ਬਿਉਰੋ ਰਿਪੋਰਟ – ਪੰਜਾਬ ਦੇ ਅੱਜ 14 ਜ਼ਿਲ੍ਹੇ ਪਟਿਆਲਾ, ਮੋਹਾਲੀ, ਚੰਡੀਗੜ੍ਹ, ਫਤਹਿਗੜ੍ਹ ਸਾਹਿਬ, ਰੂਪਨਗਰ, ਲੁਧਿਆਣਾ, ਕਪੂਰਥਲਾ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ,ਗੁਰਦਾਸਪੁਰ,ਪਠਾਨਕੋਟ, ਵਿੱਚ ਅਸਮਾਨੀ ਬਿਜਲੀ ਅਤੇ 50 ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ । ਹਾਲਾਂਕਿ ਬੀਤੀ ਰਾਤ ਨੂੰ ਚੰਡੀਗੜ੍ਹ ਵਿੱਚ ਚੱਲੀ ਹਨੇਰੀ ਅਤੇ ਮੀਂਹ ਨਾਲ ਕਾਫੀ ਨੁਕਸਾਨ ਹੋਇਆ ਹੈ । ਚੰਡੀਗੜ੍ਹ ਦੇ ਸੈਕਟਰ 39 ਵਿੱਚ 100 ਸਾਲ ਪੁਰਾਣਾ ਦਰੱਖਤ ਡਿੱਗ ਗਿਆ । ਚੰਡੀਗੜ੍ਹ ਵਿੱਚ ਥਾਂ-ਥਾਂ ਦਰੱਖਤ ਡਿੱਗੇ ਹੋਏ ਸਨ । ਮੌਸਮ ਵਿਭਾਗ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ 16 ਮਈ ਤੋਂ 18 ਮਈ ਤੱਕ ਤੇਜ਼ ਹਵਾਵਾਂ ਅਤੇ ਮੀਂਹ ਦੀ ਭਵਿੱਖਵਾਣੀ ਕੀਤੀ ਹੈ । ਹਾਲਾਂਕਿ ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਅੱਜ ਵੀ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ । ਇੰਨਾਂ ਵਿੱਚ ਫਾਜ਼ਿਲਕਾ,ਫਿਰੋਜ਼ਪੁਰ,ਫਰੀਦਕੋਟ,ਸ੍ਰੀ ਮੁਕਤਸਰ ਸਾਹਿਬ,ਬਠਿੰਡਾ,ਪਟਿਆਲ,ਮਾਨਸਾ ਸ਼ਾਮਲ ਹੈ। 19 ਮਈ ਤੋਂ ਇੰਨਾਂ ਸਾਰੇ ਇਲਾਕਿਆਂ ਵਿੱਚ ਤੂਫਾਨ ਦੀ ਚਿਤਾਵਨੀ ਦਿੱਤੀ ਗਈ ਹੈ । ਪੰਜਾਬ ਵਿੱਚ ਸਵੇਰ ਦੇ ਤਾਪਮਾਨ ਵਿੱਚ 0.4 ਡਿਗਰੀ ਦੀ ਮਾਮੂਲੀ ਕਮੀ ਦਰਜ ਕੀਤੀ ਗਈ ਹੈ । ਜਦਕਿ ਪੂਰੇ ਪੰਜਾਬ ਵਿੱਚ ਦਿਨ ਦੇ ਤਾਪਮਾਨ ਵਿੱਚ 1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬਠਿੰਡਾ ਵਿੱਚ ਸਭ ਤੋਂ ਜ਼ਿਆਦਾ 44 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਜਦਕਿ ਚੰਡੀਗੜ੍ਹ,ਅੰਮ੍ਰਿਤਸਰ,ਲੁਧਿਆਣਾ ਅਤੇ ਪਟਿਆਲਾ ਵਿੱਚ 41 ਡਿਗਰੀ ਦੇ ਆਲੇ ਦੁਆਲੇ ਤਾਪਮਾਨ ਰਿਹਾ । ਸੂਬੇ ਦੇ ਤਕਰੀਬਨ ਸਾਰੇ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ 39 ਡਿਗਰੀ ਦੇ ਆਲੇ ਦੁਆਲੇ ਦਰਜ ਕੀਤਾ ਗਿਆ ਹੈ । ਪਰ ਉਮੀਦ ਦੀ ਅੱਜ ਮੀਂਹ ਅਤੇ ਹਨੇਰੀ ਤੋਂ ਬਾਅਦ ਤਾਪਮਾਨ ਹੇਠਾਂ ਆ ਸਕਦਾ ਹੈ।
ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿੱਚ ਮੌਸਮ ਅੱਜ ਸਾਫ ਦੱਸਿਆ ਜਾ ਰਿਹਾ ਹੈ ਸਿਰਫ਼ ਪੰਚਕੁਲਾ ਵਿੱਚ ਹਨੇਰੀ ਦਾ ਅਲਰਟ ਹੈ। ਗੁਰੂਗਰਾਮ ਵਿੱਚ ਸਵੇਰ ਦਾ ਤਾਪਮਾਨ ਸਭ ਤੋਂ ਘੱਟ 24 ਡਿਗਰੀ ਦਰਜ ਕੀਤਾ ਗਿਆ ਹੈ ਜਦਕਿ ਦਿਨ ਦਾ ਤਾਪਮਾਨ ਸਭ ਤੋਂ ਜ਼ਿਆਦਾ ਫਰੀਦਾਬਾਦ ਦਾ 45 ਡਿਗਰੀ ਦਰਜ ਕੀਤਾ ਗਿਆ ਹੈ । ਪੰਚਕੁਲਾ ਅਤੇ ਪਾਣੀਪਤ ਨੂੰ ਛੱਡ ਕੇ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ 40 ਨੂੰ ਪਾਰ ਕਰ ਗਿਆ ਹੈ ।
ਉਧਰ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅੱਜ ਮੌਸਮ ਸਾਫ ਰਹੇਗਾ । ਉੱਚੇ ਹਿੱਸਿਆਂ ਵਿੱਚ ਬੂੰਦਾਂਬਾਂਦੀ ਦਾ ਅਨੁਮਾਨ ਲਗਾਇਆ ਗਿਆ ਹੈ। ਮੌਸਮ ਵਿਭਾਗ ਦੇ ਮੁਤਾਬਿਕ ਕੱਲ੍ਹ ਅਤੇ ਪਰਸੋਂ ਮੌਸਮ ਸਾਫ ਰਹੇਗਾ ।
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਗਰਮੀ ਪੂਰੇ ਸ਼ੁਮਾਰ ‘ਤੇ ਹੈ,ਦਿਨ ਦਾ ਤਾਪਮਾਨ 42 ਡਿਗਰੀ ਦੇ ਆਲੇ ਦੁਆਲੇ ਦਰਜ ਕੀਤਾ ਗਿਆ ਹੈ,ਲੂਹ ਨਾਲ ਲੋਕਾਂ ਦਾ ਬੁਰਾ ਹਾਲ ਹੈ । ਮੌਸਮ ਵਿਭਾਗ ਨੇ ਅੱਜ 29 ਸੂਬਿਆਂ ਵਿੱਚ ਹਨੇਰੀ ਅਤੇ ਤੂਫਾਨ ਦਾ ਅਲਰਟ ਜਾਰੀ ਕੀਤਾ ਹੈ । ਇੰਨਾਂ ਸੂਬਿਆਂ ਵਿੱਚ ਮੱਧ ਪ੍ਰਦੇਸ਼,ਉੱਤਰ ਪ੍ਰਦੇਸ਼,ਰਾਜਸਥਾਨ,ਬਿਹਾਰ ਵੀ ਸ਼ਾਮਲ ਹੈ ।
ਮੱਧ ਪ੍ਰਦੇਸ਼ ਦੇ 21 ਜ਼ਿਲ੍ਹਿਆਂ ਵਿੱਚ ਹਨੇਰੀ ਦੀ ਚਿਤਾਵਨੀ ਹੈ ਜਦਕਿ ਬਾਕੀ ਵਿੱਚ ਹੀਟਵੇਵ ਦਾ ਅਲਰਟ ਹੈ,ਰਾਜਸਥਾਨ ਦੇ 6 ਜ਼ਿਲ੍ਹਿਆਂ ਵਿੱਚ ਤਾਪਮਾਨ 44 ਡਿਗਰੀ ਨੂੰ ਪਾਰ ਕਰ ਗਿਆ ਹੈ ।