‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਮੁਕਤੀ ਮੋਰਚਾ ਦੇ ਬੈਨਰ ਹੇਠ ਅੱਜ 12 ਪਾਰਟੀਆਂ ਇਕੱਠੀਆਂ ਹੋਈਆਂ। ਇਨ੍ਹਾਂ ਪਾਰਟੀਆਂ ਵਿੱਚ ਯੂਨਾਈਟਿਡ ਅਕਾਲੀ ਦਲ, ਪੰਥਕ ਅਧਿਕਾਰ ਲਹਿਰ, ਪੰਜਾਬ ਬਹੁਜਨ ਸਮਾਜ ਪਾਰਟੀ, ਬਹੁਜਨ ਮੁਕਤੀ ਪਾਰਟੀ, ਭਾਰਤੀ ਵਪਾਰ ਅਤੇ ਉਦਯੋਗ ਮਹਾਸੰਘ (ਭਾਰਤੀ ਆਰਥਿਕ ਪਾਰਟੀ ), ਕਿਰਤੀ ਅਕਾਲੀ ਦਲ, ਰਿਪਬਲਿਕ ਪਾਰਟੀ ਆਫ ਇੰਡੀਆ, ਆਜ਼ਾਦ ਸਮਾਜ ਪਾਰਟੀ, ਨਰੇਗਾ ਮਜ਼ਦੂਰ ਕਿਸਾਨ ਪਾਰਟੀ, ਮਜ਼ਦੂਰ ਕਿਸਾਨ, ਦਲਿਤ ਫਰੰਟ ,ਪੰਜਾਬ ਲੋਕ ਜਨਸ਼ਕਤੀ ਸ਼ਾਮਿਲ ਹਨ। ਇਨ੍ਹਾਂ ਪਾਰਟੀਆਂ ਵੱਲੋਂ ਅੱਜ ਜਲੰਧਰ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਪਾਰਟੀਆਂ ਦੇ ਲੀਡਰਾਂ ਨੇ ਕਿਹਾ ਕਿ ਅਸੀਂ ਸਮੁੱਚੇ ਸਿਸਟਮ ਵਿੱਚ ਤਬਦੀਲੀ ਕਰਨ ਲਈ ਇਕੱਠੇ ਹੋਏ ਹਾਂ। ਅਸੀਂ ਲੰਮੀ ਸਮਾਜਿਕ-ਰਾਜਨੀਤਿਕ ਤਬਦੀਲੀ ਲਈ ਇਕੱਠੇ ਹੋ ਕੇ ਸੰਘਰਸ਼ ਕਰਨ ਦਾ ਫੈਸਲਾ ਕੀਤਾ ਹੈ। ਸਾਰੇ ਸਿਸਟਮ ਨੂੰ ਵਿਗਾੜਨ ਲਈ ਅਸੀਂ ਕਾਂਗਰਸ, ਅਕਾਲੀ ਦਲ, ਬੀਜੇਪੀ ਨੂੰ ਜ਼ਿੰਮੇਵਾਰ ਸਮਝਦੇ ਹਾਂ।
ਅਸੀਂ ਸਮੁੱਚੀਆਂ ਸੰਸਥਾਵਾਂ ਦੀ ਖੁਦਮੁਖਤਿਆਰੀ ਚਾਹੁੰਦੇ ਹਾਂ। ਪੰਜਾਬ ਦੀ ਜਮਹੂਰੀ ਸਿਸਟਮ ਨੂੰ ਮਜ਼ਬੂਤ ਕਰਨ ਲਈ ਅਸੀਂ ਇੱਕ ਸ਼ਾਂਤਮਈ ਲਹਿਰ ਬਣਾਉਣ ਲਈ ਵਚਨਬੱਧ ਹੋਏ ਹਾਂ। ਇਸੇ ਨੂੰ ਮਜ਼ਬੂਤ ਕਰਨ ਲਈ ਅਸੀਂ ਚਾਰ-ਪੰਜ ਪ੍ਰੋਗਰਾਮ ਰੱਖੇ ਹਨ। ਜਿਹੜੀਆਂ ਵੀ ਜਥੇਬੰਦੀਆਂ ਹਨ ਚਾਹੇ ਉਹ ਕਿਸਾਨ ਜਥੇਬੰਦੀਆਂ ਹਨ, ਉਨ੍ਹਾਂ ਨਾਲ ਤਾਲਮੇਲ ਕਰਕੇ ਅਸੀਂ ਆਪਣਾ ਦਾਇਰਾ ਵਧਾਵਾਂਗੇ। ਅਸੀਂ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਕੋਈ ਐੱਸਆਈਟੀ ਨਹੀਂ ਬਣਾਵਾਂਗੇ, ਸਿੱਧਾ ਐੱਫਆਈਆਰ ਦਰਜ ਕਰਕੇ ਇਨ੍ਹਾਂ ਤੋਂ ਪੁੱਛਗਿੱਛ ਕਰਕੇ ਇਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਗਰੀਬਾਂ ਵਿੱਚ ਵੰਡਾਂਗੇ। ਜਥੇਬੰਦੀਆਂ ਨੇ ਕੋਟਕਪੂਰਾ ਬੇਅਦਬੀ ਮਾਮਲੇ ਲਈ ਅਕਾਲੀ ਦਲ, ਸੁਮੇਧ ਸੈਣੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਚੰਨੀ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਉਹ ਐਲਾਨ ਤਾਂ ਬਹੁਤ ਕਰਦੇ ਹਨ ਪਰ ਉਨ੍ਹਾਂ ਦੇ ਐਲਾਨਾਂ ਵਿੱਚ ਕੋਈ ਅਮਲ ਨਹੀਂ ਹੈ।
- ਸਾਰੇ ਪ੍ਰੋਗਰਾਮ ਪੰਜਾਬ ਮੁਕਤੀ ਮੋਰਚੇ ਦੀ ਸਰਪ੍ਰਸਤੀ ਹੇਠ ਹੋਣਗੇ ਅਤੇ ਵੱਖ-ਵੱਖ ਜਥੇਬੰਦੀਆਂ ਪ੍ਰੋਗਰਾਮ ਨੂੰ ਉਲੀਕਣਗੀਆਂ। 6 ਦਸੰਬਰ ਨੂੰ ਨਰੇਗਾ ਮਜ਼ਦੂਰ ਕਿਸਾਨ ਪਾਰਟੀ ਸਮਾਣਾ ਵਿੱਚ ਬਹੁਤ ਵੱਡਾ ਇਕੱਠ ਕਰ ਰਹੇ ਹਨ। ਅਸੀਂ ਸਾਰੇ ਉਸ ਵਿੱਚ ਸ਼ਾਮਿਲ ਹੋਵਾਂਗੇ।
- 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਮੌਕੇ ਯੂਨਾਈਟਿਡ ਅਕਾਲੀ ਦਲ ਵੱਲੋਂ ਅਸੀਂ ਗੁਰਦੁਆਰਾ ਰਕਾਬ ਗੰਜ ਸਾਹਿਬ ਤੋਂ ਪ੍ਰਧਾਨ ਮੰਤਰੀ ਨਿਵਾਸ ਤੱਕ ਰੋਸ ਮਾਰਚ ਕਰਕੇ ਆਪਣਾ ਯਾਦ ਪੱਤਰ ਦੇਣਾ ਹੈ।
- 12 ਦਸੰਬਰ ਨੂੰ ਅੰਬੇਦਕਰ ਜਥੇਬੰਦੀਆਂ ਦੀ ਜਲੰਧਰ ਵਿੱਚ ਮੀਟਿੰਗ ਹੈ।
- 13 ਦਸੰਬਰ ਨੂੰ ਮੋਗਾ ਵਿਖੇ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ 101 ਪੂਰਾ ਹੋਣ ‘ਤੇ ਅਕਾਲੀ ਦਲ ਬਾਰੇ ਚਰਚਾ ਕਰਾਂਗੇ ਕਿਉਂਕਿ ਅਕਾਲੀ ਦਲ ਦੀ ਵਰਤਮਾਨ ਲੀਡਰਸ਼ਿਪ ਨੇ ਅਕਾਲੀ ਦਲ ਦੇ ਸਿਧਾਂਤਾਂ ਦਾ ਭੋਗ ਪਾ ਦਿੱਤਾ ਹੈ।
- 19 ਦਸੰਬਰ ਨੂੰ ਲੁਧਿਆਣਾ ਵਿੱਚ ਅਸੀਂ ਵਪਾਰੀਆਂ ਦੀ ਇੱਕ ਵੱਡੀ ਮੀਟਿੰਗ ਕਰ ਰਹੇ ਹਨ। ਅਸੀਂ ਸਾਰੇ ਉੱਥੇ ਇਕੱਠੇ ਹੋਵਾਂਗੇ।
- 1 ਜਨਵਰੀ ਨੂੰ ਅਸੀਂ ਅੰਮ੍ਰਿਤਸਰ ਵਿੱਚ ਇੱਕ ਵੱਡਾ ਇਕੱਠ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਆਪਣਾ ਹਲਫੀਆ ਬਿਆਨ (Affidevit) ਦੇਵਾਂਗੇ। ਉਸ ਤੋਂ ਬਾਅਦ ਇਨ੍ਹਾਂ ਨਿਰਦੇਸ਼ਾਂ ਦੀ ਪ੍ਰਾਪਤੀ ਲਈ ਅਰਦਾਸ ਕਰਾਂਗੇ।