Manoranjan Punjab

ਮੂਸੇਵਾਲਾ ਦੀ ਮੌਤ ’ਤੇ ‘ਸੁਪ੍ਰੀਮ’ ਕਬੂਲਨਾਮਾ! ‘ਹੁਣ ਕਰੋ CM ਮਾਨ ਖ਼ਿਲਾਫ਼ ਪਰਚਾ, ਦਿਓ ਇਨਸਾਫ਼!’

ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਪਹਿਲੀ ਵਾਰ ਮੰਨਿਆ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ ਪੰਜਾਬ ਸਰਕਾਰ ਵੱਲੋਂ ਉਸ ਦੀ ਸੁਰੱਖਿਆ ਹਟਾਉਣ ਦੀ ਵਜ੍ਹਾ ਕਰਕੇ ਹੋਈ ਸੀ। ਦਰਅਸਲ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਰਕਾਰੀ ਘਰ ਦੇ ਬਾਹਰੋ ਰਸਤਾ ਖੋਲ੍ਹਣ ਨੂੰ ਲੈ ਕੇ ਚੱਲ ਰਿਹਾ ਸੀ। ਪਰ ਇਸੇ ਦੌਰਾਨ ਮੂਸੇਵਾਲਾ ਦੀ ਮੌਤ ਦੇ ਮਾਮਲੇ ਬਾਰੇ ਵੀ ਇਹ ਗੱਲ ਕੀਤੀ ਗਈ ਹੈ।

ਹਾਈਕੋਰਟ ਨੇ ਆਪ ਨੋਟਿਸ ਲੈਂਦੇ ਹੋਏ 1980 ਤੋਂ ਬੰਦ ਪਈ ਸੜਕ ਨੂੰ 1 ਮਈ ਨੂੰ ਖੋਲ੍ਹਣ ਦੇ ਨਿਰਦੇਸ਼ ਦਿੱਤੇ ਸਨ ਜਿਸ ਦੇ ਖ਼ਿਲਾਫ਼ ਪੰਜਾਬ ਸਰਕਾਰ ਸੁਪਰੀਮ ਕੋਰਟ ਪਹੁੰਚੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਸੜਕ ਖੋਲ੍ਹਣ ਦੇ ਹਾਈਕੋਰਟ ਦੇ ਫੈਸਲੇ ’ਤੇ ਰੋਕ ਲਗਾ ਦਿੱਤੀ ਅਤੇ ਸਾਰੀਆਂ ਧਿਰਾਂ ਨੂੰ ਨੋਟਿਸ ਜਾਰੀ ਕੀਤਾ।

ਦਰਅਸਲ ਅਦਾਲਤ ਵਿੱਚ ਪੰਜਾਬ ਸਰਕਾਰ ਨੇ ਤਰਕ ਦਿੱਤਾ ਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਾਨ ਨੂੰ ਖ਼ਤਰਾ ਹੈ, ਉਨ੍ਹਾਂ ਨੂੰ ਕੇਂਦਰ ਵੱਲੋਂ ਵੀ ਖ਼ਾਸ ਸੁਰੱਖਿਆ ਦਿੱਤੀ ਗਈ ਹੈ। ਜਿਹੜੀ ਸੜਕ ਨੂੰ ਖੋਲ੍ਹਣ ਦਾ ਹੁਕਮ ਦਿੱਤਾ ਗਿਆ ਹੈ ਉਸ ਦੀ ਹੱਦ ਵਿੱਚ ਇੱਕ ਰਾਕੇਟ ਲਾਂਚਰ ਵੀ ਆ ਰਿਹਾ ਹੈ।

ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਦੱਸਿਆ ਕਿ ਸੂਬੇ ਵਿੱਚ ਦਹਿਸ਼ਤਗਰਦੀ ਮੁੜ ਤੋਂ ਸੁਰਜੀਤ ਹੋ ਰਹੀ ਹੈ ਜਿਸ ਦੀ ਵਜ੍ਹਾ ਕਰਕੇ ਇਸ ਨੂੰ ਨਹੀਂ ਖੋਲ੍ਹਿਆ ਜਾ ਸਕਦਾ। ਅਦਾਲਤ ਵਿੱਚ ਪੰਜਾਬ ਸਰਕਾਰ ਨੇ ਸਿੱਧੂ ਮੂਸੇਵਾਲਾ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ‘ਤੇ ਹੋਏ ਹਮਲਿਆਂ ਦਾ ਵੀ ਹਵਾਲਾ ਦਿੱਤਾ।

ਅਦਾਲਤ ਵਿੱਚ ਪੰਜਾਬ ਸਰਕਾਰ ਦੇ ਇਸ ਬਿਆਨ ਮਗਰੋਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰ ’ਚ ਇਨਸਾਨੀਅਤ ਹੈ ਤਾਂ FIR ਦਰਜ ਕਰਵਾਵੇ। ਬਲਕੌਰ ਸਿੰਘ ਨੇ ਕਿਹਾ ਕਿ ਜਦ ਮੇਰੇ ਪੁੱਤਰ ਦਾ ਕਤਲ ਹੋਇਆ ਤਾਂ ਉਸ ਸਮੇਂ ਗ੍ਰਹਿ ਮੰਤਰੀ ਕੌਣ ਸਨ?

ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਮੁੱਖ ਮੰਤਰੀ ਦੀ ਸੁਰੱਖਿਆ ਦੀ ਗੱਲ ਕੀਤੀ ਜਾ ਰਹੀ ਹੈ, ਤੇ ਇਹ ਤਾਂ 1980 ਦੇ ਹਾਲਾਤਾਂ ਵਾਂਗ ਹੈ। ਜਦੋਂ ਪੰਜਾਬ ਵਿੱਚ ਖਾੜਕੂਵਾਦ ਅਤੇ ਗਵਰਨਰ ਸ਼ਾਸਨ ਸੀ ਅਤੇ ਇਹ ਉਸ ਸਮੇਂ ਦੀ ਗੱਲ ਸੀ। ਉਨ੍ਹਾਂ ਕਿਹਾ ਕਿ ਜੇ ਸਰਕਾਰ ਵਿੱਚ ਰਤਾ ਵੀ ਇਨਸਾਨੀਅਤ ਬਚੀ ਹੈ ਤਾਂ ਉਸ ਨੂੰ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਡੇਢ ਸਾਲ ਹੋ ਗਿਆ ਹੈ ਪਰ ਅੱਜ ਤੱਕ ਸਰਕਾਰ ਉਸ ਦਾ ਪਤਾ ਨਹੀਂ ਲਗਾ ਸਕੀ। ਜਿਨ੍ਹਾਂ ਅਧਿਕਾਰੀਆਂ ਨੇ ਇਹ ਇੰਟਰਵਿਊ ਕਰਵਾਈ ਸੀ ਉਹ ਵਿਦੇਸ਼ ਚਲੇ ਗਿਏ ਹਨ।

ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਹੈ ਤੇ ਇਸ ਮਾਮਲੇ ’ਤੇ ਹੁਣ ਸਿਆਸਤ ਵੀ ਗਰਮਾ ਗਈ ਹੈ। ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਸਰਕਾਰ ਨੂੰ ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਹੁਣ ਜਦੋਂ ਸੁਪਰੀਮ ਕੋਰਟ ਵਿੱਚ ਪੰਜਾਬ ਦੇ ਐਡਵੋਕੇਟ ਜਨਰਲ ਗੁਰਵਿੰਦਰ ਸਿੰਘ ਨੇ ਮੰਨ ਲਿਆ ਹੈ ਕਿ ਸੁਰੱਕਿਆ ਘਟਾਉਣ ਦੀ ਵਜ੍ਹਾ ਕਰਕੇ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਤਾਂ ਹੁਣ ਇਹ ਸੰਵੇਦਨਸ਼ੀਲ ਜਾਣਕਾਰੀ ਜਨਤਕ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਲਤੇਜ ਪੰਨੂ ਅਤੇ ਹੋਰ ਲੋਕਾਂ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਹੈ ਤਾਂ ਕਿ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ਼ ਮਿਲੇ।

ਉੱਧਰ ਬੀਜੇਪੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਟਵੀਟ ਕਰਦੇ ਹੋਏ ਕਿਹਾ ਆਪਣੇ ਆਪ ਨੂੰ ਆਮ ਆਦਮੀ ਕਹਿਣ ਵਾਲਾ ਮੁੱਖ ਮੰਤਰੀ ਖ਼ਾਸ ਹੋ ਗਿਆ ਹੈ। ਇਹ ਸੱਤਾ ਦਾ ਘਮੰਡ ਹੈ।

ਸਬੰਧਿਤ ਖ਼ਬਰ – CM ਮਾਨ ਨੂੰ ਸੁਪ੍ਰੀਮ ਵੱਲੋਂ ਰਾਹਤ! ਹਾਈਕੋਰਟ ਦੇ ਫ਼ੈਸਲੇ ’ਤੇ ਲਾਈ ਰੋਕ!