Punjab

ਪੰਜਾਬ ‘ਚ ਇਸ ਦਿਨ ਤੋਂ ਪੰਪਾਂ ‘ਤੇ ਪੈਟਰੋਲ ਤੇ ਡੀਜ਼ਲ ਨਹੀਂ ਮਿਲੇਗਾ ! ਹਫਤੇ ਤੋਂ ਵੱਧ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ

ਬਿਉਰੋ ਰਿਪੋਰਟ : ਪੰਜਾਬ ਦੇ ਲੋਕਾਂ ਦੇ ਇੱਕ ਵਾਰ ਮੁੜ ਤੋਂ ਸਰਦੀ ਦੇ ਮੌਸਮ ਵਿੱਚ ਪੈਟਰੋਲ ਅਤੇ ਡੀਜ਼ਲ ਗੱਡੀਆਂ ਵਿੱਚ ਭਰਵਾਉਣ ਦੇ ਲਈ ਪਸੀਨੇ ਛੁੱਟਣ ਵਾਲੇ ਹਨ । ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਸ਼ਾਇਦ ਪੈਟਰੋਲ ਪੰਪ ‘ਤੇ ਤੇਲ ਖਤਮ ਹੋਣ ਦਾ ਬੋਰਡ ਮਿਲੇ । ਦਰਅਸਲ 15 ਤੋਂ 23 ਫਰਵਰੀ ਦੇ ਵਿਚਾਲੇ ਪੰਜਾਬ ਦੇ ਪੈਟਰੋਲ ਪੰਪ ਤੇਲ ਕੰਪਨੀਆਂ ਕੋਲੋ ਪੈਟਰੋਲ ਦੀ ਖਰੀਦ ਨਹੀਂ ਕਰਨਗੇ । ਪੰਜਾਬ ਪੈਟਰੋਲ ਪੰਪ ਡੀਜ਼ਲ ਐਸੋਸੀਏਸ਼ਨ ਦਾ ਇਲਜ਼ਾਮ ਹੈ ਕਿ 7 ਸਾਲ ਤੋਂ ਕੰਪਨੀਆਂ ਨੇ ਉਨ੍ਹਾਂ ਕਮਿਸ਼ਨ ਨਹੀਂ ਵਧਾਇਆ ਹੈ ਅਜਿਹੇ ਵਿੱਚ ਉਨ੍ਹਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ।

ਪੰਜਾਬ ਪੈਟਰੋਲ ਪੰਪ ਡੀਜ਼ਲ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਕਿਹਾ ਤੇਲ ਕੰਪਨੀਆਂ ਪੈਟਰੋਲੀਅਮ ਡੀਲਰਾਂ ਦੇ ਮਾਰਜਿਨ ਵਿੱਚ ਵਾਧਾ ਨਹੀਂ ਕਰ ਰਹੀਆਂ ਹਨ । ਜਿਸ ਵਿੱਚ ਪਿਛਲੀ ਵਾਰ ਅਗਸਤ 2017 ਵਿੱਚ ਸੋਧ ਕੀਤੀ ਗਈ ਸੀ । ਡੀਜ਼ਲ ਮਾਰਜਿਨ ਵਧਾਉਣ ਸਬੰਧੀ ਤੇਲ ਕੰਪਨੀਆਂ ਦੇ ਪ੍ਰਧਾਨਾਂ ਨੂੰ ਮੰਗ ਪੱਤਰ ਭੇਜਿਆ ਗਿਆ ਹੈ ਅਤੇ ਇਸ ਦੀ ਕਾਪੀ ਪ੍ਰਧਾਨ ਮੰਤਰੀ ਨੂੰ ਵੀ ਭੇਜੀ ਗਈ ਹੈ ।

ਜਥੇਬੰਦੀ ਨੇ ਫੈਸਲਾ ਲਿਆ ਹੈ ਕਿ 15 ਫਰਵਰੀ ਤੋਂ ਨੋ ਪਰਚੇਜ਼ ਡੇਅ ਰੱਖਣਗੇ ਅਤੇ ਤੇਲ ਕੰਪਨੀਆਂ ਤੋਂ ਪੈਟਰੋਲ ਅਤੇ ਡੀਜ਼ਲ ਦੀ ਖਰੀਦ ਨਹੀਂ ਕਰਨਗੇ । ਇਸ ਤੋਂ ਬਾਅਦ 22 ਫਰਵਰੀ ਨੂੰ ਪੈਟਰੋਲ ਪੰਪਾਂ ‘ਤੇ ਪੈਟਰੋਲ ਡੀਜ਼ਲ ਨਹੀਂ ਵੇਚਿਆ ਜਾਵੇਗਾ । ਇਸ ਤੋਂ ਇਲਾਵਾ ਐਸੋਸੀਏਸ਼ਨ ਨੇ ਕਿਸਾਨਾਂ ਵੱਲੋਂ 16 ਫਰਵਰੀ ਨੂੰ ਭਾਰਤ ਬੰਦ ਦੇ ਸੱਦੇ ਦੀ ਵੀ ਹਮਾਇਤ ਕੀਤੀ ਹੈ । ਐਸੋਸੀਏਸ਼ਨ ਦਾ ਦਾਅਵਾ ਹੈ ਕਿ 17 ਫਰਵਰੀ ਤੋਂ ਸੂਬੇ ਦੇ ਪੈਟਰੋਲ ਪੰਪਾਂ ਵਿੱਚ ਡੀਜ਼ਲ ਦੀ ਕਮੀ ਹੋ ਸਕਦੀ ਹੈ । ਇਸ ਤੋਂ ਪਹਿਲਾਂ ਪਿਛਲੇ ਮਹੀਨੇ ਹਿੱਟ ਐਂਡ ਰਨ ਕੇਸ ਦਾ ਨਵਾਂ ਕਾਨੂੰਨ ਬਣਾਉਣ ਦੀ ਵਜ੍ਹਾ ਕਰਕੇ ਪੂਰੇ ਦੇਸ਼ ਦੇ ਟਰੱਕ ਡਰਾਈਵਰਾਂ ਨੇ ਹੜਤਾਲ ਕਰ ਦਿੱਤੀ ਜਿਸ ਦੀ ਵਜ੍ਹਾ ਕਰਕੇ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਪੈਟਰੋਲ ਦੀ ਕਮੀ ਹੋ ਗਈ ਸੀ ਅਤੇ ਪੈਟਰੋਲ ਪੰਪਾਂ ‘ਤੇ ਲੰਮੀਆਂ-ਲੰਮੀਆਂ ਲਾਈਨਾਂ ਵੇਖਣ ਨੂੰ ਮਿਲਿਆ ਸਨ ।