਅਤੇ ਭਗੌੜੇ ਵੀ ਗ੍ਰਿਫ਼ਤਾਰ ਕੀਤੇ ਗਏ।

ਉਨ੍ਹਾਂ ਕਿਹਾ ਕਿ ਜਿਲ੍ਹਾ ਪੁਲਿਸ ਸ੍ਰੀ ਮੁਕਤਸਰ ਸਾਹਿਬ ਦੇ ਧਿਆਨ ਵਿੱਚ ਆਇਆ ਹੈ ਕਿ ਹੈਰੋਇਨ ਦੀ ਘੱਟ ਉਪਲਬੱਧਤਾ ਕਾਰਨ ਨਸ਼ਾ ਤਸਕਰ ਪਤਾਸ਼ਾ (ਖੰਡ ਦੀ ਬਣੀ ਰਵਾਇਤੀ ਮਠਿਆਈ), ਵਾਸ਼ਿੰਗ ਸੋਡਾ, ਨਦੀਨ-ਨਾ ਸ਼ਕ, ਅਤੇ ਜੜੀ-ਬੂਟੀਆਂ (ਤਰਲ ਅਤੇ ਪਾਊਡਰ) ਨੂੰ ਮਿਲਾ ਕੇ ਅਤੇ ਫਿਰ ਸਰਫੈਕਟੈਂਟ ਦੀ ਵਰਤੋਂ ਕਰਕੇ ਨਕਲੀ ਹੈਰੋਇਨ ਤਿਆਰ ਕਰਕੇ ਉਹ ਨਕਲੀ ਹੈਰੋਇਨ (ਚਿੱਟਾ) ਗਰੀਬ ਲੋਕਾਂ ਨੂੰ ਪਲਾਸਟਿਕ ਫੁਆਇਲ ਵਿੱਚ ਪਾ ਕੇ ਵੇਚ ਰਹੇ ਹਨ ਜਿਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਪੰਜਾਬ ਪੁਲਿਸ ਨੇ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਡੀਜੀਪੀ ਨੇ ਸੀਪੀਜ਼/ਐਸਐਸਪੀਜ਼ ਨੂੰ ਜ਼ਮੀਨੀ ਪੱਧਰ ‘ਤੇ ਲੋਕਾਂ ਨਾਲ ਜੁੜਨ ਅਤੇ ਉਨ੍ਹਾਂ ਨੂੰ ਨ ਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਨਵੇਂ ਉਪਰਾਲੇ ਆਰੰਭ ਕਰਨ ਲਈ ਵੀ ਕਿਹਾ ਹੈ।