Punjab

ਕੀ ਹੈ ‘ਪੰਜਾਬ ਜੇਲ੍ਹ ਓਲੰਪਿਕ-2021’, ਜੋ ਪੰਜਾਬ ਸਰਕਾਰ ਕਰਵਾ ਰਹੀ ਹੈ ਸ਼ੁਰੂ

‘ਦ ਖ਼ਾਲਸ ਬਿਊਰੋ :- ਪਟਿਆਲਾ ਦੀ ਕੇਂਦਰੀ ਜੇਲ੍ਹ ਵਿਖੇ ਪੰਜਾਬ ਦੇ ਏਡੀਜੀਪੀ (ਜੇਲ੍ਹਾਂ) ਪ੍ਰਵੀਨ ਕੁਮਾਰ ਸਿਨਹਾ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕਰਵਾਈਆਂ ਗਈਆਂ ‘ਪੰਜਾਬ ਜੇਲ੍ਹ ਓਲੰਪਿਕ-2021’ ਦਾ ਆਗਾਜ਼ ਕਰਵਾਇਆ ਹੈ। ਪੰਜਾਬ ਸਰਕਾਰ ਵੱਲੋਂ ਇਹ ਖੇਡਾਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੇ ਮਨਾਂ ਵਿੱਚ ਖੇਡ ਭਾਵਨਾ ਪੈਦਾ ਕਰਕੇ ਉਨ੍ਹਾਂ ਦੇ ਆਚਰਣ ਵਿੱਚ ਸੁਧਾਰ ਲਿਆਉਣ ਲਈ ਸ਼ੁਰੂ ਕਰਵਾਈਆਂ ਗਈਆਂ ਸਨ।

ਏਡੀਜੀਪੀ ਸਿਨਹਾ ਨੇ ਕਿਹਾ ਕਿ ਕੈਦੀਆਂ ਨੂੰ ਖੇਡ ਭਾਵਨਾ ਰਾਹੀਂ ਇੱਕ ਚੰਗਾ ਨਾਗਰਿਕ ਬਣਨ ਦਾ ਮੌਕਾ ਪ੍ਰਦਾਨ ਕਰਨ ਲਈ ਪੰਜਾਬ ਜੇਲ੍ਹ ਓਲੰਪਿਕ ਖੇਡਾਂ ਪੰਜਾਬ ਦੀਆਂ ਜੇਲ੍ਹਾਂ ਨੂੰ ਵੱਖ-ਵੱਖ ਜ਼ੋਨਾਂ ’ਚ ਵੰਡ ਕੇ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਲ੍ਹ ਸੁਧਾਰਾਂ ਵੱਲ ਇੱਕ ਹੋਰ ਕਦਮ ਪੁੱਟਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਲਦ ਹੀ ਪੰਜਾਬ ਦੀਆਂ ਕੁੱਝ ਜੇਲ੍ਹਾਂ ’ਚ ਜੇਲ੍ਹ ਰੇਡੀਓ ਸ਼ੁਰੂ ਕੀਤਾ ਜਾਵੇਗਾ। ਏਡੀਜੀਪੀ ਨੇ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਜੇਲ੍ਹ ਓਲੰਪਿਕ ਰਾਹੀਂ ਕਰਵਾਏ ਜਾ ਰਹੇ ਖੇਡ ਮੁਕਾਬਲੇ ਬੰਦੀਆਂ ਦੇ ਸੁਧਾਰ ’ਚ ਅਹਿਮ ਭੂਮਿਕਾ ਨਿਭਾਉਣਗੇ।

ਕੇਂਦਰੀ ਜੇਲ੍ਹ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ ਨੇ ਏਡੀਜੀਪੀ ਦਾ ਸਵਾਗਤ ਕਰਦਿਆਂ ਜੇਲ੍ਹ ਓਲੰਪਿਕ ਖੇਡਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 2016 ਤੋਂ ਬਾਅਦ ਇਹ ਖੇਡਾਂ ਹੁਣ ਮੁੜ ਕਰਵਾਈਆਂ ਗਈਆਂ ਹਨ। ਇਸ ਦੌਰਾਨ ਜੇਲ੍ਹ ਦੇ ਬੰਦੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਤੇ ਏਡੀਜੀਪੀ ਨੇ ਭੰਗੜਾ ਟੀਮ ਨੂੰ 5 ਹਜ਼ਾਰ ਰੁਪਏ ਨਕਦ ਪੁਰਸਕਾਰ ਦਿੱਤਾ।