Punjab

ਪੰਜਾਬ ਪੁਲਿਸ AGTF ਨੇ ISI ਦੀ ਵੱਡੀ ਸਾਜ਼ਿਸ਼ ਨੂੰ ਕੀਤਾ ਨਾਕਾਮ, ਦੋ AK-47 ਬਰਾਮਦ

ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਖੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐਸਆਈ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੀ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ।

ਇਸ ਕਾਰਵਾਈ ਵਿੱਚ ਪੁਲਿਸ ਨੇ ਗੁਰਦਾਸਪੁਰ ਦੇ ਥਾਣਾ ਪੁਰਾਣਾ ਛਾਲਾ ਅਧੀਨ ਪਿੰਡ ਗਾਜੀਕੋ ਨੇੜੇ ਨਹਿਰ ਦੇ ਕਿਨਾਰੇ ਝਾੜੀਆਂ ਵਿੱਚੋਂ 2 AK-47 ਰਾਈਫਲਾਂ, 16 ਜ਼ਿੰਦਾ ਕਾਰਤੂਸ, 2 ਮੈਗਜ਼ੀਨ ਅਤੇ 2 P-86 ਗ੍ਰੇਨੇਡ ਬਰਾਮਦ ਕੀਤੇ। ਜਾਣਕਾਰੀ ਅਨੁਸਾਰ, ਇਹ ਹਥਿਆਰਾਂ ਦੀ ਖੇਪ ਪਾਕਿਸਤਾਨ ਵਿੱਚ ਬੈਠੇ ਰਿੰਦਾ ਅਤੇ ਆਈਐਸਆਈ ਵੱਲੋਂ ਭੇਜੀ ਗਈ ਸੀ, ਜਿਸ ਦਾ ਮਕਸਦ ਪੰਜਾਬ ਵਿੱਚ ਵੱਖ-ਵੱਖ ਥਾਵਾਂ ‘ਤੇ ਹਮਲੇ ਕਰਕੇ ਸੂਬੇ ਦਾ ਮਾਹੌਲ ਖਰਾਬ ਕਰਨਾ ਸੀ।

ਪੁਲਿਸ ਨੇ ਸਮੇਂ ਸਿਰ ਕਾਰਵਾਈ ਕਰਕੇ ਇਸ ਸਾਜ਼ਿਸ਼ ਨੂੰ ਪੂਰੀ ਤਰ੍ਹਾਂ ਨਾਕਾਮ ਕਰ ਦਿੱਤਾ। ਮਾਮਲੇ ਵਿੱਚ ਥਾਣਾ ਪੁਰਾਣਾ ਛਾਲਾ, ਗੁਰਦਾਸਪੁਰ ਵਿਖੇ ਵਿਸਫੋਟਕ ਅਤੇ ਆਰਮਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਪੁਲਿਸ ਅਧਿਕਾਰੀਆਂ ਮੁਤਾਬਕ, ਜਲਦੀ ਹੀ ਰਿੰਦਾ ਦੇ ਸਾਥੀਆਂ ਦੀ ਪਛਾਣ ਕਰਕੇ ਉਨ੍ਹਾਂ ‘ਤੇ ਕਾਰਵਾਈ ਕੀਤੀ ਜਾਵੇਗੀ। ਇਸ ਸਫਲਤਾ ਨਾਲ ਪੰਜਾਬ ਪੁਲਿਸ ਨੇ ਸੂਬੇ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਕਦਮ ਚੁੱਕਿਆ ਹੈ।