Punjab

ਪੰਜਾਬ ਦੇ ਸਕੂਲਾਂ ’ਚ ਹੁਣ ਹਾਈਟੈੱਕ ਹੋਵੇਗੀ ਹਾਜ਼ਰੀ! ਬੱਚਾ ਸਕੂਲੋਂ ਗੈਰ-ਹਾਜ਼ਰ ਰਿਹਾ ਤਾਂ ਤੁਰੰਤ ਆਵੇਗਾ ਮੈਸੇਜ

ਬਿਊਰੋ ਰਿਪੋਰਟ (ਚੰਡੀਗੜ੍ਹ, 9 ਅਪ੍ਰੈਲ 2026): ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੇ ਢਾਂਚੇ ਨੂੰ ਪ੍ਰਾਈਵੇਟ ਸਕੂਲਾਂ ਦੀ ਤਰਜ਼ ’ਤੇ ਲਿਆਉਣ ਲਈ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਰਾਜ ਦੇ 18,000 ਸਰਕਾਰੀ ਸਕੂਲਾਂ ਵਿੱਚ ‘ਆਨਲਾਈਨ ਅਟੈਂਡੈਂਸ ਟ੍ਰੈਕਰ ਸਿਸਟਮ’ (Online Attendance Tracker System) ਲਾਗੂ ਕਰ ਦਿੱਤਾ ਗਿਆ ਹੈ।

ਕਿਵੇਂ ਕੰਮ ਕਰੇਗਾ ਇਹ ਸਿਸਟਮ? 

ਇਸ ਪ੍ਰਣਾਲੀ ਤਹਿਤ ਜੇਕਰ ਕੋਈ ਬੱਚਾ ਸਕੂਲ ਤੋਂ ਗੈਰ-ਹਾਜ਼ਰ ਰਹਿੰਦਾ ਹੈ, ਤਾਂ ਉਸ ਦੇ ਮਾਪਿਆਂ ਦੇ ਮੋਬਾਈਲ ਫ਼ੋਨ ’ਤੇ ਤੁਰੰਤ ਮੈਸੇਜ ਜਾਵੇਗਾ। ਜੇਕਰ ਬੱਚਾ ਲਗਾਤਾਰ 3 ਦਿਨ ਸਕੂਲ ਨਹੀਂ ਆਉਂਦਾ, ਤਾਂ ਸਕੂਲ ਵੱਲੋਂ ਮਾਪਿਆਂ ਨੂੰ ਫ਼ੋਨ ਕੀਤਾ ਜਾਵੇਗਾ। ਜੇਕਰ ਗੈਰ-ਹਾਜ਼ਰੀ 15 ਦਿਨਾਂ ਤੱਕ ਵਧਦੀ ਹੈ, ਤਾਂ ਜ਼ਿਲ੍ਹਾ ਅਤੇ ਮੁੱਖ ਦਫ਼ਤਰ ਦੇ ਅਧਿਕਾਰੀ ਖ਼ੁਦ ਮਾਪਿਆਂ ਨਾਲ ਗੱਲਬਾਤ ਕਰਨਗੇ। ਇਸ ਨਾਲ ਸਕੂਲ ਵਿੱਚ ਪੜ੍ਹਦੇ 30 ਲੱਖ ਵਿਦਿਆਰਥੀਆਂ ਦੀ ਸੁਰੱਖਿਆ ਹੋਰ ਮਜ਼ਬੂਤ ਹੋਵੇਗੀ।

ਕਿਤਾਬਾਂ ਦੀ ਵੰਡ ਅਤੇ ਸਿੱਖਿਆ ਬਜਟ ‘ਚ ਵਾਧਾ

ਹਰਜੋਤ ਬੈਂਸ ਨੇ ਦੱਸਿਆ ਕਿ ਪਹਿਲਾਂ ਅਕਤੂਬਰ ਤੱਕ ਕਿਤਾਬਾਂ ਨਹੀਂ ਪਹੁੰਚਦੀਆਂ ਸਨ, ਪਰ ਇਸ ਵਾਰ ਫਰਵਰੀ ਵਿੱਚ ਹੀ ਕਿਤਾਬਾਂ ਸਕੂਲਾਂ ਤੱਕ ਪਹੁੰਚਾ ਦਿੱਤੀਆਂ ਗਈਆਂ ਅਤੇ 1 ਅਪ੍ਰੈਲ ਨੂੰ ਬੱਚਿਆਂ ਨੂੰ ਕਿਤਾਬਾਂ ਦੇ ਬੰਡਲ ਸੌਂਪ ਦਿੱਤੇ ਗਏ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ‘ਪਰਖ 2024’ (PARAKH) ਸਰਵੇ ਵਿੱਚ ਦੇਸ਼ ਭਰ ’ਚ ਪਹਿਲੇ ਨੰਬਰ ’ਤੇ ਰਿਹਾ ਹੈ। ਪੰਜਾਬ ਦਾ ਸਿੱਖਿਆ ਬਜਟ ਵੀ ਵਧ ਕੇ ਹੁਣ 19,279 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।

ਸਰਕਾਰ ਨੇ ‘ਸਕੂਲ ਆਫ ਐਮੀਨੈਂਸ’ ਤਹਿਤ 118 ਆਧੁਨਿਕ ਸਕੂਲ ਸਥਾਪਤ ਕੀਤੇ ਹਨ। ਅਧਿਆਪਕਾਂ ਨੂੰ ਸਿੰਗਾਪੁਰ, ਫਿਨਲੈਂਡ ਅਤੇ IIM ਅਹਿਮਦਾਬਾਦ ਵਰਗੇ ਸੰਸਥਾਨਾਂ ਤੋਂ ਸਿਖਲਾਈ ਦਿਵਾਈ ਗਈ ਹੈ। ਇਸ ਤੋਂ ਇਲਾਵਾ 14,500 ਤੋਂ ਵੱਧ ਨਵੇਂ ਅਧਿਆਪਕਾਂ ਦੀ ਨਿਯੁਕਤੀ ਕੀਤੀ ਗਈ ਹੈ।