ਚੰਡੀਗੜ੍ਹ : ਅੱਜ ਦੁਨੀਆ ਭਰ ਵਿੱਚ ਵਰਲਡ ਵਾਟਰ ਡੇਅ (World Water Day) ਮਨਿਆ ਜਾ ਰਿਹਾ ਹੈ। ਪਰ ਪੰਜਾਬ ਲਈ ਇਹ ਦਿਨ ਇੱਕ ਵੱਡੇ ਖ਼ਤਰੇ ਦੀ ਚੇਤਵਾਨੀ ਦੇ ਰਿਹਾ ਹੈ। ਪੰਜਾਬ (Punjab) ਹਰ ਸਾਲ ਆਪਣੇ ਕੁੱਲ ਧਰਤੀ ਹੇਠਲੇ ਪਾਣੀ ਦਾ 164% ਹਿੱਸਾ ਵਰਤਦਾ ਹੈ।
ਤੇਜ਼ੀ ਨਾਲ ਵਧ ਰਹੇ ਟਿਊਬਵੈੱਲਾਂ ਅਤੇ ਝੋਨੇ ਦੀ ਫ਼ਸਲ ਲਈ ਧਰਤੀ ਹੇਠਲੇ ਪਾਣੀ ਵਰਤੋਂ ਨੇ ਹਾਲਤ ਮਾੜੀ ਕੀਤੀ ਹੋਈ ਹੈ। ਜਿਸ ਨਾਲ ਧਰਤੀ ਹੇਠਲਾ ਪਾਣੀ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ। ਇਹ ਹੈਰਾਨਕੁਨ ਖੁਲਾਸਾ ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ(Ground Water report) ਵਿੱਚ ਹੋਇਆ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਝੋਨਾ ਉਗਾਉਣ ਕਾਰਨ ਕਿਸਾਨਾਂ ਨੂੰ ਪਾਣੀ ਦੀ ਜ਼ਿਆਦਾ ਲੋੜ ਹੁੰਦੀ ਹੈ, ਇਸ ਲਈ ਕਿਸਾਨ ਆਪਣੇ ਖੇਤਾਂ ਵਿੱਚ ਤੇਜ਼ੀ ਨਾਲ ਟਿਊਬਵੈੱਲ ਲਗਾ ਰਹੇ ਹਨ। ਇਸ ਕਾਰਨ ਧਰਤੀ ਹੇਠਲਾ ਪਾਣੀ ਤੇਜ਼ੀ ਨਾਲ ਖਤਮ ਹੋ ਰਿਹਾ ਹੈ। ਪੰਜਾਬ ਦੇ 150 ਵਿਕਾਸ ਬਲਾਕਾਂ ਵਿੱਚੋਂ 114 ਦਾ ਸ਼ੋਸ਼ਣ ਹੋਇਆ ਹੈ, 4 ਦੀ ਹਾਲਤ ਨਾਜ਼ੁਕ ਹੈ। ਚਿੰਤਾ ਦੀ ਗੱਲ ਹੈ ਕਿ ਪੰਜਾਬ ਵਿੱਚ ਸਾਉਣੀ ਦੌਰਾਨ 87 ਫੀਸਦੀ ਜ਼ਮੀਨ ’ਤੇ ਸਿਰਫ਼ ਝੋਨਾ ਹੀ ਬੀਜਿਆ ਜਾਂਦਾ ਹੈ। ਇਸ ਮਾਮਲੇ ਵਿੱਚ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਕ ਕਿਲੋ ਚੌਲ ਉਗਾਉਣ ਲਈ ਲਗਭਗ 5000 ਲੀਟਰ ਪਾਣੀ ਦੀ ਲੋੜ ਹੁੰਦੀ ਹੈ।
ਭਾਰਤ ਦੀ ਖੁਰਾਕ ਸੁਰੱਖਿਆ ਲਈ ਵੱਡਾ ਖਤਰਾ
ਸੈਂਟਰਲ ਗਰਾਊਂਡ ਵਾਟਰ ਬੋਰਡ (CGWB) ਦੁਆਰਾ 2020 ਦੇ ਬਲਾਕ-ਵਾਰ ਭੂਮੀਗਤ ਜਲ ਸਰੋਤਾਂ ਦੇ ਮੁਲਾਂਕਣ ਵਿੱਚ ਨੋਟ ਕੀਤਾ ਗਿਆ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਦਾ ਵੱਧ ਤੋਂ ਵੱਧ ਸ਼ੋਸ਼ਣ ਕੀਤਾ ਗਿਆ ਹੈ। ਕੁਝ ਜ਼ਿਲ੍ਹਿਆਂ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਨਾਜ਼ੁਕ ਵਜੋਂ ਚਿੰਨ੍ਹਿਤ ਕੀਤਾ ਗਿਆ ਸੀ।
ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੀ ਨਿਕਾਸੀ ਮੱਧ ਪੰਜਾਬ ਵਿੱਚ ਬਹੁਤੀਆਂ ਥਾਵਾਂ ’ਤੇ 150-200 ਮੀਟਰ ਤੱਕ ਪਹੁੰਚ ਚੁੱਕੀ ਹੈ। ਜੇਕਰ ਮੌਜੂਦਾ ਘਟਣਾ ਜਾਰੀ ਰਿਹਾ, ਤਾਂ CGWB ਦੇ ਅਨੁਸਾਰ, 2039 ਤੱਕ ਪੰਜਾਬ ਦਾ ਧਰਤੀ ਹੇਠਲੇ ਪਾਣੀ ਦੇ 300 ਮੀਟਰ ਤੋਂ ਹੇਠਾਂ ਜਾਣ ਦੀ ਸੰਭਾਵਨਾ ਹੈ। ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਦਾ ਧਰਤੀ ਹੇਠਲਾ ਪਾਣੀ ਸੁੱਕ ਜਾਂਦਾ ਹੈ ਤਾਂ ਭਾਰਤ ਦੀ ਖੁਰਾਕ ਸੁਰੱਖਿਆ ਲਈ ਵੱਡਾ ਖਤਰਾ ਪੈਦਾ ਹੋ ਸਕਦਾ ਹੈ। ਇੰਨਾ ਹੀ ਹੀਂ
ਨਹਿਰੀ-ਆਧਾਰਿਤ ਸਿੰਚਾਈ ਤਕਨੀਕਾਂ ਨੂੰ ਬਿਹਤਰ ਬਣਾਉਣ ਲਈ ਝੋਨਾ ਖਤਮ ਕਰਨਾ ਅਤੇ ਬ੍ਰਿਟਿਸ਼ ਯੁੱਗ ਦੀਆਂ ਨਹਿਰੀ ਪ੍ਰਣਾਲੀਆਂ ਨੂੰ ਮੁੜ ਤਿਆਰ ਕਰਨਾ ਸੰਭਵ ਹੱਲ ਵਜੋਂ ਸਿਫ਼ਾਰਸ਼ ਕੀਤਾ ਜਾ ਰਿਹਾ ਹੈ।
ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਬਿਨਾਂ ਦੇਰੀ ਬਣੇ ਠੋਸ ਨੀਤੀ : ਐਡਵੋਕੇਟ ਧਾਮੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੰਜਾਬ ਦੇ ਪ੍ਰਸੰਗ ਵਿਚ ਧਰਤੀ ਹੇਠਲੇ ਪਾਣੀ ਦੀ ਸਥਿਤੀ ਸੰਕਟ ਵੱਲ ਵੱਧ ਰਹੀ ਹੈ। ਪੰਜਾਬ ਵਿੱਚ ਇਸ ਅਹਿਮ ਅਤੇ ਅਤਿ ਸੰਵੇਦਨਸ਼ੀਲ ਵਿਸ਼ੇ `ਤੇ ਬਿਨਾਂ ਕਿਸੇ ਦੇਰੀ ਵਿਚਾਰ ਚਰਚਾ ਕਰਨੀ ਅਤੇ ਸੁਧਾਰ ਲਈ ਲੋੜੀਦੀਆਂ ਠੋਸ ਨੀਤੀਆਂ ਅਪਣਾਉਣੀਆਂ ਬੇਹੱਦ ਜ਼ਰੂਰੀ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਧਾਮੀ ਨੇ ਪਿਛਲੇ ਦਿਨੀਂ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਯੂਕੇ ਵੱਲੋਂ ਨਿਸ਼ਕਾਮ ਅੰਤਰਰਾਸ਼ਟਰੀ ਕੇਂਦਰ ਅੰਮ੍ਰਿਤਸਰ ਵਿਖੇ ਕਰਵਾਏ ਗਏ ਤਿੰਨ ਦਿਨਾਂ ‘ਲਿਵਿੰਗ ਵਾਟਰ ਫਾਰ ਆਲ’ ਸੰਮੇਲਨ ਵਿੱਚ ਕੀਤਾ ਸੀ।
ਹਰਿਆਣਾ ਦੀ ਹਾਲਤ
ਰਿਪੋਰਟ ਵਿੱਚ ਹਰਿਆਣਾ ਵਿੱਚ ਵੀ ਪਾਣੀ ਦੀ ਦੁਰਵਰਤੋਂ ਵੀ ਦਰਜ ਕੀਤੀ ਗਈ ਹੈ। ਹਰਿਆਣਾ ਹਰ ਸਾਲ 134% ਧਰਤੀ ਹੇਠਲੇ ਪਾਣੀ ਨੂੰ ਕੱਢਦਾ ਹੈ। ਸੂਬੇ ਵਿੱਚ ਵੀ ਪੰਜਾਬ ਵਾਂਗ ਝੋਨ ਦੇ ਫਸਲ ਵੱਡੀ ਪੱਧਰ ਉੱਤੇ ਹੁੰਦੀ ਹੈ। ਜਿਸਦੀ ਸਿੰਜਾਈ ਲਈ ਧਰਤੀ ਹੇਠਲੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਹਰਿਆਣਾ ਦੇ 143 ਵਿਕਾਸ ਬਲਾਕਾਂ ਵਿੱਚੋਂ 88 ਦਾ ਬਹੁਤ ਸੋਸ਼ਣ ਹੋਇਆ , 10 ਨਾਜ਼ੁਕ, 9 ਅਰਧ ਨਾਜ਼ੁਕ ਹਾਲਤ ਵਿੱਚ ਹਨ। ਇਸਦੇ ਨਾਲ ਹੀ ਚੰਡੀਗੜ੍ਹ ਆਪਣੇ ਕੁੱਲ ਧਰਤੀ ਹੇਠਲੇ ਪਾਣੀ ਦਾ 80.99% ਵਰਤਦਾ ਹੈ, ਚੰਡੀਗੜ੍ਹ ਨੂੰ ਕਜੌਲੀ ਵਾਟਰਵਰਕਸ ਤੋਂ 5 ਪੜਾਵਾਂ ਵਿੱਚ ਪਾਣੀ ਮਿਲ ਰਿਹਾ ਹੈ।