‘ਦ ਖ਼ਾਲਸ ਬਿਊਰੋ :- ਪੰਜਾਬ ਪੁਲਿਸ ਵੱਲੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਲਈ ਜਗ੍ਹਾ-ਜਗ੍ਹਾ ਛਾਪੇਮਾਰੀ ਕੀਤੀ ਜਾ ਰਹੀ ਹੈ। ਹੈਰਾਨੀਜਨਕ ਗੱਲ ਹੈ ਕਿ ਮਜੀਠੀਆ ਨੂੰ ਆਪਣੇ ‘ਤੇ ਕੇਸ ਦਰਜ ਹੋਣ ਬਾਰੇ ਪਹਿਲਾਂ ਹੀ ਪਤਾ ਸੀ ਜਿਸ ਕਰਕੇ ਉਨ੍ਹਾਂ ਨੇ ਪੁਲਿਸ ਨੂੰ ਆਪਣੇ ਮੋਬਾਈਲ ਲੋਕੇਸ਼ਨ ਦੇ ਨਾਲ ਚਕਮਾ ਦੇ ਦਿੱਤਾ। ਪੁਲਿਸ ਟੀਮ ਨੇ ਜਦੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪਾ ਮਾਰਿਆ ਤਾਂ ਮੋਬਾਈਲ ਤਾਂ ਮਿਲਿਆ ਪਰ ਮਜੀਠੀਆ ਉੱਥੇ ਨਹੀਂ ਸਨ।
ਪੰਜਾਬ ਸਰਕਾਰ ਦੀ ਯੋਜਨਾ ਸੀ ਕਿ ਮਾਮਲਾ ਦਰਜ ਹੁੰਦੇ ਹੀ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਜਾਵੇ। ਇਸ ਦੇ ਲਈ ਉਨ੍ਹਾਂ ਨੇ ਮਜੀਠੀਆ ਦੇ ਮੋਬਾਈਲ ਦੀ ਲੋਕੇਸ਼ਨ ਟ੍ਰੈਕ ਕੀਤੀ ਸੀ। ਜੋ ਲਗਾਤਾਰ ਚੰਡੀਗੜ੍ਹ ਸਥਿਤ ਆਪਣੇ ਸਰਕਾਰੀ ਫਲੈਟ ਦੀ ਲੋਕੇਸ਼ਨ ਦੱਸ ਰਿਹਾ ਸੀ। ਇਸ ਕਾਰਨ ਸਰਕਾਰ ਨੂੰ ਲੱਗਾ ਕਿ ਮਜੀਠੀਆ ਇਸ ਕੇਸ ਤੋਂ ਅਣਜਾਣ ਹਨ ਤੇ ਚੰਡੀਗੜ੍ਹ ਵਿੱਚ ਹੀ ਰਹਿ ਰਹੇ ਹਨ। ਹਾਲਾਂਕਿ ਸੋਮਵਾਰ ਅੱਧੀ ਰਾਤ ਨੂੰ ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਟੀਮ ਨੇ ਉੱਥੇ ਛਾਪੇਮਾਰੀ ਕੀਤੀ, ਪਰ ਮਜੀਠੀਆ ਦੀ ਬਜਾਏ ਉਹਨਾਂ ਦਾ ਮੋਬਾਇਲ ਹੀ ਮਿਲਿਆ।
ਪੰਜਾਬ ਪੁਲਿਸ ਦੀ 3 ਮੈਂਬਰੀ ਐੱਸਆਈਟੀ ਮਜੀਠੀਆ ਦੀ ਭਾਲ ਕਰ ਰਹੀ ਹੈ। ਇਸ ਦੇ ਲਈ ਉਨ੍ਹਾਂ ਨੂੰ ਵੱਖ-ਵੱਖ ਟੀਮਾਂ ਦਿੱਤੀਆਂ ਗਈਆਂ ਹਨ। ਇਸ ਐੱਸਆਈਟੀ ਦੀ ਅਗਵਾਈ ਏਆਈਜੀ ਬਲਰਾਜ ਸਿੰਘ ਕਰ ਰਹੇ ਹਨ ਜਦਕਿ ਉਨ੍ਹਾਂ ਦੇ ਨਾਲ ਡੀਐੱਸਪੀ ਰਾਜੇਸ਼ ਕੁਮਾਰ ਅਤੇ ਕੁਲਵੰਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਮਾਮਲਾ ਦਰਜ ਕਰਨ ਤੋਂ ਬਾਅਦ ਟੀਮ ਨੇ ਮਜੀਠੀਆ ਦੇ ਹੋਰ ਟਿਕਾਣਿਆਂ ‘ਤੇ ਵੀ ਨਾਲੋ-ਨਾਲ ਛਾਪੇਮਾਰੀ ਕੀਤੀ, ਪਰ ਉਹ ਨਹੀਂ ਮਿਲੇ।
ਸੂਤਰਾਂ ਮੁਤਾਬਕ ਪੰਜਾਬ ਸਰਕਾਰ ਦਾਅਵਾ ਕਰ ਰਹੀ ਹੈ ਕਿ ਜਲਦੀ ਹੀ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਡੱਕ ਦਿੱਤਾ ਜਾਵੇਗਾ। ਜਦਕਿ ਅਕਾਲੀ ਦਲ ਵੀ ਚੁਣੌਤੀ ਦੇ ਰਿਹਾ ਹੈ ਕਿ ਸਰਕਾਰ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਦਿਖਾਵੇ। ਕੁੱਲ ਮਿਲਾ ਕੇ ਚੋਣਾਂ ਤੋਂ ਪਹਿਲਾਂ ਹੋ ਰਹੇ ਇਸ ਸਿਆਸੀ ਘਟਨਾਕ੍ਰਮ ਨੇ ਸੂਬੇ ਦੀ ਸਿਆਸਤ ਵਿੱਚ ਸਿਆਸੀ ਹਲਚਲ ਮਚਾ ਦਿੱਤੀ ਹੈ।