Punjab

ਨਸ਼ੇ ਤੋਂ ਬਚਾਉਣ ਦੇ ਲਈ ਪੰਜਾਬ ਸਰਕਾਰ ਦੀ ਨਵੀਂ ਪਾਲਿਸੀ !

ਬਿਊਰੋ ਰਿਪੋਰਟ : ਡਰੱਗ ਨੂੰ ਲੈਕੇ ਪੰਜਾਬ ਸਰਕਾਰ ਇੱਕ ਨਵੀਂ ਨੀਤੀ ਬਣਾਉਣ ਜਾ ਰਹੀ ਹੈ । ਜਿਸ ਦਾ ਖੁਲਾਸਾ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕੀਤਾ । ਨਸ਼ੇ ਦੀ ਵਰਤੋਂ ਨੂੰ ਅਪਰਾਧ ਮੁਕਤ ਕਰਨ ‘ਤੇ ਸਰਕਾਰ ਵਿਚਾਰ ਕਰ ਰਹੀ ਹੈ,ਪਰ ਇਸ ਦੇ ਕੁਝ ਪੈਮਾਨੇ ਤੈਅ ਕੀਤੇ ਜਾਣਗੇ। ਇਸ ਦਾ ਮਕਤਬ ਇਹ ਨਹੀਂ ਹੋਵੇਗਾ ਕਿ ਨਸ਼ੇ ਨੂੰ ਜਾਇਜ਼ ਠਹਿਰਾਇਆ ਜਾਵੇਗਾ ਬਲਕਿ ਉਹ ਗੈਰ ਕਾਨੂੰਨੀ ਹੀ ਰਹੇਗਾ । ਇਸ ਨੀਤੀ ਦਾ ਮਕਸਦ ਹੈ ਨਸ਼ੇ ਦੇ ਪੀੜਤ ਅਤੇ ਨਸ਼ੇ ਦੀ ਮਾਮੂਲੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਫੜ ਕੇ ਜੇਲ੍ਹ ਵਿੱਚ ਨਹੀਂ ਸੁੱਟਿਆ ਜਾਵੇਗਾ ਬਲਕਿ ਨਸ਼ਾ ਕੇਂਦਰ ਵਿੱਚ ਭੇਜਿਆ ਜਾਵੇਗਾ ।

ਸਿਹਤ ਮੰਤਰੀ ਨੇ ਸਾਫ ਕੀਤਾ ਕਿ ਨਸ਼ੇ ਦੀ ਸਮੱਗਲਿੰਗ ਵਿੱਚ ਸ਼ਾਮਲ ਲੋਕਾਂ ਦੇ ਖਿਲਾਫ ਪੁਲਿਸ ਸਖ਼ਤ ਕਾਰਵਾਈ ਕਰੇਗੀ । ਸਿਹਤ ਮੰਤਰੀ ਨੇ ਕਿਹਾ ਨਸ਼ੇ ਦੀ ਪਰੇਸ਼ਾਨੀ ਨੇ ਪੰਜਾਬ ਦੀ ਵੱਡੀ ਆਬਾਦੀ ਨੂੰ ਪ੍ਰਭਾਵਿਤ ਕੀਤਾ ਹੈ, ਨਸ਼ੇ ਦੀ ਵਜ੍ਹਾ ਕਰਕੇ ਵਿਕਾਸ ਰੁਕ ਗਿਆ ਹੈ । ਉਨ੍ਹਾਂ ਕਿਹਾ ਸਾਡਾ ਮਕਸਦ ਪੀੜਤਾਂ ਨੂੰ ਪਰੇਸ਼ਾਨ ਕਰਨਾ ਨਹੀਂ ਹੈ ਬਲਕਿ ਸਮੱਗਲਰਾਂ ਨੂੰ ਫੜਨਾ ਹੈ ਜੋ ਸੂਬੇ ਨੂੰ ਨਸ਼ੇ ਦੀ ਲੱਤ ਹੇਠ ਧੱਕੇਲ ਰਹੇ ਹਨ । ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਨਸ਼ਾ ਪੀੜਤਾ ਦੇ ਵੱਲ ਹਮਦਰਦੀ ਦੀ ਨਜ਼ਰ ਨਾਲ ਵੇਖੇਗੀ ਜਦਕਿ ਸਮੱਗਲਰਾਂ ਖਿਲਾਫ ਸਖਤ ਕਾਰਵਾਈ ਕਰੇਗੀ । ਮੁੱਖ ਮੰਤਰੀ ਮਾਨ ਨੇ ਕਿਹਾ ਨੌਜਵਾਨਾਂ ਨੂੰ ਨਸ਼ੇ ਤੋਂ ਕੱਢਣਾ ਹੈ ਤਾਂ ਉਨ੍ਹਾਂ ਦੀ ਮਜ਼ਬੂਰੀ ਨੂੰ ਸਮਝਨਾ ਹੋਵੇਗਾ,ਉਨ੍ਹਾਂ ਦੇ ਨਾਲ ਖੜਾ ਹੋਣਾ ਹੋਵੇਗਾ ।