ਬਿਊਰੋ ਰਿਪੋਰਟ (2 ਅਕਤੂਬਰ, 2025): ਪੰਜਾਬ ਦੀ ਆਮ ਆਦਮੀ ਪਾਰਟੀ (AAP) ਸਰਕਾਰ ਨੇ ਸੂਬੇ ਦੇ ਉਦਯੋਗਾਂ ਨੂੰ ਰਾਤ ਦੇ ਸਮੇਂ ਸਸਤੀ ਬਿਜਲੀ ਮੁਹੱਈਆ ਕਰਨ ਦਾ ਫੈਸਲਾ ਲਿਆ ਹੈ। ਸਰਕਾਰੀ ਬੁਲਾਰੇ ਮੁਤਾਬਕ, ਇਹ ਬਿਜਲੀ ਰੇਟ 1 ਰੁਪਇਆ ਘਟਾਇਆ ਗਿਆ ਹੈ। ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਉਦਯੋਗ ਚਲਾਉਣ ’ਤੇ ਇਹ ਰਾਹਤ ਮਿਲੇਗੀ। ਇਹ ਨਵਾਂ ਨਿਯਮ 16 ਅਕਤੂਬਰ ਤੋਂ 1 ਮਾਰਚ ਤੱਕ ਲਾਗੂ ਰਹੇਗਾ।
ਸਰਦੀਆਂ ਵਿੱਚ ਰਾਤ ਦੇ ਸਮੇਂ ਬਿਜਲੀ ਦੀ ਖਪਤ ਘੱਟ ਰਹਿੰਦੀ ਹੈ, ਇਸ ਕਰਕੇ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਇਹ ਫੈਸਲਾ ਲਿਆ ਹੈ। ਇਸ ਨਾਲ ਰਾਤ ਨੂੰ ਚੱਲਣ ਵਾਲੇ ਉਦਯੋਗਾਂ ਨੂੰ ਖਰਚੇ ਵਿੱਚ ਰਾਹਤ ਅਤੇ ਉਤਪਾਦਨ ਵਧਾਉਣ ਵਿੱਚ ਮਦਦ ਮਿਲੇਗੀ। ਲੁਧਿਆਣਾ, ਪਟਿਆਲਾ, ਜਲੰਧਰ ਅਤੇ ਮੋਹਾਲੀ ਵਰਗੇ ਸ਼ਹਿਰਾਂ ਦੇ ਉਦਯੋਗਾਂ ਨੂੰ ਇਸ ਨਾਲ ਵੱਧ ਲਾਭ ਹੋਵੇਗਾ ਕਿਉਂਕਿ ਇੱਥੇ ਰਾਤ ਦੀਆਂ ਸ਼ਿਫਟਾਂ ਵਿੱਚ ਵੀ ਕੰਮ ਹੁੰਦਾ ਹੈ।
ਸੂਬਾ ਸਰਕਾਰ ਨੇ ਬਿਜਲੀ ਉਤਪਾਦਨ ਵਧਾਉਣ ਲਈ ਗੋਇੰਦਵਾਲ ਦੇ ਪ੍ਰਾਈਵੇਟ ਕੋਲਾ ਥਰਮਲ ਪਲਾਂਟ ਨੂੰ ਖ਼ਰੀਦਿਆ ਹੈ। ਰਾਤ ਦੇ ਸਮੇਂ ਪੰਜਾਬ ਤੋਂ ਹੋਰ ਸੂਬਿਆਂ, ਖ਼ਾਸ ਕਰਕੇ ਮੁੰਬਈ ਵਰਗੇ ਵੱਡੇ ਸ਼ਹਿਰਾਂ ਨੂੰ ਬਿਜਲੀ ਵੇਚੀ ਜਾਂਦੀ ਹੈ।
ਸੂਬੇ ਵਿੱਚ ਬਾਹਰੀ ਰਾਜਾਂ ਤੋਂ ਕੰਪਨੀਆਂ ਵੱਲੋਂ ਨਿਵੇਸ਼ ਕੀਤਾ ਜਾ ਰਿਹਾ ਹੈ, ਜਿਸਨੂੰ ਪੰਜਾਬ ਲਈ ਚੰਗਾ ਸੰਕੇਤ ਮੰਨਿਆ ਜਾ ਰਿਹਾ ਹੈ। ਸੀਐਮ ਨੇ ਕਿਹਾ ਹੈ ਕਿ ਉਦਯੋਗਾਂ ਦੇ ਵਿਕਾਸ ਲਈ ਕਈ ਪੱਧਰਾਂ ’ਤੇ ਕੰਮ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਸਰਕਾਰ ਨੇ ਉਦਯੋਗਾਂ ਨਾਲ ਸਬੰਧਿਤ ਨਿਯਮਾਂ ਨੂੰ ਆਸਾਨ ਬਣਾਇਆ ਹੈ। ਹੁਣ ਸਿਰਫ਼ 18 ਦਿਨਾਂ ਵਿੱਚ ਇਕੋ ਖਿੜਕੀ ਰਾਹੀਂ ਸਾਰੀਆਂ ਮਨਜ਼ੂਰੀਆਂ ਮਿਲ ਸਕਣਗੀਆਂ। ਨਵੇਂ ਉਦਯੋਗ ਮੰਤਰੀ ਵੱਲੋਂ 24 ਕਮੇਟੀਆਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਹਰ ਖੇਤਰ ਦੇ ਮਾਹਰ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਦੀ ਰਾਏ ਦੇ ਆਧਾਰ ’ਤੇ ਨਵੀਂ ਉਦਯੋਗ ਨੀਤੀ ਤਿਆਰ ਕੀਤੀ ਜਾ ਰਹੀ ਹੈ।