ਬਿਊਰੋ ਰਿਪੋਰਟ (ਚੰਡੀਗੜ੍ਹ, 22 ਨਵੰਬਰ 2025): ਬਟਾਲਾ ਨਗਰ ਨਿਗਮ ਦੇ ਕਮਿਸ਼ਨਰ ਅਤੇ ਐਸ.ਡੀ.ਐਮ. ਵਿਕਰਮਜੀਤ ਸਿੰਘ ਪਾਂਥੇ ਨੂੰ ਪੁਲਿਸ ਨੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕਰ ਲਿਆ ਹੈ। ਕਮਿਸ਼ਨਰ ਦੀ ਸਰਕਾਰੀ ਰਿਹਾਇਸ਼ ’ਤੇ ਵਿਜੀਲੈਂਸ ਨੇ ਛਾਪਾ ਮਾਰਿਆ, ਜਿੱਥੋਂ ਸਾਢੇ 13 ਲੱਖ ਰੁਪਏ ਨਕਦ ਬਰਾਮਦ ਹੋਏ। ਕਾਰਵਾਈ ਤੋਂ ਬਾਅਦ ਵਿਜੀਲੈਂਸ ਨੇ ਕਮਿਸ਼ਨਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦਰਅਸਲ, ਗੁਰਦਾਸਪੁਰ ਦੇ ਬਟਾਲਾ ਦੇ ਇੱਕ ਠੇਕੇਦਾਰ ਦੀ ਸ਼ਿਕਾਇਤ ’ਤੇ ਵਿਜੀਲੈਂਸ ਟੀਮ ਨੇ ਕਮਿਸ਼ਨਰ ਦੇ ਘਰ ਛਾਪਾ ਮਾਰਿਆ ਸੀ। ਸ਼ੁੱਕਰਵਾਰ ਰਾਤ 12:30 ਵਜੇ ਤੱਕ ਕਮਿਸ਼ਨਰ ਤੋਂ ਪੁੱਛਗਿੱਛ ਕੀਤੀ ਗਈ। ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ। ਲਗਭਗ 3 ਘੰਟੇ ਦੀ ਪੁੱਛਗਿੱਛ ਅਤੇ ਘਰ ਦੀ ਜਾਂਚ ਤੋਂ ਬਾਅਦ ਟੀਮ ਕਮਿਸ਼ਨਰ ਨੂੰ ਗੱਡੀ ਵਿੱਚ ਬਿਠਾ ਕੇ ਨਾਲ ਲੈ ਗਈ।
ਕਮਿਸ਼ਨਰ ਨੂੰ ਲੈ ਜਾਣ ਤੋਂ ਪਹਿਲਾਂ ਟੀਮ ਨੇ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਨੂੰ ਸੀਲ ਕਰ ਦਿੱਤਾ। ਕਮਿਸ਼ਨਰ ’ਤੇ ਇਹ ਕਾਰਵਾਈ ਠੇਕੇਦਾਰ ਤੋਂ ਬਿੱਲ ਪਾਸ ਕਰਨ ਬਦਲੇ 10 ਫੀਸਦੀ ਹਿੱਸਾ ਮੰਗਣ ’ਤੇ ਕੀਤੀ ਗਈ ਹੈ। ਠੇਕੇਦਾਰ ਨੇ ਕਮਿਸ਼ਨਰ ਦੇ ਖ਼ਿਲਾਫ਼ ਇਸਦੀ ਸ਼ਿਕਾਇਤ ਵਿਜੀਲੈਂਸ ਬਿਊਰੋ ਗੁਰਦਾਸਪੁਰ ਨੂੰ ਦਿੱਤੀ ਸੀ। ਇਸ ਤੋਂ ਬਾਅਦ ਵਿਜੀਲੈਂਸ ਨੇ ਜਾਲ ਵਿਛਾ ਕੇ (ਟ੍ਰੈਪ ਲਗਾ ਕੇ) ਕਮਿਸ਼ਨਰ ਨੂੰ ਰਿਸ਼ਵਤ ਲੈਂਦਿਆਂ ਫੜ ਲਿਆ।

