India International Punjab

ਪ੍ਰਦੂਸ਼ਣ ਨੂੰ ਲੈ ਕੇ ਲਹਿੰਦੇ ਪੰਜਾਬ ਨੇ ਫਿਰ ਭਾਰਤ ’ਤੇ ਲਾਏ ਇਲਜ਼ਾਮ; ‘ਅੰਮ੍ਰਿਤਸਰ-ਦਿੱਲੀ ਦੀਆਂ ਹਵਾਵਾਂ ਕਾਰਨ ਲਾਹੌਰ ’ਚ ਪ੍ਰਦੂਸ਼ਣ’

ਬਿਉਰੋ ਰਿਪੋਰਟ: ਲਹਿੰਦੇ ਪੰਜਾਬ ਸੂਬੇ ਦੀ ਮੰਤਰੀ ਮਰੀਅਮ ਔਰੰਗਜ਼ੇਬ ਨੇ ਲਾਹੌਰ ਦੇ ਹਾਲਾਤ ਲਈ ਇੱਕ ਵਾਰ ਫਿਰ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਸਬੰਧੀ ਪਾਕਿ ਪੰਜਾਬ ਸਰਕਾਰ ਸੋਮਵਾਰ ਨੂੰ ਪਾਕਿਸਤਾਨ ਸਰਕਾਰ ਨੂੰ ਪੱਤਰ ਲਿਖੇਗੀ, ਤਾਂ ਜੋ ਡਿਪਲੋਮੈਟਿਕ ਚੈਨਲਾਂ ਦੀ ਵਰਤੋਂ ਕਰਕੇ ਭਾਰਤ ’ਤੇ ਦਬਾਅ ਬਣਾਇਆ ਜਾ ਸਕੇ। ਹਵਾ ਪ੍ਰਦੂਸ਼ਣ ਦੀ ਗੰਭੀਰ ਸਥਿਤੀ ਦੇ ਮੱਦੇਨਜ਼ਰ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸਥਿਤ ਲਾਹੌਰ ਵਿੱਚ ਤਾਲਾਬੰਦੀ ਸ਼ੁਰੂ ਕਰ ਦਿੱਤੀ ਗਈ ਹੈ। ਇੱਥੇ ਸਕੂਲ ਬੰਦ ਕਰ ਦਿੱਤੇ ਗਏ ਹਨ।

ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਅੱਜ ਲਾਹੌਰ ਦਾ ਏਅਰ ਕੁਆਲਿਟੀ ਇੰਡੈਕਸ (AQI) 1000 ਤੋਂ ਵੱਧ ਪਹੁੰਚ ਗਿਆ ਹੈ ਅਤੇ ਹਵਾ ਦੀ ਦਿਸ਼ਾ ਇਸ ਵੇਲੇ ਅੰਮ੍ਰਿਤਸਰ-ਚੰਡੀਗੜ੍ਹ ਤੋਂ ਲਾਹੌਰ ਵੱਲ ਹੈ। ਉਨ੍ਹਾਂ ਦੱਸਿਆ ਕਿ ਭਾਰਤ ਤੋਂ ਆਉਣ ਵਾਲੀਆਂ ਪੂਰਬੀ ਹਵਾਵਾਂ ਦੀ ਰਫ਼ਤਾਰ ਤੇਜ਼ ਹੈ, ਜਿਸ ਕਾਰਨ ਲਾਹੌਰ ਵਿੱਚ ਪ੍ਰਦੂਸ਼ਣ ਦਾ ਪੱਧਰ ਵੱਧ ਰਿਹਾ ਹੈ। ਇਸ ਦਾ AQI ਫਿਰ 1173 ’ਤੇ ਪਹੁੰਚ ਗਿਆ ਹੈ। ਜੇਕਰ ਹਵਾ ਦੀ ਦਿਸ਼ਾ ਪਾਕਿਸਤਾਨ ਤੋਂ ਭਾਰਤ ਵੱਲ ਹੈ ਤਾਂ AQI 500 ਦੇ ਨੇੜੇ ਵੀ ਪਹੁੰਚ ਰਿਹਾ ਹੈ।

ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਦਿੱਲੀ ਤੋਂ ਸ਼ੁਰੂ ਹੋਇਆ ਇਹ ਪ੍ਰਦੂਸ਼ਣ ਲਾਹੌਰ ਦੇ ਮਾਹੌਲ ਨੂੰ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ ਅਤੇ ਲਾਹੌਰ ਦੀ ਹਵਾ ਦੀ ਗੁਣਵੱਤਾ ਦਾ ਪੱਧਰ ਸਾਲ ਦੇ 365 ਦਿਨਾਂ ਵਿੱਚੋਂ 220 ਦਿਨ ਨੈਗੇਟਿਵ ਰਹਿੰਦਾ ਹੈ। ਅਗਲੇ ਇਕ ਹਫ਼ਤੇ ਤੱਕ ਹਵਾ ਦਾ ਰੁਖ਼ ਲਾਹੌਰ ਵੱਲ ਰਹਿਣ ਦੀ ਸੰਭਾਵਨਾ ਹੈ, ਜਿਸ ਕਾਰਨ ਪ੍ਰਦੂਸ਼ਣ ਹੋਰ ਵਧ ਸਕਦਾ ਹੈ।

ਡਿਪਲੋਮੇਸੀ ਚੈਨਲਾਂ ਦੀ ਵਰਤੋਂ ਕਰੇਗਾ ਪਾਕਿਸਤਾਨ

ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਪੰਜਾਬ ਸਰਕਾਰ ਸੋਮਵਾਰ ਨੂੰ ਪਾਕਿਸਤਾਨ ਸਰਕਾਰ ਨੂੰ ਪੱਤਰ ਲਿਖ ਕੇ ਲਾਹੌਰ ਦੇ ਹਾਲਾਤ ਤੋਂ ਜਾਣੂ ਕਰਵਾਏਗੀ। ਇਸ ਦੇ ਨਾਲ ਹੀ ਪਾਕਿਸਤਾਨ ਸਰਕਾਰ ਨੂੰ ਵੀ ਆਪਣੇ ਕੂਟਨੀਤਕ ਚੈਨਲਾਂ ਦੀ ਵਰਤੋਂ ਕਰਨ ਲਈ ਕਿਹਾ ਜਾਵੇਗਾ। ਇਸਤੋਂ ਸਾਫ਼ ਹੈ ਕਿ ਹੁਣ ਪਾਕਿਸਤਾਨ ਲਾਹੌਰ ’ਚ ਹੋ ਰਹੇ ਪ੍ਰਦੂਸ਼ਣ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾ ਕੇ ਭਾਰਤ ’ਤੇ ਦਬਾਅ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ।