Punjab

ਪੰਜਾਬ ਦੇ ਹਸਪਤਾਲਾਂ ਨੂੰ ਜਲਦ ਮਿਲਣਗੇ ਹੋਰ ਬੈੱਡ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿੱਚ ਕਰੋਨਾ ਮਰੀਜ਼ਾਂ ਲਈ 25 ਫ਼ੀਸਦੀ ਬੈੱਡ ਵਧਾਏ ਜਾਣਗੇ। ਕੈਬਨਿਟ ਮੰਤਰੀ ਓਪੀ ਸੋਨੀ ਇਹ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਆਕਸੀਜਨ ਵਾਲੀ ਪਾਈਪ ਵਾਲੇ ਬੈੱਡਾਂ ਦੀ ਸਮਰੱਥਾ ਵਧਾਈ ਜਾ ਰਹੀ ਹੈ, ਜਿਸ ਦੌਰਾਨ ਮੁੱਢਲੇ ਤੌਰ ‘ਤੇ ਅਜਿਹੇ 125 ਬੈੱਡ ਵਧਾਏ ਜਾਣਗੇ। ਕਰੋਨਾ ਵਾਰਡਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਨਾਲ ਅਟੈਚ ਕੀਤੀ ਐੱਲਸੀਡੀ ਕਰੋਨਾ ਸਬੰਧੀ ਕੰਟਰੋਲ ਰੂਮ ਵਿੱਚ ਵੀ ਲਾਈ ਜਾਵੇਗੀ। ਅੱਜ ਕੈਬਨਿਟ ਮੰਤਰੀ ਓਪੀ ਸੋਨੀ ਨੇ ਪਟਿਆਲਾ ਫੇਰੀ ਦੌਰਾਨ ਇਹ ਫੈਸਲੇ ਕੀਤੇ ਹਨ।

ਪਟਿਆਲਾ ਜ਼ਿਲ੍ਹੇ ਦੇ ਰਾਜਿੰਦਰਾ ਹਸਪਤਾਲ ਵਿੱਚ ਰੋਜ਼ਾਨਾ ਹੀ ਕਰੋਨਾ ਮਰੀਜ਼ਾਂ ਦੀ ਮੌਤਾਂ ਦਾ ਅੰਕੜਾ ਵੱਧਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਹਸਪਤਾਲ ਵਿੱਚ ਆਕਸੀਜਨ ਸਿਲੰਡਰਾਂ ਦੀ ਕਾਫੀ ਘਾਟ ਹੈ। ਅੱਜ ਵੀ 24 ਘੰਟਿਆਂ ਦੌਰਾਨ ਕਰੋਨਾ ਪੀੜਤ 27 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚੋਂ 12 ਮਰੀਜ਼ ਪਟਿਆਲਾ ਨਾਲ ਸਬੰਧਤ ਹਨ। ਇਸ ਹਸਪਤਾਲ ਵਿੱਚ ਪੰਜਾਬ ਦੇ ਦਰਜਨ ਜ਼ਿਲ੍ਹਿਆਂ ਸਮੇਤ ਗੁਆਂਢੀ ਸੂਬਿਆਂ ਤੋਂ ਵੀ ਮਰੀਜ਼ ਦਾਖਲ ਹੋ ਰਹੇ ਹਨ।