‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੋਵਿਡ-19 ਕਾਰਨ ਰਾਜ ਨੂੰ ਬਹੁਤ ਵੱਡਾ ਵਿੱਤੀ ਨੁਕਸਾਨ ਹੋਇਆ ਹੈ ਤੇ ਇਸ ਨੂੰ ਪੂਰਾ ਕਰਨ ਲਈ ਸਰਕਾਰ ਨੂੰ ਕੁੱਝ ਸਖ਼ਤ ਫੈਸਲੇ ਲੈਣੇ ਪੈਣਗੇ। ਇਸ ਲਈ ਨਵੇਂ ਟੈਕਸ ਲਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਖ਼ਬਰ ਏਜੰਸੀ ਪੀਟੀਆਈ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਰਾਜ ਨੂੰ ਤਾਲਾਬੰਦੀ ਕਾਰਨ ਹਰ ਮਹੀਨੇ 3,000 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਤੇ ਪੂਰੇ ਸਾਲ ਦਾ ਇਹ ਨੁਕਸਾਨ 50,000 ਕਰੋੜ ਰੁਪਏ ਹੈ। ਜੀਐੱਸਟੀ, ਉਤਪਾਦ ਕਰ ਤੇ ਵੈਟ ਬਗੈਰ ਸਥਿਤੀ ਖ਼ਰਾਬ ਹੋਣ ਦੀ ਖ਼ਤਰਾ ਹੈ ਤੇ ਇਸ ਲਈ ਕੇਂਦਰ ਨੂੰ ਹੱਥ ਖੋਲ੍ਹਣਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦਸ ਲੱਖ ਨੌਕਰੀਆਂ ਖ਼ਤਮ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਕੁੱਝ ਮਾਹਿਰਾਂ ਦਾ ਮੰਨਣਾ ਹੈ ਕਿ ਕਰੋਨਾ ਮਹਾਂਮਾਰੀ ਦਾ ਸਿਖ਼ਰ ਜੁਲਾਈ-ਅਗਸਤ ਹੋਵੇਗਾ ਤੇ ਰਾਜ ਇਸ ਭਿਆਨਕ ਸਥਿਤੀ ਨਾਲ ਨਜਿੱਠਣ ਲਈ ਤਿਆਰ ਕਰ ਰਿਹਾ ਹੈ।