ਬਿਉਰੋ ਰਿਪੋਰਟ: ਓਟਾਵਾ ਦੀ ਪੰਜਾਬੀ ਜੰਮਪਲ ਜੈਸਿਕਾ (Jessica Gaudreault) ਓਲੰਪਿਕ ਖੇਡਾਂ 2024 (Olympic Games Paris 2024) ਲਈ ਕੈਨੇਡਾ ਦੀ ਮਹਿਲਾ ਵਾਟਰ ਪੋਲੋ ਟੀਮ ਦੀ ਮੈਂਬਰ ਚੁਣੀ ਗਈ ਹੈ। ਇਸ ਤੋਂ ਪਹਿਲਾਂ ਟੋਕੀਓ 2020 ਉਲੰਪਿਕ ਖੇਡਾਂ ਲਈ ਉਹ ਕੈਨੇਡੀਅਨ ਟੀਮ ਵਿੱਚ ਇੱਕ ਬਦਲ ਵਜੋਂ ਵੀ ਮੌਜੂਦ ਰਹੀ ਸੀ ਜਦਕਿ ਇਸ ਵਾਰ ਜੈਸਿਕਾ ਨੇ ਕੈਨੇਡਾ ਦੀ ਪੈਰਿਸ ਉਲੰਪਿਕ 2024 ਖੇਡਣ ਵਾਲੀ ਵਾਟਰ ਪੋਲੋ ਟੀਮ ਵਿੱਚ ਮੁੱਖ ਸਥਾਨ ਬਣਾਇਆ ਹੈ।
ਜੈਸਿਕਾ ਦਾ ਜਨਮ ਬੇਸ਼ੱਕ ਕੈਨੇਡਾ ਦੀ ਧਰਤੀ ’ਤੇ ਹੋਇਆ ਹੈ ਪਰ ਉਹ ਪੰਜਾਬ ਦੀ ਧੀ ਹੈ। ਜੈਸਿਕਾ ਕੈਨੇਡਾ ਦੀ ਆਰ.ਸੀ.ਐਮ.ਪੀ. ਅਧਿਕਾਰੀ ਅਜੀਤ ਕੌਰ ਟਿਵਾਣਾ ਦੀ ਧੀ ਹੈ। ਪੰਜਾਬ ਦੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਭ ਤੋਂ ਵੱਡੇ ਪਿੰਡ ਚਨਾਰਥਲ ਕਲਾਂ ਦੀ ਜੰਮਪਲ ਅਜੀਤ ਕੌਰ ਟਿਵਾਣਾ ਕੈਨੇਡਾ ਵਿੱਚ ਏਸ਼ੀਆ ਦੀ ਪਹਿਲੀ ਉਹ ਲੜਕੀ ਹੈ, ਜੋ ਆਰ.ਸੀ.ਐਮ.ਪੀ. ਅਧਿਕਾਰੀ ਵਜੋਂ ਤਾਇਨਾਤ ਹੋਈ ਸੀ।
ਹੁਣ ਅਜੀਤ ਕੌਰ ਟਿਵਾਣਾ ਦੀ ਧੀ ਤੇ ਰਿਟਾ. ਫ਼ੌਜ ਅਧਿਕਾਰੀ ਤੇ ਨਾਮਵਰ ਲੇਖਕ ਅਮਰਜੀਤ ਸਿੰਘ ਸਾਥੀ ਦੀ ਦੋਹਤੀ ਜੈਸਿਕਾ ਨੇ ਕੈਨੇਡਾ ਦੇ ਵਿੱਚ ਵੱਡਾ ਮਾਅਕਾ ਮਾਰਦਿਆਂ ਸਾਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।