ਬਿਉਰੋ ਰਿਪੋਰਟ : ਪੰਜਾਬ ਵਿੱਚ ਲੋਕਸਭਾ ਚੋਣਾਂ ਤੋਂ ਪਹਿਲਾਂ ਮਾਨ ਸਰਕਾਰ ਔਰਤਾਂ ਨੂੰ 1-1 ਹਜ਼ਾਰ ਰੁਪਏ ਮਹੀਨਾ ਦੇਣ ਦਾ ਆਪਣਾ ਸਭ ਤੋਂ ਵੱਡਾ ਵਾਅਦਾ ਪੂਰਾ ਕਰ ਸਕਦੀ ਹੈ । ਸੂਤਰਾਂ ਦੇ ਮੁਤਾਬਿਕ ਇਸ ਦੀ ਤਿਆਰੀ ਪੂਰੀ ਹੋ ਚੁੱਕੀ ਹੈ । ਯੋਜਨਾ ਨੂੰ 4 ਹਿੱਸਿਆਂ ਵਿੱਚ ਵੰਡਿਆ ਗਿਆ ਹੈ । ਜਿਸ ਵਿੱਚ 80 ਲੱਖ ਔਰਤਾਂ ਨੂੰ ਲਾਭ ਹੋਵੇਗਾ । ਇਸ ਦੇ ਲਈ ਸਰਕਾਰ ਨੇ ਫਾਈਨਾਂਸ ਵਿਭਾਗ ਨੂੰ ਫਾਇਲ ਭੇਜੀ ਹੈ । ਸਰਕਾਰ ਨੇ ਯੋਜਨਾ ਨੂੰ ਲਾਗੂ ਕਰਨ ਦੇ ਲਈ ਜਿਹੜੇ 4 ਗੇੜ੍ਹ ਤੈਅ ਕੀਤੇ ਹਨ, ਉਹ ਜ਼ਰੂਰਤ ਦੇ ਹਿਸਾਬ ਨਾਲ ਹੋਣਗੇ ।
ਉਦਾਹਰਣ ਦੇ ਤੌਰ ‘ਤੇ ਇਕੱਲੀ ਔਰਤਾਂ ਨੂੰ ਸਭ ਤੋਂ ਪਹਿਲਾਂ 1 ਹਜ਼ਾਰ ਮਹੀਨੇ ਵਾਲਾ ਲਾਭ ਦਿੱਤਾ ਜਾਵੇਗਾ। ਇਸ ਵਿੱਚ ਵਿਦਵਾ ਅਤੇ ਤਲਾਕਸ਼ੁਦ ਔਰਤਾਂ ਸ਼ਾਮਲ ਹਨ । ਇਸ ਤੋਂ ਬਾਅਦ ਹੋਲੀ-ਹੋਲੀ 1 ਹਜ਼ਾਰ ਸਾਰੀਆਂ ਔਰਤਾਂ ਨੂੰ ਦਿੱਤਾ ਜਾਵੇਗਾ । ਪਹਿਲੇ ਗੇੜ੍ਹ ਵਿੱਚ 1 ਲੱਖ 50 ਹਜ਼ਾਰ ਔਰਤਾਂ ਨੂੰ ਫਾਇਦਾ ਹੋਵੇਗਾ । ਜਿਸ ਨਾਲ ਪੰਜਾਬ ਦੇ ਸਿਰ ‘ਤੇ ਹਰ ਮਹੀਨੇ 15 ਕਰੋੜ ਦਾ ਬੋਝ ਪਏਗਾ । ਪੰਜਾਬ ਵਿੱਚ ਔਰਤ ਵੋਟਰਾਂ ਦੀ ਗਿਣਤੀ 1.02 ਕਰੋੜ ਹੈ । ਦੂਜੇ ਗੇੜ੍ਹ ਵਿੱਚ ਬਿਨਾਂ ਵਿਆਹੁਦਾ ਔਰਤਾਂ ਨੂੰ ਫਾਇਦਾ ਮਿਲੇਗਾ ਜਿੰਨਾਂ ਦੇ ਕੋਲ ਆਮਦਨ ਦਾ ਸਾਧਨ ਨਹੀਂ ਹੈ । ਇਸ ਵਿੱਚ ਉਹ ਔਰਤਾਂ ਸ਼ਾਮਲ ਹਨ ਜਿੰਨਾਂ ਦੀ ਉਮਰ 18 ਸਾਲ ਤੋਂ ਵੱਧ ਹੈ ਅਤੇ ਉਹ ਵਿਦਿਆਰਥੀ ਹਨ । ਤੀਜੇ ਗੇੜ੍ਹ ਵਿੱਚ ਘੱਟ ਆਮਦਨ ਵਾਲੀ BPL ਕਾਰਡ ਧਾਰਕ ਔਰਤਾਂ ਨੂੰ ਸ਼ਾਮਲ ਕੀਤਾ ਜਾਵੇਗਾ । ਚੌਥੇ ਗੇੜ੍ਹ ਵਿੱਚ ਸਾਰੀਆਂ ਔਰਤਾਂ ਨੂੰ ਸ਼ਾਮਲ ਕੀਤਾ ਜਾਵੇਗਾ । ਇਸ ਪੂਰੀ ਸਕੀਮ ਵਿੱਚ ਕੁੱਲ 900 ਕਰੋੜ ਰੁਪਏ ਪ੍ਰਤੀ ਮਹੀਨੇ ਦਾ ਖਰਚ ਹੋਵੇਗਾ ।
ਗੇੜ੍ਹ ਵਿੱਚ ਸਕੀਮ ਨੂੰ ਲਾਗੂ ਕਰਨ ਦਾ ਮਾਨ ਸਰਕਾਰ ਦਾ ਇਹ ਫੈਸਲਾ ਵੀ ਕਿਧਰੇ ਨਾ ਕਿਧਰੇ ਕੈਪਟਨ ਸਰਕਾਰ ਵੇਲੇ ਹਰ ਵਿਦਿਆਰਥੀ ਨੂੰ ਸਮਾਰਟ ਫੋਨ ਦੇਣ ਦੀ ਯੋਜਨਾ ਦੀ ਯਾਦ ਦਿਵਾਉਂਦਾ ਹੈ। ਚੋਣਾਂ ਵਿੱਚ ਸਾਰੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਗਿਆ ਸੀ । ਫਿਰ ਸਿਰਫ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਫੋਨ ਦੇਣ ਦਾ ਫੈਸਲਾ ਹੋਇਆ । ਸਰਕਾਰ ਜਾਂਦੇ ਜਾਂਦੇ ਕੁਝ ਹੀ ਵਿਦਿਆਰਥੀਆਂ ਨੂੰ ਇਸ ਦਾ ਫਾਇਦਾ ਮਿਲਿਆ ਸੀ ।