Punjab

‘ਲਾਰੈਂਸ ਦਾ ਨਵਾਂ ਵੀਡੀਓ ਪੰਜਾਬ ਜੇਲ੍ਹ ਦਾ ਨਹੀਂ’ ! IG ਜੇਲ੍ਹ ਨੇ ਦਾਅਵਾ ਸਾਬਿਤ ਕਰਨ ਲਈ 2 ਸਬੂਤ ਕੀਤੇ ਪੇਸ਼ !

ਬਿਉਰੋ ਰਿਪੋਰਟ : ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਤੋਂ ਆਈ ਨਵੀਂ ਵੀਡੀਓ ਨੂੰ ਲੈਕੇ ਪੰਜਾਬ ਦੇ IG ਜੇਲ੍ਹ ਰੂਪ ਕੁਮਾਰ ਅਰੋੜਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ । IG ਨੇ ਕਿਹਾ ਅਸੀਂ ਲਾਰੈਂਸ ਦੀ ਵੀਡੀਓ ਨੂੰ ਲੈਕੇ ਜਾਂਚ ਕੀਤੀ ਹੈ,ਇਹ ਵੀਡੀਓ ਪੰਜਾਬ ਦੀ ਕਿਸੇ ਵੀ ਜੇਲ੍ਹ ਦਾ ਨਹੀਂ ਹੈ । ਪੁਲਿਸ ਵੱਲੋਂ ਤਰਕ ਦਿੱਤਾ ਜਾ ਰਿਹਾ ਕਿ ਵੀਡੀਓ ਵਿੱਚ 2 ਲੋਕ ਗੱਲ ਕਰ ਰਹੇ ਹਨ । ਜਿੰਨਾਂ ਵਿੱਚ ਇੱਕ ਮਨੂੰ ਮਾਨੇਸਰ ਅਤੇ ਦੂਜਾ ਰਾਜੂ ਬਸੋਦੀ ਹੈ । ਵੀਡੀਓ ਵਿੱਚ ਲਾਰੈਂਸ ਅਤੇ ਰਾਜੂ ਬਸੋਦੀ ਇਕੱਠੇ ਨਜ਼ਰ ਆ ਰਹੇ ਹਨ ਜਦਕਿ ਮਨੂੰ ਮਾਨੇਸਰ ਵੀਡੀਓ ਕਾਲ ਦੇ ਜ਼ਰੀਏ ਉਨ੍ਹਾਂ ਨਾਲ ਜੁੜਿਆ ਹੈ । IG ਜੇਲ੍ਹ ਰੂਪ ਕੁਮਾਰ ਅਰੋੜਾ ਦਾ ਦਾਅਵਾ ਹੈ ਕਿ ਇਹ ਦੋਵੇ ਕਦੇ ਵੀ ਪੰਜਾਬ ਦੀ ਜੇਲ੍ਹ ਵਿੱਚ ਇਕੱਠੇ ਨਹੀਂ ਰਹੇ ਹਨ। ਲਾਰੈਂਸ ਬਿਸ਼ਨੋਈ ਇਸ ਵੇਲੇ ਗੁਜਰਾਤ ਦੀ ਜੇਲ੍ਹ ਵਿੱਚ ਹੈ ।

‘ਰਾਜੂ ਸਿਰਫ਼ 28 ਦਿਨ ਲਈ ਮੁਕਤਸਰ ਜੇਲ੍ਹ ਰਿਹਾ’

IG ਜੇਲ੍ਹ ਰੂਪ ਕੁਮਾਰ ਨੇ ਦੱਸਿਆ ਕਿ ADGP ਜੇਲ੍ਹ ਅਰੁਣਪਾਲ ਸਿੰਘ ਨੇ ਉਨ੍ਹਾਂ ਨੂੰ ਜਾਂਚ ਦੇ ਨਿਰਦੇਸ਼ ਦਿੱਤੇ ਸਨ । ਇਸ ਦੌਰਾਨ ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਰਾਜੂ ਬਸੋਦੀ ਜੋ ਲਾਰੈਂਸ ਦੇ ਨਾਲ ਨਜ਼ਰ ਆ ਰਿਹਾ ਹੈ ਕੀ ਉਹ ਕਦੇ ਪੰਜਾਬ ਦੀ ਜੇਲ੍ਹ ਵਿੱਚ ਸੀ ? ਜਾਂਚ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਰਾਜਕੁਮਾਰ ਉਰਫ ਰਾਜੂ ਬਸੋਦੀ 25 ਜਨਵਰੀ 2021 ਤੋਂ ਲੈਕੇ 22 ਫਰਵਰੀ 2021 ਤੱਕ ਮੁਕਤਸਰ ਦੀ ਜੇਲ੍ਹ ਵਿੱਚ ਸੀ । 28 ਦਿਨ ਤੋਂ ਬਾਅਦ ਉਸ ਨੂੰ ਪਾਣੀਪਤ ਦੀ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ । ਆਈਜੀ ਨੇ ਕਿਹਾ ਹੁਣ ਦੂਜਾ ਸਵਾਲ ਸੀ ਕਿ ਰਾਜੂ ਅਤੇ ਗੈਂਗਸਟਰ ਲਾਰੈਂਸ਼ ਕਦੇ ਇੱਕੋ ਜੇਲ੍ਹ ਵਿੱਚ ਸਨ ਤਾਂ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲਾਰੈਂਸ ਬਿਸ਼ਨੋਈ 4 ਜਨਵਰੀ 2018 ਤੋਂ ਲੈਕੇ 23 ਸਤੰਬਰ 2022 ਤੱਕ ਪੰਜਾਬ ਦੀ ਕਿਸੇ ਵੀ ਜੇਲ੍ਹ ਵਿੱਚ ਨਹੀਂ ਰਿਹਾ ਹੈ। ਉਸ ਨੂੰ 24 ਸਤੰਬਰ 2022 ਵਿੱਚ ਪੰਜਾਬ ਲਿਆਇਆ ਗਿਆ ਸੀ IG ਜੇਲ੍ਹ ਰੂਪ ਕੁਮਾਰ ਨੇ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਇਹ ਵੀਡੀਓ ਨਾ ਸਿਰਫ ਬਠਿੰਡਾ ਬਲਕਿ ਪੰਜਾਬ ਦੀ ਕਿਸੇ ਵੀ ਜੇਲ੍ਹ ਦਾ ਨਹੀਂ ਹੈ । ਉਨ੍ਹਾਂ ਕਿਹਾ ਪੁਰਾਣਾ ਵੀਡੀਓ ਹੈ ਅਤੇ ਪੰਜਾਬ ਤੋਂ ਬਾਹਰ ਕਿਸੇ ਹੋਰ ਸੂਬੇ ਦੀ ਜੇਲ੍ਹ ਦਾ ਹੋ ਸਕਦਾ ਹੈ ।

ਕੌਣ ਹੈ ਰਾਜੂ ਬਸੋਦੀ ?

ਰਾਜੂ ਬਸੋਦੀ ਨੂੰਹ ਹਿੰਸਾ ਦਾ ਮੁੱਖ ਮੁਲਜ਼ਮਾਂ ਵਿੱਚੋ ਇੱਕ ਹੈ। 30 ਜੁਲਾਈ ਨੂੰ ਨੂੰਹ ਵਿੱਚ ਭੜਕੀ ਹਿੰਸਾ ਵਿੱਚ ਉਸ ਦਾ ਹੱਥ ਦੱਸਿਆ ਜਾ ਰਿਹਾ ਹੈ । ਹੁਣ ਜਿਹੜਾ ਵੀਡੀਓ ਸਾਹਮਣੇ ਆਇਆ ਹੈ ਉਸ ਵਿੱਚ ਰਾਜੂ ਲਾਰੈਂਸ ਨਾਲ ਬੈਠ ਕੇ ਨੂੰਹ ਹਿੰਸਾ ਦੇ ਇੱਕ ਹੋਰ ਮੁਲਜ਼ਮ ਮਨੂੰ ਮਾਨੇਸਰ ਨਾਲ ਗੱਲ ਕਰ ਰਿਹਾ ਸੀ । ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਨਾਲ ਪੰਜਾਬ ਸਰਕਾਰ ਵੀ ਨਿਸ਼ਾਨੇ ‘ਤੇ ਆ ਗਈ ਸੀ ।

ਇਸੇ ਸਾਲ ਫਰਵਰੀ ਵਿੱਚ ਇੱਕ ਟੀਵੀ ਚੈਨਲ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਕੀਤਾ ਗਿਆ ਸੀ। ਜਿਸ ਤੋਂ ਬਾਅਦ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਇਸ ਨੂੰ ਪੰਜਾਬ ਤੋਂ ਬਾਹਰ ਦਾ ਦੱਸਿਆ ਸੀ । ਲਾਰੈਂਸ ਦੇ ਇੰਟਰਵਿਉ ‘ਤੇ ਡੀਜੀਪੀ ਨੇ ਉਸ ਦੇ ਵਾਲਾ ਅਤੇ ਡਰੈਸ ਦਾ ਜਿਕਰ ਕਰਦੇ ਹੋਏ ਉਸ ਨੂੰ ਪੁਰਾਣਾ ਦੱਸਿਆ ਸੀ । ਪਰ ਅਗਲੇ ਦਿਨ ਹੀ ਡੀਜੀਪੀ ਗੌਰਵ ਯਾਦਵ ਦੇ ਸਾਰੇ ਦਾਅਵਿਆਂ ‘ਤੇ ਪਾਣੀ ਫਿਰ ਗਿਆ ਸੀ ਜਦੋਂ ਲਾਰੈਂਸ ਬਿਸ਼ਨੋਈ ਦੇ ਇੰਟਰਵਿਉ ਦੇ ਦੂਜੇ ਹਿੱਸੇ ਵਿੱਚ ਲਾਰੈਂਸ ਦੇ ਵਾਲ ਵੀ ਕੱਟੇ ਹੋਏ । ਹੁਣ ਦੂਜੀ ਵਾਰ ਲਾਰੈਂਸ ਦੀ ਜੇਲ੍ਹ ਤੋਂ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮੁੜ ਤੋਂ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ਘਿਰ ਦੀ ਹੋਈ ਨਜ਼ਰ ਆ ਰਹੀ ਹੈ।