Punjab

ਸਰਕਾਰ ਦਾ ਹਾਈਕੋਰਟ ਵਿੱਚ ਵੱਡਾ ਦਾਅਵਾ ! ਵਾਰਿਸ ਪੰਜਾਬ ਦੇ ਵਕੀਲ ਤੋਂ ਮੰਗੇ ਜੱਜ ਨੇ ਇਹ ਸਬੂਤ !

Amritpal singh pb high court hearing

ਬਿਊਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਲੈਕੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਅਹਿਮ ਸੁਣਵਾਈ ਹੋਈ । ਅਦਾਲਤ ਨੇ ਜਦੋਂ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਵਿਨੋਦ ਘਈ ਤੋਂ ਅੰਮ੍ਰਿਤਪਾਲ ਸਿੰਘ ਨੂੰ ਲੈਕੇ ਸਵਾਲ ਪੁੱਛਿਆ ਤਾਂ ਉਨ੍ਹਾਂ ਨੇ ਵੱਡਾ ਦਾਅਵਾ ਕਰਦੇ ਹੋਏ ਕਿਹਾ ਕਿ ਅਸੀਂ ਉਨ੍ਹਾਂ ਨੂੰ ਫੜਨ ਦੇ ਕਾਫੀ ਨਜ਼ਦੀਕ ਹਾਂ। ਪਰ ਕੁਝ ਚੀਜ਼ਾ ਅਜਿਹੀਆਂ ਹਨ ਜਿਸ ਨੂੰ ਅਸੀਂ ਸਾਂਝੀ ਨਹੀਂ ਕਰ ਸਕਦੇ ਹਾਂ। ਅਦਾਲਤ ਵਿੱਚ ਦਿੱਤਾ ਗਿਆ ਐਡਵੋਕੇਟ ਜਨਰਲ ਦਾ ਇਹ ਬਿਆਨ ਕਾਫੀ ਅਹਿਮ ਹੈ ਕਿਉਂਕਿ ਜੇਕਰ ਪੁਲਿਸ ਅੰਮ੍ਰਿਤਪਾਲ ਸਿੰਘ ਨੂੰ ਫੜਨ ਦੇ ਕਾਫੀ ਨਜ਼ਦੀਕ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਪੁਲਿਸ ਨੂੰ ਕੋਈ ਵੱਡਾ ਖੁਲਾਸਾ ਕਰਨਾ ਹੋਵੇਗਾ ਨਹੀਂ ਤਾਂ ਅਗਲੀ ਸੁਣਵਾਈ ਦੌਰਾਨ ਅਦਾਲਤ ਇਸ ਦਾ ਸਖਤ ਨੋਟਿਸ ਲੈ ਸਕਦੀ ਹੈ ਕਿ ਆਖਿਰ ਕਿਸ ਸਬੂਤਾਂ ਦੇ ਅਧਾਰ ‘ਤੇ ਅਦਾਲਤ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਉਹ ਅੰਮ੍ਰਿਤਪਾਲ ਸਿੰਘ ਦੇ ਨਜ਼ਦੀਕ ਪਹੁੰਚ ਗਈ ਹੈ। ਇਸ ਤੋਂ ਬਾਅਦ ਅਦਾਲਤ ਨੇ ਪੰਜਾਬ ਪੁਲਿਸ ਦੇ ਆਈਜੀ ਨੂੰ ਕਿਹਾ ਤੁਸੀਂ ਹਲਫਨਾਮਾ ਦਾਇਰ ਕਰਕੇ ਦੱਸੋ ਕਿ ਇਸ ਬਾਰੇ ਹੁਣ ਤੱਕ ਕੀ-ਕੀ ਕਾਰਵਾਈ ਕੀਤੀ ਹੈ ਅਤੇ ਕੀ-ਕੀ ਕਰ ਰਹੇ ਹੋ। ਉਧਰ ਅਦਾਲਤ ਨੇ ਅੰਮ੍ਰਿਤਪਾਲ ਸਿੰਘ ਦੇ ਵਕੀਲ ਨੂੰ ਵੀ ਅਦਾਲਤ ਵਿੱਚ ਅਹਿਮ ਸਵਾਲ ਪੁੱਛੇ ਹਨ ।

ਅਦਾਲਤ ਦਾ ਅੰਮ੍ਰਿਤਪਾਲ ਸਿੰਘ ਦੇ ਵਕੀਲ ਤੋਂ ਸਵਾਲ

ਅਦਾਲਤ ਨੇ ਅੰਮ੍ਰਿਤਪਾਲ ਸਿੰਘ ਦੇ ਵਕੀਲ ਨੂੰ ਪੁੱਛਿਆ ਕਿ ਤੁਸੀਂ ਵਾਰ-ਵਾਰ ਕਹਿ ਰਹੋ ਹੋ ਵਾਰਿਸ ਪੰਜਾਬ ਦੇ ਮੁਖੀ ਨੂੰ ਪੁਲਿਸ ਨੇ ਡਿਟੇਨ ਕੀਤਾ ਹੈ ਅਤੇ ਦੱਸ ਨਹੀਂ ਰਹੀ ਹੈ । ਪਰ ਕੋਈ ਅਜਿਹਾ ਸਬੂਤ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇ ਜਿਸ ਦੇ ਜ਼ਰੀਏ ਅਸੀਂ ਵਾਰੰਟ ਅਫਸਰ ਤਾਇਨਾਤ ਕਰਕੇ ਇਸ ਜਾਂਚ ਕਰਵਾ ਸਕਿਏ। ਅਦਾਲਤ ਨੇ ਅੰਮ੍ਰਿਤਪਾਲ ਦੇ ਵਕੀਲ ਨੂੰ ਮੁੜ ਤੋਂ ਨਵਾਂ ਹਲਫਨਾਮਾ ਦਾਇਰ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ ।  ਉਦੋਂ ਤੱਕ ਪੰਜਾਬ ਪੁਲਿਸ ਨੂੰ ਇਹ ਦੱਸਣਾ ਹੋਵੇਗਾ ਕਿ ਅੰਮ੍ਰਿਤਪਾਲ ਦੇ ਮਾਮਲੇ ਵਿੱਚ ਹੁਣ ਤੱਕ ਉਨ੍ਹਾਂ ਕੀ ਕਾਰਵਾਈ ਕੀਤੀ ਹੈ ? ਕਿਉਂਕਿ ਅਦਾਲਤ ਵਿੱਚ ਸਰਕਾਰ ਨੇ ਕਿਹਾ ਕਿ ਉਹ ਫੜਨ ਦੇ ਕਾਫੀ ਨਜ਼ਦੀਕ ਹੈ । ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਸਰਕਾਰ ਨੂੰ ਕਾਫੀ ਝਾੜ ਲਗਾਈ ਸੀ ।

ਪਿਛਲੀ ਸੁਣਵਾਈ ਦੌਰਾਨ ਪੰਜਾਬ ਹਰਿਆਣਾ ਹਾਈਕੋਰਟ ਨੇ ਸਰਕਾਰ ਨੂੰ ਤਿੱਖੇ ਸਵਾਲ ਪੁੱਛੇ ਸਨ ਕਿ ਆਖਿਰ 80 ਹਜ਼ਾਰ ਦੀ ਪੁਲਿਸ ਫੋਰਸ ਦੇ ਬਾਵਜੂਦ ਅੰਮ੍ਰਿਤਪਾਲ ਸਿੰਘ ਕਿਵੇ ਨਿਕਲ ਗਿਆ ? ਇਹ ਪੁਲਿਸ ਦੀ ਵੱਡੀ ਨਾਕਾਮੀ ਹੈ । ਅਦਾਲਤ ਨੇ ਇਹ ਵੀ ਸਵਾਲ ਖੜੇ ਕੀਤੇ ਸਨ ਕਿ ਅਜਨਾਲਾ ਮਾਮਲੇ ਤੋਂ ਬਾਅਦ ਪੁਲਿਸ ਨੇ ਕਿਉਂ ਨਹੀਂ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕੀਤਾ ਸੀ ?