ਬਿਊਰੋ ਰਿਪੋਰਟ (ਚੰਡੀਗੜ੍ਹ, 24 ਸੰਤਬਰ 2025): ਪੰਜਾਬ ਵਿੱਚ ਸਿਹਤ ਬੀਮਾ ਯੋਜਨਾ ਹੁਣ ਦਸੰਬਰ ਮਹੀਨੇ ਵਿੱਚ ਲਾਂਚ ਕੀਤੀ ਜਾਵੇਗੀ। ਪਹਿਲਾਂ ਇਹ ਯੋਜਨਾ 2 ਅਕਤੂਬਰ ਨੂੰ ਸ਼ੁਰੂ ਹੋਣੀ ਸੀ, ਪਰ ਸੂਬੇ ਵਿੱਚ ਆਏ ਹੜ੍ਹਾਂ ਕਾਰਨ ਇਸਨੂੰ ਟਾਲ ਦਿੱਤਾ ਗਿਆ ਹੈ। ਇਹ ਜਾਣਕਾਰੀ ਸਿਹਤ ਮੰਤਰੀ ਬਲਬੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਟੈਂਡਰ ਪ੍ਰਕਿਰਿਆ ਜਲਦੀ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਇਸ ਲਈ ਵੱਖਰਾ ਫੰਡ ਵੀ ਰੱਖਿਆ ਗਿਆ ਹੈ।
ਇਸ ਯੋਜਨਾ ਤਹਿਤ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾਵੇਗੀ। ਸਰਕਾਰ ਦਾ ਦਾਅਵਾ ਹੈ ਕਿ ਇਸ ਸਕੀਮ ਵਿੱਚ ਸਾਰੇ ਸਰਕਾਰੀ ਹਸਪਤਾਲਾਂ ਨਾਲ ਨਾਲ ਲਗਭਗ 2 ਹਜ਼ਾਰ ਨਿੱਜੀ ਹਸਪਤਾਲ ਵੀ ਸ਼ਾਮਲ ਕੀਤੇ ਜਾਣਗੇ।
ਜੋ ਹੈਲਥ ਕਾਰਡ ਜਾਰੀ ਹੋਵੇਗਾ, ਉਸ ’ਚ ਲੋਕਾਂ ਨੂੰ ਗੰਭੀਰ ਬਿਮਾਰੀਆਂ ਦੇ ਇਲਾਜ ਦੀ ਵੀ ਸਹੂਲਤ ਮਿਲੇਗੀ। ਫਿਲਹਾਲ ਬਰਨਾਲਾ ਅਤੇ ਤਰਨ ਤਾਰਨ ਵਿੱਚ ਇਸ ਯੋਜਨਾ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਜਾਰੀ ਹੈ, ਜਿਸਦਾ ਅੱਜ ਦੂਜਾ ਦਿਨ ਹੈ।