ਬਿਉਰੋ ਰਿਪੋਰਟ – ਪੰਜਾਬ ਵਿੱਚ ਡੇਂਗੂ (DENGUE) ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਅਜਿਹੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ (PUNJAB HEALTH MINISTER DR. BALBIR SINGH) ਦਾ ਹੈਰਾਨ ਕਰਨ ਵਾਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਵਿਦਿਆਰਥੀਆਂ ਲਈ ਡੇਂਗੂ ਨੂੰ ਲੈਕੇ ਇੱਕ ਪੇਸ਼ਕਸ਼ ਦਿੱਤੀ ਜਿਸ ਨੂੰ ਲੈਕੇ ਉਨ੍ਹਾਂ ਦਾ ਦਾਅਵਾ ਹੈ ਇਸਦੇ ਚੰਗੇ ਨਤੀਜੇ ਆਉਣਗੇ।
ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਬੱਚਿਆਂ ਨੂੰ ਕਿਹਾ ਕਿ ਜਿਹੜਾ ਡੇਂਗੂ ਦਾ ਲਾਰਵਾ ਬਾਰੇ ਜਾਣਕਾਰੀ ਦੇਵੇਗਾ, ਉਸ ਨੂੰ ਇਮਤਿਹਾਨ ਵਿੱਚ ਜ਼ਿਆਦਾ ਨੰਬਰ ਮਿਲਣਗੇ। ਸਿਹਤ ਮੰਤਰ ਨੇ ਕਿਹਾ ਬੱਚੇ ਭੱਜ-ਭੱਜ ਕੇ ਲਾਰਵਾ ਲੱਭ ਕੇ ਲੈਕੇ ਆ ਰਹੇ ਹਨ। ਅਸੀਂ ਨਿਰਦੇਸ਼ ਜਾਰੀ ਕੀਤੇ ਹਨ ਕਿ ਲਾਰਵਾ ਲੱਭਣ ਵਾਲੇ ਨੂੰ ਇੰਟਰਨਲ ਅਸੈਸਮੈਂਟ ਵਿੱਚ ਨੰਬਰ ਦਿੱਤੇ ਜਾਣਗੇ। ਬੱਚੇ ਆਪੋ-ਆਪਣੇ ਘਰਾਂ ਅਤੇ ਆਲੇ-ਦੁਆਲੇ ਲਾਰਵਾ ਲੱਭਣ ਵਿੱਚ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਇਸ ਦੇ ਆਉਣ ਵਾਲੇ ਦਿਨਾਂ ਵਿੱਚ ਚੰਗੇ ਨਤੀਜੇ ਸਾਹਮਣੇ ਆਉਣਗੇ।
ਮੁਹਾਲੀ ਵਿੱਚ ਡੇਂਗੂ ਦੇ ਹੁਣ ਤੱਕ 200 ਤੋਂ ਵੱਧ ਮਾਮਲੇ ਆ ਚੁੱਕੇ ਹਨ। ਪਿਛਲੇ ਪੰਜ ਦਿਨਾਂ ਦੇ ਅੰਦਰ 44 ਨਵੇਂ ਮਰੀਜ਼ ਸਾਹਮਣੇ ਆਏ, ਸਿਹਤ ਵਿਭਾਗ ਨੇ ਦੱਸਿਆ ਕਿ ਡੇਂਗੂ ਲੋਕਾਂ ਦੀ ਲਾਪਰਵਾਹੀ ਦੇ ਕਾਰਨ ਹੀ ਫੈਲ ਰਿਹਾ ਹੈ। ਜਾਣਕਾਰੀ ਮੁਤਾਬਿਕ ਬਲੌਂਗੀ, ਬੜਮਾਜਰੀ, ਜੁਝਾਰ ਨਗਰ, ਜਗਤਪੁਰਾ, ਅੰਬ ਸਾਹਿਬ ਕਲੋਨੀ ਦੇ ਲੋਕਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਇਨ੍ਹਾਂ ਇਲਾਕਿਆਂ ਦੇ ਵਿਚ ਡੇਂਗੂ ਲਾਰਵੇ ਦੀਆਂ ਫੈਕਟਰੀਆਂ ਚਲ ਰਹੀਆਂ ਹਨ।
ਡੇਂਗੂ ਦੇ ਵਧਦੇ ਕੇਸਾਂ ਨੂੰ ਦੇਖਦਿਆਂ ਮੁਹਾਲੀ ਦੇ ਸਰਕਾਰੀ ਹਸਪਤਾਲਾਂ ਦੇ ਵਿਚ ਡੇਂਗੂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ ਅਤੇ ਸਪੈਸ਼ਲ ਡੇਂਗੂ ਵਾਰਡ ਵੀ ਬਣਾਏ ਗਏ ਹਨ। ਸਿਹਤ ਵਿਭਾਗ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਕਰੀਬ 800 ਤੋਂ ਵੱਧ ਘਰਾਂ ਵਿੱਚ ਜਾ ਕੇ ਸਰਵੇ ਕੀਤਾ ਹੈ।