Punjab

ਪੰਜਾਬ ਨਗਰ ਕੌਂਸਲ ਚੋਣਾਂ: ਪੱਟੀ ‘ਚ ਗੋਲੀ ਚੱਲਣ ਦੀਆਂ ਖਬਰਾਂ, ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਹੰਗਾਮਾ

‘ਦ ਖ਼ਾਲਸ ਬਿਊਰੋ :- ਪੱਟੀ ਵਿੱਚ ਵੋਟਿੰਗ ਦੌਰਾਨ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆ ਰਹੀ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਾਲੇ ਝੜਪ ਹੋਈ ਅਤੇ ਫਾਇਰਿੰਗ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਵਰਕਰ ਜ਼ਖਮੀ ਵੀ ਹੋਇਆ ਹੈ। ਕਾਂਗਰਸ ‘ਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਹਾਲਾਂਕਿ, ਪੁਲਿਸ ਪ੍ਰਸ਼ਾਸਨ ਨੇ ਫਾਇਰਿੰਗ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਪੱਟੀ ਵਿੱਚ ਕਰੀਬ 19 ਵਾਰਡ ਹਨ ਅਤੇ ਇਸ ਸਮੇਂ 14 ਵਾਰਡਾਂ ‘ਤੇ ਚੋਣ ਪ੍ਰਤੀਕਿਰਿਆ ਜਾਰੀ ਹੈ। ਸੀਨੀਅਰ ਲੀਡਰ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਉੱਤੇ ਇਸਦੀ ਜਾਣਕਾਰੀ ਦਿੱਤੀ ਹੈ।

ਜਾਣਕਾਰੀ ਮੁਤਾਬਕ ਮੋਹਾਲੀ ਦੇ ਵਾਰਡ ਨੰਬਰ 38 ਵਿੱਚ ਵੋਟਿੰਗ ਦੌਰਾਨ ਹੰਗਾਮਾ ਹੋਇਆ ਹੈ। ਵੋਟਿੰਗ ਦੌਰਾਨ ਇੱਕ ਵਿਅਕਤੀ ਪੈਸੇ ਵੰਡਦਾ ਹੋਇਆ ਕਾਬੂ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਲੜਕੇ ‘ਤੇ ਇਲਜ਼ਾਮ ਲਗਾ ਰਹੀ ਹੈ ਕਿ ਉਨ੍ਹਾਂ ਦਾ ਲੜਕਾ ਵੋਟਾਂ ਲਈ ਪੈਸੇ ਵੰਡ ਰਿਹਾ ਹੈ। ਅਕਾਲੀ ਦਲ ਨੇ ਕਿਹਾ ਕਿ ਕੁਲਵੰਤ ਸਿੰਘ ਦੇ ਬੰਦੇ ਕੱਲ੍ਹ ਵੀ ਵੋਟਾਂ ਲਈ ਸ਼ਰਾਬ ਵੰਡਦਾ ਵੇਖਿਆ ਗਿਆ ਸੀ।

ਗੁਰਦਾਸਪੁਰ ਦੇ ਕਈ ਵਾਰਡਾਂ ਵਿੱਚ ਵੀ ਜ਼ਬਰਦਸਤ ਹੰਗਾਮਾ ਹੋਇਆ ਹੈ। ਭਾਰਤੀ ਜਨਤਾ ਪਾਰਟੀ ਕਾਂਗਰਸ ਪਾਰਟੀ ‘ਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾ ਰਹੀ ਹੈ। ਪੰਜਾਬ ਬੀਜੇਪੀ ਦੇ ਸੀਨੀਅਰ ਲੀਡਰ ਅਨਿਲ ਸਰੀਨ ਨੇ ਕਾਂਗਰਸ ‘ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸੂਬਾ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ। ਸਰੀਨ ਨੇ ਕਿਹਾ ਕਿ ਬੀਜੇਪੀ ਦੇ ਪੋਲਿੰਗ ਏਜੰਟ ਬੂਥਾਂ ‘ਤੇ ਬੈਠਣ ਨਹੀਂ ਦਿੱਤਾ ਜਾ ਰਿਹਾ। ਸਰੀਨ ਨੇ ਗੁਰਦਾਸਪੁਰ ਦੇ ਕਈ ਬੂਥਾਂ ਦਾ ਵੇਰਵਾ ਦਿੱਤਾ ਹੈ।

ਬਟਾਲਾ ‘ਚ ਵੀ ਵੋਟਿੰਗ ਦੌਰਾਨ ਤਕਰਾਰ ਹੋਇਆ ਹੈ। ਕਾਂਗਰਸ ਤੇ ਅਜ਼ਾਦ ਉਮੀਦਵਾਰਾਂ ਵਿਚਾਲੇ
ਵੋਟਿੰਗ ਨੂੰ ਲੈ ਕੇ ਹੱਥੋਪਾਈ ਹੋਈ ਹੈ। ਧੱਕਾ-ਮੁੱਕੀ ਦੌਰਾਨ ਪੱਗਾਂ ਵੀ ਲੱਥੀਆਂ। ਕਾਂਗਰਸ ਵਰਕਰਾਂ ‘ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਗਏ ਹਨ।ਕਾਂਗਰਸ ਵਰਕਰਾਂ ‘ਤੇ ਜਾਅਲੀ ਵੋਟਿੰਗ ਦੇ ਇਲਜ਼ਾਮ ਲਾਏ ਗਏ ਹਨ।

ਰੂਪਨਗਰ ‘ਚ ਵੀ ਵੋਟਿੰਗ ਦੌਰਾਨ ਭਿਆਨਕ ਝੜਪ ਹੋਈ। ਇਸ ਦੌਰਾਨ ਪੱਥਰਬਾਜ਼ੀ ਵਿਚਾਲੇ ਭਾਰੀ ਫੋਰਸ ਤਾਇਨਾਤ ਕੀਤੀ ਗਈ ਹੈ। ਪਟਿਆਲਾ ਜ਼ਿਲ੍ਹੇ ਦੇ ਚਾਰ ਸ਼ਹਿਰਾਂ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਅੱਜ ਰਾਜਪੁਰਾ ਦੇ ਦੋ ਅਤੇ ਸਮਾਣਾ ਦੇ ਇੱਕ ਵਾਰਡ ਵਿੱਚ ਗੜਬੜੀ ਹੋਣ ਦੇ ਮਾਮਲੇ ਸਾਹਮਣੇ ਆਏ ਹਨ।

ਰਾਜਪੁਰਾ ਵਿਚ ਵਾਰਡ ਨੰਬਰ 23 ‘ਚ ਕੁਝ ਨੌਜਵਾਨਾਂ ਵੱਲੋਂ ਬੂਥ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਮਾਣਾ ਦੇ ਵਾਰਡ ਨੰਬਰ ਅੱਠ ਵਿਚ ਵੀ ਕੁਝ ਨੌਜਵਾਨਾ ਨੇ ਬੂਥ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਥੋਂ ਅਕਾਲੀ ਉਮੀਦਵਾਰ ਤੇ ਸਾਬਕਾ ਪ੍ਰਧਾਨ ਕਪੂਰ ਚੰਦ ਬਾਂਸਲ ਨੇ ਇਸ ਘਟਨਾ ਪਿੱਛੇ ਕਾਂਗਰਸ ਦਾ ਹੱਥ ਦੱਸਿਆ ਹੈ।