India Punjab Sports

ਪੰਜਾਬ ਕਿੰਗਜ਼ ਨੇ ਚੇਨੱਈ ਸੁਪਰ ਕਿੰਗਜ਼ ਨੂੰ 18 ਦੌੜਾਂ ਨਾਲ ਹਰਾਇਆ

ਮੇਜ਼ਬਾਨ ਪੰਜਾਬ ਕਿੰਗਜ਼ ਦੀ ਟੀਮ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੁਕਾਬਲੇ ਵਿਚ ਚੇਨੱਈ ਸੁਪਰ ਕਿੰਗਜ਼ ਦੀ ਟੀਮ ਨੂੰ 18 ਦੌੜਾਂ ਨਾਲ ਹਰਾ ਦਿੱਤਾ।  ਮੁੱਲਾਂਪੁਰ ਵਿੱਚ ਐਤਵਾਰ, 8 ਅਪ੍ਰੈਲ ਨੂੰ ਖੇਡੇ ਗਏ ਇਸ ਮੈਚ ਵਿੱਚ, 24 ਸਾਲਾ ਨੌਜਵਾਨ ਬੱਲੇਬਾਜ਼ ਪ੍ਰਿਯਾਂਸ਼ ਆਰੀਆ ਨੇ ਧਮਾਕੇਦਾਰ ਸੈਂਕੜਾ ਲਗਾ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।

ਪੰਜਾਬ ਦੀ ਟੀਮ ਪ੍ਰਿਆਂਸ਼ ਨੇ 220 ਦੌੜਾਂ ਦੇ ਵੱਡੇ ਸਕੋਰ ਤੱਕ ਪਹੁੰਚਾਇਆ। ਇਹ ਸਕੋਰ ਚੇਨਈ ਲਈ ਬਹੁਤ ਵੱਡਾ ਸਾਬਤ ਹੋਇਆ ਅਤੇ ਟੀਮ ਸਿਰਫ਼ 201 ਦੌੜਾਂ ਹੀ ਬਣਾ ਸਕੀ। ਇਸ ਦੇ ਨਾਲ, ਚੇਨਈ ਨੂੰ ਲਗਾਤਾਰ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਚੇਨੱਈ ਲਈ ਡੈਵੇਨ ਕੌਨਵੇਅ ਨੇ 69, ਸ਼ਿਵਮ ਦੂਬੇ ਨੇ 42 ਤੇ ਰਚਿਨ ਰਵਿੰਦਰਾ ਨੇ 36 ਦੌੜਾਂ ਬਣਾਈਆਂ। ਮਹਿੰਦਰ ਸਿੰਘ ਧੋਨੀ ਨੇ 12 ਗੇਂਦਾਂ ਵਿਚ 27 ਤੇਜ਼ਤਰਾਰ ਦੌੜਾਂ ਬਣਾਈਆਂ। ਪੰਜਾਬ ਲਈ ਲੌਕੀ ਫਰਗੂਸਨ ਨੇ ਦੋ ਵਿਕਟਾਂ ਲਈਆਂ।

ਇਸ ਤੋਂ ਪਹਿਲਾਂ ਨੌਜਵਾਨ ਓਪਨਰ ਪ੍ਰਿਯਾਂਸ਼ ਆਰੀਆ(103) ਦੇ ਪਲੇਠੇ ਆਈਪੀਐੱਲ ਸੈਂਕੜੇ ਦੀ ਬਦੌਲਤ ਪੰਜਾਬ ਕਿੰਗਜ਼ ਦੀ ਟੀਮ ਨੇ ਚੇਨੱਈ ਸੁਪਰ ਕਿੰਗਜ਼ ਨੂੰ ਜਿੱਤ ਲਈ 220 ਦੌੜਾਂ ਦਾ ਟੀਚਾ ਦਿੱਤਾ ਹੈ। ਪੰਜਾਬ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 6 ਵਿਕਟਾਂ ਦੇ ਨੁਕਸਾਨ ਨਾਲ 219 ਦੌੜਾਂ ਬਣਾਈਆਂ। ਆਰੀਆ ਨੇ 42 ਗੇਂਦਾਂ ਵਿਚ 7 ਚੌਕਿਆਂ ਤੇ ਨੌਂ ਛੱਕਿਆਂ ਦੀ ਮਦਦ ਨਾਲ 103 ਦੌੜਾਂ ਬਣਾਈਆਂ। ਆਰੀਆ ਨੇ 39 ਗੇਂਦਾਂ ਵਿਚ ਆਪਣਾ ਸੈਂਕੜਾ ਪੂਰਾ ਕੀਤਾ, ਜੋ ਇਸ ਟੂਰਨਾਮੈਂਟ ਦਾ ਪੰਜਵਾਂ ਸਭ ਤੋਂ ਤੇਜ਼ ਸੈਂਕੜਾ ਹੈ। ਇੰਡੀਅਨ ਪ੍ਰੀਮੀਅਰ ਲੀਗ ਦਾ ਸਭ ਤੋਂ ਤੇਜ਼ ਸੈਂਕੜਾ ਜੜਨ ਦਾ ਰਿਕਾਰਡ ਵੈਸਟ ਇੰਡੀਜ਼ ਦੇ ਕ੍ਰਿਸ ਗੇਲ ਦੇ ਨਾਮ ਦਰਜ ਹੈ। ਗੇਲ ਨੇ 2013 ਵਿਚ ਮਹਿਜ਼ 30 ਗੇਂਦਾਂ ’ਤੇ ਸੈਂਕੜਾ ਬਣਾਇਆ ਸੀ।

ਆਰੀਆ ਤੋਂ ਇਲਾਵਾ ਸ਼ਸ਼ਾਂਕ ਸਿੰਘ ਨੇ 36 ਗੇਂਦਾਂ ’ਤੇ 52 ਦੌੜਾਂ ਦੀ ਨਾਬਾਦ ਪਾਰੀ ਖੇਡੀ। ਮਾਰਕੋ ਜੈਨਸਨ ਵੀ 19 ਗੇਂਦਾਂ ਵਿਚ 34 ਦੌੜਾਂ ਨਾਲ ਨਾਬਾਦ ਰਿਹਾ। ਚੇਨੱਈ ਸੁਪਰ ਕਿੰਗਜ਼ ਲਈ ਖ਼ਲੀਲ ਅਹਿਮਦ ਨੇ 45 ਦੌੜਾਂ ਬਦਲੇ 2 ਜਦੋਂਕਿ ਰਵੀਚੰਦਰਨ ਅਸ਼ਿਵਨ ਨੇ 48 ਦੌੜਾਂ ਬਦਲ ਦੋ ਵਿਕਟਾਂ ਲਈਆਂ।

ਪੰਜਾਬ ਦਾ ਸਭ ਤੋਂ ਵੱਡਾ ਸਕੋਰ

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਪੰਜਾਬ ਨੇ ਇਸ ਮੈਦਾਨ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਬਣਾਇਆ, ਪਰ ਟੀਮ ਨੂੰ ਇੱਥੇ ਪਹੁੰਚਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪ੍ਰਿਯਾਂਸ਼ ਨੇ ਪਹਿਲੇ ਓਵਰ ਵਿੱਚ ਦੋ ਛੱਕੇ ਲਗਾ ਕੇ ਆਪਣੇ ਇਰਾਦੇ ਦਿਖਾ ਦਿੱਤੇ ਸਨ ਪਰ ਦੂਜੇ ਪਾਸੇ, ਦੂਜੇ ਬੱਲੇਬਾਜ਼ ਲਗਾਤਾਰ ਆਊਟ ਹੋ ਰਹੇ ਸਨ। ਪਾਵਰਪਲੇ ਵਿੱਚ ਹੀ 3 ਵਿਕਟਾਂ ਡਿੱਗੀਆਂ ਅਤੇ 8ਵੇਂ ਓਵਰ ਵਿੱਚ 5 ਵਿਕਟਾਂ ਡਿੱਗੀਆਂ, ਜਦੋਂ ਕਿ ਸਕੋਰ ਸਿਰਫ਼ 85 ਦੌੜਾਂ ਸੀ। ਇਸ ਵਿੱਚ ਆਊਟ ਹੋਏ ਬੱਲੇਬਾਜ਼ਾਂ ਦਾ ਯੋਗਦਾਨ ਸਿਰਫ਼ 23 ਦੌੜਾਂ ਦਾ ਸੀ।

ਹਾਲਾਂਕਿ, ਪ੍ਰਿਯਾਂਸ਼ ਨੇ ਪਹਿਲਾਂ 19 ਗੇਂਦਾਂ ਵਿੱਚ ਇੱਕ ਤੂਫਾਨੀ ਅਰਧ ਸੈਂਕੜਾ ਬਣਾਇਆ ਅਤੇ ਫਿਰ 13ਵੇਂ ਓਵਰ ਵਿੱਚ, ਉਸ ਨੇ ਮਥੀਸ਼ਾ ਪਥੀਰਾਨਾ ਨੂੰ ਲਗਾਤਾਰ 3 ਛੱਕੇ ਅਤੇ ਇੱਕ ਚੌਕਾ ਮਾਰ ਕੇ ਸਿਰਫ਼ 39 ਗੇਂਦਾਂ ਵਿੱਚ ਸੈਂਕੜਾ ਪੂਰਾ ਕੀਤਾ। ਉਨ੍ਹਾਂ ਤੋਂ ਬਾਅਦ, ਸ਼ਸ਼ਾਂਕ ਸਿੰਘ ਤੇ ਮਾਰਕੋ ਜੈਨਸਨ ਨੇ 65 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਨਾਲ ਟੀਮ ਨੂੰ ਇਸ ਸਕੋਰ ਤੱਕ ਪਹੁੰਚਾਇਆ।