ਬਿਉਰੋ ਰਿਪੋਰਟ: ਦੇਹਰਾਦੂਨ ISBT ’ਤੇ ਇੱਕ ਨਾਬਾਲਿਗ ਲੜਕੀ ਨਾਲ ਸਮੂਹਿਕ ਬਲਾਤਕਾਰ ਦੇ ਮਾਮਲੇ ’ਚ ਪੁਲਿਸ ਨੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸਐਸਪੀ ਅਜੈ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਬੱਸ ਸਟਾਫ਼ ਲੜਕੀ ਨੂੰ ਦਿੱਲੀ ਤੋਂ ਦੇਹਰਾਦੂਨ ਲੈ ਕੇ ਆਇਆ ਸੀ। ਇਸ ਬੱਸ ਵਿੱਚ ਪੰਜ ਲੋਕਾਂ ਨੇ ਬੱਚੀ ਨਾਲ ਬਲਾਤਕਾਰ ਕੀਤਾ।
ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਦੋ ਬੱਸ ਡਰਾਈਵਰ, ਇੱਕ ਕੰਡਕਟਰ, ਇੱਕ ਕੈਸ਼ੀਅਰ ਅਤੇ ਇੱਕ ਸਫ਼ਾਈ ਕਰਮਚਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਤਰਾਖੰਡ ਤੋਂ ਇਸ ਬੱਸ ਨੂੰ ਵੀ ਬਰਾਮਦ ਕਰਕੇ ਕਬਜ਼ੇ ਵਿੱਚ ਲੈ ਲਿਆ ਹੈ।
ਮੁਲਜ਼ਮਾਂ ਵਿੱਚ ਧਰਮਿੰਦਰ ਕੁਮਾਰ (32) ਪੁੱਤਰ ਯਸ਼ਪਾਲ ਸਿੰਘ ਵਾਸੀ ਪਿੰਡ ਬੰਜਾਰਾ ਵਾਲਾ ਗ੍ਰਾਂਟ ਥਾਣਾ ਬੁੱਗੇ ਵਾਲਾ ਹਰਿਦੁਆਰ, ਦੇਵੇਂਦਰ (52) ਪੁੱਤਰ ਫੂਲਚੰਦ ਵਾਸੀ ਚੂੜੀਆਂ ਵਾਲਾ ਭਗਵਾਨਪੁਰ ਹਰਿਦੁਆਰ, ਰਵੀ ਕੁਮਾਰ (34) ਪੁੱਤਰ ਦਯਾਰਾਮ ਵਾਸੀ ਪਿੰਡ ਸੀਲਾ, ਥਾਣਾ-ਨਵਾਬਗੰਜ, ਜ਼ਿਲ੍ਹਾ ਫਰੂਖਾਬਾਦ, ਯੂ.ਪੀ., ਰਾਜਪਾਲ (57) ਪੁੱਤਰ ਸ. ਕਿਸ਼ਨ ਸਿੰਘ ਵਾਸੀ ਬੰਜਾਰਾਵਾਲਾ ਗ੍ਰਾਂਟ ਥਾਣਾ ਬੁੱਗਾਂਵਾਲਾ, ਹਰਿਦੁਆਰ ਅਤੇ ਰਾਜੇਸ਼ ਕੁਮਾਰ ਸੋਨਕਰ (38) ਪੁੱਤਰ ਲਾਲ ਚੰਦਰ ਸੋਨਕਰ ਵਾਸੀ ਮਾਜਰਾ, ਪਟੇਲਨਗਰ, ਦੇਹਰਾਦੂਨ ਸ਼ਾਮਲ ਹਨ।
ਜਾਣੋ ਪੂਰਾ ਮਾਮਲਾ
ਲੜਕੀ 13 ਅਗਸਤ ਦੀ ਸ਼ਾਮ ਨੂੰ ISBT ਵਿਖੇ ਬਦਹਵਾਸ ਮਿਲੀ ਸੀ। ਡਰੀ ਹੋਈ ਲੜਕੀ ਨੇ ਮੌਕੇ ’ਤੇ ਕੁਝ ਨਹੀਂ ਕਿਹਾ। ਇਸ ਤੋਂ ਬਾਅਦ ਉਸਦੀ ਕਾਊਂਸਲਿੰਗ ਕਰਵਾਈ ਗਈ ਅਤੇ ਫਿਰ ਉਸ ਨਾਲ ਵਾਪਰੀ ਘਟਨਾ ਦਾ ਪਤਾ ਲੱਗਾ। ਕਾਊਂਸਲਿੰਗ ਦੌਰਾਨ ਸਾਹਮਣੇ ਆਇਆ ਕਿ ਬੱਸ ’ਚ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਲੜਕੀ ਪੰਜਾਬ ਦੀ ਰਹਿਣ ਵਾਲੀ ਹੈ। ਉਸ ਸਮੇਂ ਉਹ ਪੰਜਾਬ ਤੋਂ ਦਿੱਲੀ, ਫਿਰ ਮੁਰਾਦਾਬਾਦ ਅਤੇ ਫਿਰ ਦੇਹਰਾਦੂਨ ਪਹੁੰਚੀ ਸੀ। ਪਟੇਲਨਗਰ ਦੇ ਇੰਸਪੈਕਟਰ ਕੇਕੇ ਲੁੰਥੀ ਨੇ ਦੱਸਿਆ ਕਿ ਇਸ ਮਾਮਲੇ ’ਚ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।