Punjab

ਖਹਿਰਾ ਦੀ ਗ੍ਰਿਫਤਾਰੀ ‘ਤੇ ਹਾਈਕੋਰਟ ਐਕਸ਼ਨ ਵਿੱਚ !

ਬਿਉਰੋ ਰਿਪੋਰਟ : ਪੰਜਾਬ ਹਰਿਆਣਾ ਹਾਈਕੋਰਟ ਨੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਪਟੀਸ਼ਨ ‘ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ 10 ਅਕਤੂਬਰ ਤੱਕ ਜਵਾਬ ਤਲਬੀ ਕੀਤੀ ਹੈ । ਸੁਖਪਾਲ ਸਿੰਘ ਖਹਿਰਾ ਨੇ ਆਪਣੀ ਗ੍ਰਿਫ਼ਤਾਰੀ ਨੂੰ ਗੈਰ ਕਾਨੂੰਨੀ ਦੱਸ ਕੇ ਹੁਕਮ ਰੱਦ ਕਰਨ ਦੀ ਮੰਗ ਕੀਤੀ ਸੀ । ਖਹਿਰਾ ਦੇ ਵਕੀਲ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲ ਚੁੱਕੀ ਹੈ। ਫਿਰ ਵੀ ਇਸ ਮਾਮਲੇ ਵਿੱਚ ਉਨ੍ਹਾਂ ਦੀ ਗ੍ਰਿਫ਼ਤਾਰੀ ਕਰਨਾ ਗ਼ਲਤ ਹੈ । ਦੇਸ਼ ਦੀ ਸੁਪਰੀਮ ਅਦਾਲਤ ਦੇ ਹੁਕਮਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ । ਕਿਉਂਕਿ ਖਹਿਰਾ ਨੂੰ ਪਹਿਲਾਂ ਹੀ ਹਾਈਕੋਰਟ ਤੋਂ ਵੀ ਜ਼ਮਾਨਤ ਮਿਲ ਚੁੱਕੀ ਹੈ।

ਜਸਟਿਸ ਅਨੁਪ ਚਿਤਕਾਰਾ ਨੇ ਮੰਗਿਆ ਪੰਜਾਬ ਸਰਕਾਰ ਤੋਂ ਜਵਾਬ

ਵੀਰਵਾਰ ਨੂੰ ਜੱਜ ਵਿਕਾਸ ਬਹਿਲ ਨੇ ਸੁਖਪਾਲ ਸਿੰਘ ਖਹਿਰਾ ਦੀ ਪਟੀਸ਼ਨ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਸੀ, ਦੂਜੀ ਬੈਂਚ ਨੂੰ ਭੇਜ ਦਿੱਤਾ ਸੀ । ਜਿਸ ਦੇ ਬਾਅਦ ਜਸਟਿਸ ਅਨੂਪ ਚਿਤਕਾਰਾ ਨੇ ਸੋਮਵਾਰ ਨੂੰ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਅਤੇ ਕੱਲ੍ਹ ਤੱਕ ਜਵਾਬ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਹਨ ।

ਨਵਜੋਤ ਸਿੰਘ ਨੇ ਕੀਤਾ ਸੀ ਵੱਡਾ ਖ਼ੁਲਾਸਾ

ਸਨਿੱਚਰਵਾਰ ਨੂੰ ਨਵਜੋਤ ਸਿੰਘ ਸਿੱਧੂ ਨੇ ਸੁਖਪਾਲ ਸਿੰਘ ਖਹਿਰਾ ਨਾਲ ਮੀਟਿੰਗ ਤੋਂ ਬਾਅਦ ਵੱਡਾ ਖੁਲਾਸਾ ਕੀਤਾ ਸੀ । । ਉਨ੍ਹਾਂ ਨੇ ਦਾਅਵਾ ਕੀਤਾ ਕਿ ਖਹਿਰਾ ਦੇ ਕੇਸ ਵਿੱਚ ਕਸ਼ਮੀਰ ਸਿੰਘ ਨਾਂ ਦੇ ਵੱਡੇ ਸਮੱਗਲਰ ਨੂੰ ਲਿਆਇਆ ਜਾ ਰਿਹਾ ਹੈ ਜੋ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਹੈ । ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ । ਸਿੱਧੂ ਨੇ ਕਿਹਾ ਕਸ਼ਮੀਰ ਸਿੰਘ ਖ਼ਿਲਾਫ਼ 24 ਤੋਂ 25 ਕੇਸ ਸਨ ਅਤੇ ਹੁਣ ਉਸ ਨੂੰ 2015 ਦੇ ਡਰੱਗ ਕੇਸ ਵਿੱਚ ਸ਼ਾਮਲ ਕਰਕੇ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਖੜ੍ਹਾ ਕੀਤਾ ਜਾ ਰਿਹਾ ਹੈ। ਖਹਿਰਾ ਦੇ ਪੁੱਤਰ ਨੇ ਸਿੱਧੂ ਦੇ ਖ਼ੁਲਾਸੇ ਤੋਂ ਬਾਅਦ ਟਵੀਟ ਕੀਤਾ ਹੈ। ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਨੇ ਪਿਤਾ ਦੇ ਸੋਸ਼ਲ ਮੀਡੀਆ ਅਕਾਊਂਟ ‘X’ ਤੋਂ ਸਿੱਧੂ ਦਾ ਧੰਨਵਾਦ ਕਰਦੇ ਹੋਏ ਲਿਖਿਆ ਸੀ ਕਿ ‘ਉਨ੍ਹਾਂ ਨੇ ਪੰਜਾਬ ਪੁਲਿਸ ਦੇ ਝੂਠੇ ਪਲਾਨ ਦਾ ਪਰਦਾਫਾਸ਼ ਕੀਤਾ ਕਿ ਕਿਵੇਂ ਮੇਰੇ ਪਿਤਾ ਨੂੰ 8 ਸਾਲ ਪੁਰਾਣੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਨਵੇਂ ਮੁਲਜ਼ਮ ਨੂੰ ਪੱਟੀ ਪੜਾਈ ਜਾ ਰਹੀ ਹੈ ਤਾਂਕਿ ਉਹ ਮੇਰੇ ਪਿਤਾ ਦਾ ਨਾਂ ਲੈ ਸਕੇ’।

SIT ਦੀ ਰਿਪੋਰਟ ਦੇ ਅਧਾਰ ‘ਤੇ ਗ੍ਰਿਫ਼ਤਾਰੀ

ਸੁਖਪਾਲ ਸਿੰਘ ਖਹਿਰਾ ਦੀ 2015 ਦੇ ਇੱਕ ਪੁਰਾਣੇ ਡਰੱਗ ਕੇਸ ਮਾਮਲੇ ਵਿੱਚ ਜਾਂਚ ਚੱਲ ਰਹੀ ਹੈ । ਇਸ ਵਿੱਚ DIG ਦੀ ਅਗਵਾਈ ਵਿੱਚ ਬਣੀ SIT ਦੀ ਰਿਪੋਰਟ ਦੇ ਅਧਾਰ ‘ਤੇ ਅਦਾਲਤ ਨੇ ਗ੍ਰਿਫ਼ਤਾਰੀ ਦੇ ਹੁਕਮ ਦਿੱਤੇ ਸਨ । ਇਸ SIT ਵਿੱਚ SSP ਵੀ ਸ਼ਾਮਲ ਹਨ । ਜਦਕਿ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਇਹ ਝੂਠਾ ਕੇਸ ਹੈ। ਸੁਪਰੀਮ ਕੋਰਟ ਨੇ ਵੀ ਉਨ੍ਹਾਂ ਨੂੰ ਰਾਹਤ ਦਿੱਤੀ ਹੋਈ ਹੈ । ਜਲੰਧਰ ਦਿਹਾਤੀ ਦੀ ਇੱਕ ਟੀਮ ਐੱਮ ਪੀ ਮਨਪ੍ਰੀਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਇੱਕ ਟੀਮ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਚੰਡੀਗੜ੍ਹ ਸਥਿਤ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕਰਕੇ ਲੈ ਗਈ ਸੀ ।