Punjab

ਬਾਦਲਾਂ ਨੂੰ ਮੂੰਹ ਨਹੀਂ ਲਾਉਂਦੇ ਪੰਜਾਬ ਦੇ ਲੋਕ : ਭੱਠਲ

‘ਦ ਖ਼ਾਲਸ ਬਿਊਰੋ :- ਪੰਜਾਬ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਤੇ ਕਾਂਗਰਸ ਦੀ ਸੀਨੀਅਰ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਨੇ ਅਕਾਲੀ ਦਲ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਅਕਾਲੀ ਦਲ ਕਈ ਟੁਕੜਿਆਂ ਵਿੱਚ ਵੰਡਿਆ ਜਾ ਚੁੱਕਾ ਹੈ ਅਤੇ ਹੁਣ ਪੰਜਾਬ ‘ਚ ਅਕਾਲੀ ਦਲ ਦਾ ਚੰਗਾ ਭਵਿੱਖ ਨਜ਼ਰ ਨਹੀਂ ਦਿਖਾਈ ਦੇ ਰਿਹਾ ਹੈ। ਪੰਜਾਬ ਦੀ ਕੋਈ ਵੀ ਧਿਰ ਅਕਾਲੀ ਦਲ ਨੂੰ ਮੂੰਹ ਨਹੀਂ ਲਾ ਰਹੀ।

ਬੀਬੀ ਭੱਠਲ ਨੇ ਕਿਹਾ ਕਿ ਬਾਦਲ-ਢੀਂਡਸਾ ਪਰਿਵਾਰਾਂ ਦੀ ਲੜਾਈ ਹੁਣ ਸਿਰਫ ਗੋਲਕਾਂ ਤੱਕ ਸੀਮਤ ਰਹਿ ਗਈ ਹੈ। ਪੰਜਾਬ ਦੇ ਲੋਕਾਂ ਨੂੰ ਹੁਣ ਇਨ੍ਹਾਂ ਤੋਂ ਕੋਈ ਆਸ ਨਹੀਂ ਰਹੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹੁਣ ਸਿਆਸੀ ਲੀਹ ਤੋਂ ਲਹਿ ਚੁੱਕਿਆ ਹੈ ਜਦਕਿ ਕਾਂਗਰਸ ਰਾਸ਼ਟਰੀ ਪਾਰਟੀ ਹੈ, ਜੋ ਸੰਵਿਧਾਨ ਵਿੱਚ ਯਕੀਨ ਰੱਖਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਆਰਡੀਨੈਂਸਾਂ ਦੇ ਖਿਲਾਫ਼ ਹੈ। ਇਹ ਆਰਡੀਨੈਸ ਕਿਸਾਨ, ਮਜ਼ਦੂਰ ਅਤੇ ਆੜ੍ਹਤੀਆਂ ਲਈ ਘਾਤਕ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਲੋਕਾਂ ਵਿੱਚ ਕੋਈ ਆਧਾਰ ਨਹੀਂ ਹੈ। ਇਸ ਮੌਕੇ ਓਐਸਡੀ ਰਵਿੰਦਰ ਸਿੰਘ ਟੁਰਨਾ, ਮੀਡੀਆ ਸਲਾਹਕਾਰ ਸਨਮੀਕ ਸਿੰਘ ਹੈਨਰੀ, ਮਾਰਕੀਟ ਕਮੇਟੀ ਦੇ ਚੇਅਰਮੈਨ ਜਸਵਿੰਦਰ ਸਿੰਘ ਰਿੰਪੀ, ਸੰਜੀਵ ਹਨੀ, ਕੌਂਸਲਰ ਗੁਰਲਾਲ ਸਿੰਘ ਆਦਿ ਹਾਜ਼ਰ ਸਨ।