Khetibadi Lok Sabha Election 2024 Punjab

ਗੁਰਦਾਸਪੁਰ, ਜਲੰਧਰ ’ਚ PM ਮੋਦੀ ਦੀਆਂ ਰੈਲੀਆਂ ਤੋਂ ਪਹਿਲਾਂ ਕਿਸਾਨ ਆਗੂਆਂ ’ਤੇ ਵੱਡਾ ਐਕਸ਼ਨ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੱਲ੍ਹ ਪਟਿਆਲਾ ਵਿੱਚ ਰੈਲੀ ਨੂੰ ਸੰਬੋਧਨ ਕੀਤਾ ਤੇ ਅੱਜ ਉਹ ਗੁਰਦਾਸਪੁਰ ਅਤੇ ਜਲੰਧਰ ਵਿੱਚ ਚੋਣ ਰੈਲੀਆਂ ਕਰ ਰਹੇ ਹਨ। ਖ਼ਬਰ ਹੈ ਕਿ ਪੀਐਮ ਮੋਦੀ ਦੀ ਰੈਲੀ ਤੋਂ ਕੁਝ ਘੰਟੇ ਪਹਿਲਾਂ ਹੀ ਪੰਜਾਬ ਪੁਲਿਸ ਨੇ ਗੁਰਦਾਸਪੁਰ ਤੇ ਜਲੰਧਰ ਵਿੱਚ ਨੂਰਮਹਿਲ, ਫਿਲੌਰ ਨਜ਼ਦੀਕ ਲਗਭਗ ਅੱਧੀ ਦਰਜਨ ਕਿਸਾਨ ਆਗੂਆਂ ਦੇ ਘਰਾਂ ਅਤੇ ਛੁਪਣਗਾਹਾਂ ’ਤੇ ਛਾਪੇਮਾਰੀ ਕੀਤੀ ਤੇ ਉਨ੍ਹਾਂ ਵਿੱਚੋਂ ਕੁਝ ਨੂੰ ਗ੍ਰਿਫ਼ਤਾਰ ਕਰ ਲਿਆ।

ਜਲੰਧਰ ਵਿੱਚ ਬੀਕੇਯੂ ਏਕਤਾ ਸਿੱਧੂਪੁਰ ਜਲੰਧਰ ਦੇ ਪ੍ਰਧਾਨ ਕੁਲਵਿੰਦਰ ਸਿੰਘ ਮਾਛੀਆਣਾ ਨੂੰ ਅੱਜ ਸਵੇਰੇ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਜੰਡਿਆਲਾ ਥਾਣੇ ਲਿਜਾਇਆ ਗਿਆ। ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇੱਕ ਕਿਸਾਨ ਆਗੂ ਨੇ ਕਿਹਾ ਹੈ ਕਿ ਸਾਨੂੰ ਸਮਝ ਨਹੀਂ ਆ ਰਹੀ ਕਿ ਪੁਲਿਸ ਸਾਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਿਉਂ ਕਰ ਰਹੀ ਹੈ? ਅਸੀਂ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਅਸੀਂ ਸ਼ਾਂਤੀਪੂਰਵਕ ਵਿਰੋਧ ਪ੍ਰਦਰਸ਼ਨ ਕਰਾਂਗੇ।

ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਸੰਧੂ ਦੇ ਘਰ ਦੇ ਬਾਹਰ ਵੀ ਪੁਲਿਸ ਤਾਇਨਾਤ ਕੀਤੀ ਗਈ ਹੈ ਪਰ ਉਹ ਪਹਿਲਾਂ ਹੀ ਘਰੋਂ ਨਿਕਲ ਚੁੱਕੇ ਸਨ। ਕਿਸਾਨਾਂ ਨੇ ਦੁਪਹਿਰ 2.30-3 ਵਜੇ ਤੱਕ ਜਲੰਧਰ ਵਿਖੇ ਧਰਨੇ ਲਈ ਇਕੱਠੇ ਹੋਣਾ ਸ਼ੁਰੂ ਕੀਤਾ ਹੈ। ਇਸ ਤੋਂ ਪਹਿਲਾਂ ਉਹ ਗ੍ਰਿਫ਼ਤਾਰੀਆਂ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਛਾਪੇ ਕੱਲ੍ਹ ਦੇਰ ਰਾਤ ਅਤੇ ਅੱਜ ਤੜਕੇ ਮਾਰੇ ਗਏ ਹਨ। ਇਨ੍ਹਾਂ ਵਿੱਚੋਂ ਅਜੇ ਕੋਈ ਕਿਸਾਨ ਆਗੂ ਗ੍ਰਿਫ਼ਤਾਰ ਨਹੀਂ ਹੋਇਆ ਕਿਉਂਕਿ ਕਿਸਾਨਾਂ ਨੂੰ ਇਸ ਪੁਲਿਸ ਕਾਰਵਾਈ ਦੀ ਪਹਿਲਾਂ ਹੀ ਭਿਣਕ ਲੱਗ ਚੁੱਕੀ ਸੀ। ਇਸ ਲਈ ਉਹ ਪਹਿਲਾਂ ਹੀ ਆਪਣੇ ਘਰਾਂ ਤੋਂ ਨਿਕਲ ਚੁੱਕੇ ਸਨ। ਇਨ੍ਹਾਂ ਆਗੂਆਂ ਨੂੰ ਉਨ੍ਹਾਂ ਦੇ ਮੁਖਬਰਾਂ ਨੇ ਪੁਲਿਸ ਵਿੱਚ ਘੇਰ ਕੇ ਰੱਖਿਆ, ਜਿਸ ਤੋਂ ਬਾਅਦ ਉਹ ਭੱਜਣ ਵਿੱਚ ਕਾਮਯਾਬ ਹੋ ਗਏ।

ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਬਾਅਦ ਦੁਪਹਿਰ 3.30 ਵਜੇ ਗੁਰਦਾਸਪੁਰ ਅਤੇ 5.30 ਵਜੇ ਜਲੰਧਰ ਵਿੱਚ ਰੈਲੀ ਨੂੰ ਸੰਬੋਧਨ ਕਰਨਗੇ।

ਡੀਆਈਜੀ (ਬਾਰਡਰ) ਰਾਕੇਸ਼ ਕੌਸ਼ਲ ਨੇ ਹਾਲਾਂਕਿ ਕਿਹਾ ਕਿ ਕੋਈ ਛਾਪੇਮਾਰੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ, “ਅਸੀਂ ਕਿਸਾਨ ਆਗੂਆਂ ਨਾਲ ਗੱਲਬਾਤ ਦੇ ਚੈਨਲ ਖੋਲ੍ਹੇ ਹਨ ਅਤੇ ਉਨ੍ਹਾਂ ਦੇ ਵਿਰੋਧ ਨੂੰ ਖ਼ਤਮ ਕਰਨ ਲਈ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਹਾਂ।”

ਦਰਅਸਲ ਕਿਸਾਨਾਂ ਨੇ ਪੀਐਮ ਮੋਦੀ ਦੀ ਰੈਲੀ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੋਇਆ ਹੈ। ਇਸੇ ਲਈ ਕੱਲ੍ਹ ਪਟਿਆਲਾ ਵਿੱਚ ਵੀ ਕਿਸਾਨਾਂ ਨੂੰ ਪੀਐਮ ਮੋਦੀ ਦੀ ਰੈਲੀ ਤੋਂ ਦੂਰ ਰੱਖਣ ਲਈ ਪੁਲਿਸ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਕੱਲ੍ਹ ਪਟਿਆਲਾ ਵਿੱਚ 7500 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ।

 

ਇਹ ਵੀ ਪੜ੍ਹੋ – ਰੋਪੜ ਨਹਿਰ ‘ਚ ਸ਼ਰਧਾਲੂਆਂ ਦੀ ਗੱਡੀ ਡਿੱਗੀ, 2 ਔਰਤਾਂ ਦੀ ਮੌਤ; 2 ਬੱਚਿਆਂ ਦੀ ਮੌਤ