Punjab

ਪੰਜਾਬ ਵਿਧਾਨਸਭਾ ‘ਚ RDF ‘ਤੇ ਕੇਂਦਰ ਦੇ ਖਿਲਾਫ ਮਤਾ ਪਾਸ ! CM ਮਾਨ ਨੇ ਕਿਹਾ ਫੰਡ ਦਿਓ ਨਹੀਂ ਤਾਂ ਸੁਪਰੀਮ ਕੋਰਟ ਖੁੱਲਿਆ !

ਬਿਊਰੋ ਰਿਪੋਰਟ : ਪੰਜਾਬ ਵਿਧਾਨਸਭਾ ਦੇ ਸਪੈਸ਼ਲ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਚੱਲ ਰਹੀ ਹੈ,ਇਸ ਵਿੱਚ ਰੂਰਲ ਡਵੈਲਪਮੈਂਟ ਫੰਡ ਜਾਰੀ ਨਾ ਕਰਨ ਦੇ ਖਿਲਾਫ਼ ਮਤਾ ਪਾਸ ਕੀਤਾ ਗਿਆ । CM ਭਗਵੰਤ ਸਿੰਘ ਮਾਨ ਨੇ ਇਸ਼ਾਰਿਆਂ ਵਿੱਚ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਲਦ ਹੀ RDF ਜਾਰੀ ਕਰਨ ਵਰਨਾ 1 ਜੁਲਾਈ ਤੋਂ ਸੁਪਰੀਮ ਕੋਰਟ ਖੁੱਲ ਰਿਹਾ ਹੈ । ਇਸ ਦੇ ਬਾਅਦ ਹੁਣ ਸਿੱਖ ਗੁਰਦੁਆਰਾ ਐਕਟ 1925 ਸੋਧ ਬਿਲ ਵੀ ਪੇਸ਼ ਕਰ ਦਿੱਤਾ ਗਿਆ ਹੈ । ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਉਸ ਦਾ ਵਿਰੋਧ ਕੀਤਾ ਹੈ ।

ਵਿਧਾਨਸਭਾ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕੇਂਦਰ ਸਰਕਾਰ ਦੇ ਕੋਲ ਪੰਜਾਬ ਸਰਕਾਰ ਦਾ RDF ਫੰਡ ਪੈਂਡਿੰਗ ਹੈ । ਇਸ ਨਾਲ ਪੰਜਾਬ ਦੇ ਪੇਂਡੂ ਵਿਕਾਸ ਕੰਮ ਠੱਪ ਹੋ ਜਾਣਗੇ । ਉਨ੍ਹਾਂ ਨੇ ਦੱਸਿਆ ਕਿ 3622 ਕਰੋੜ ਦਾ RDF ਫੰਡ ਰਿਲੀਜ਼ ਕਰਨ ਦੇ ਲਈ ਕੇਂਦਰ ਸਰਕਾਰ ਤੱਕ ਪਹੁੰਚ ਕਰਨ ਦਾ ਮਤਾ ਰੱਖਿਆ ਗਿਆ । ਉਨ੍ਹਾਂ ਨੇ ਕਿਹਾ ਕਿ ਪਿਛਲੇ 4 ਸੀਜ਼ਨ ਵਿੱਚ ਫੰਡ ਪੰਜਾਬ ਸਰਕਾਰ ਨੂੰ ਨਹੀਂ ਮਿਲਿਆ ਹੈ ।

ਰਾਜਪਾਲ ਨੂੰ ਚਿੱਠੀ ਲਿੱਖਣ ਤੋਂ ਇਲਾਵਾ ਕੋਈ ਕੰਮ ਨਹੀਂ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਰਾਜਪਾਲ ਸਾਹਿਬ ਕਹਿੰਦੇ ਹਨ ਇਜਲਾਸ ਬੁਲਾਉਣ ਦੀ ਕੀ ਜ਼ਰੂਰਤ ਹੈ। ਉਹ ਖਾਲੀ ਬੈਠੇ ਹਨ, ਉਨ੍ਹਾਂ ਨੂੰ ਚਿੱਠੀ ਲਿੱਖਣ ਤੋਂ ਇਲਾਵਾ ਕੋਈ ਕੰਮ ਨਹੀਂ ਹੈ। ਉਹ ਕਹਿੰਦੇ ਹਨ ਕਿ ਚਿੱਠੀ ਦਾ ਜਵਾਬ ਨਹੀਂ ਦਿੰਦੇ,ਅਸੀਂ ਬਹੁਤ ਦੇ ਜਵਾਬ ਵੀ ਦਿੰਦੇ ਹਾਂ, ਕੁਝ ਦਾ ਟਾਈਮ ਲੱਗ ਜਾਂਦਾ ਹੈ, ਗਵਰਨਰ ਦਾ ਫਰਜ਼ ਬਣ ਦਾ ਹੈ ਕਿ ਪੰਜਾਬ ਦੇ ਹੱਕ ਨੂੰ ਉੱਤੇ ਰੱਖ ਕੇ ਗੱਲ ਕਰਨ। ਪਰ ਰਾਜਪਾਲ ਉਸ ਦੇ ਉਲਟ ਕਰਦੇ ਹਨ। ਇਸ ਦੌਰਾਨ ਪੰਜਾਬ ਪੁਲਿਸ ਸੋਧ ਬਿਲ ਵੀ ਪਾਸ ਕਰ ਦਿੱਤਾ ਗਿਆ।

ਰਾਜਭਵਨ ਪਾਰਟੀ ਦੇ ਦਫ਼ਤਰ ਬਣੇ

CM ਮਾਨ ਨੇ ਕਿਹਾ ਰਾਜਪਾਲ ਪੰਜਾਬ ਯੂਨੀਵਰਸਿਟੀ,ਚੰਡੀਗੜ੍ਹ ਵਿੱਚ ਹਰਿਆਣਾ ਦੇ ਕਾਲਜਾਂ ਦਾ ਨਾਂ ਜੋੜਨ ਦੀ ਗੱਲ ਕਹਿੰਦੇ ਹਨ । ਇਹ ਹੋ ਕੀ ਰਿਹਾ ਹੈ ? ਰਾਜਭਵਨ ਸਤਾਧਾਰੀ ਪਾਰਟੀ ਦਾ ਦਫਤਰ ਬਣ ਗਏ ਹਨ ।

ਕਾਂਗਰਸ ਨੇ ਜਤਾਇਆ ਇਤਰਾਜ਼,ਵਾਕਆਊਟ ਕੀਤਾ

ਇਸ ਤੋਂ ਪਹਿਲਾਂ ਸਵੇਰ 11 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਪਹਿਲਾਂ ਇਹ ਮਕਸਦ ਦੱਸਿਆ ਜਾਵੇ ਕਿ ਸੈਸ਼ਨ ਕਿਉਂ ਬੁਲਾਇਆ ਗਿਆ ਹੈ ? 9 ਮਹੀਨੇ ਪਹਿਲਾਂ ਆਪਰੇਸ਼ਨ ਲੋਟਸ ‘ਤੇ ਸੈਸ਼ਨ ਬੁਲਾਇਆ ਸੀ, CM ਸਮੇਤ ਵਿਧਾਇਕਾਂ ਨੇ ਇਸ ‘ਤੇ ਬੋਲਿਆ,ਵਿਧਾਇਕਾਂ ਨੇ ਸ਼ਿਕਾਇਤਾਂ ਵੀ ਦਰਜ ਕਰਵਾਈ,ਉਸ ਦਾ ਕੀ ਹੋਇਆ ? ਉਸ ਬਾਰੇ ਸਾਨੂੰ ਦੱਸਿਆ ਜਾਵੇ,ਸਪੀਕਰ ਨੇ ਕਿਹਾ ਇਸ ਦੀ ਜਾਂਚ ਹੋ ਰਹੀ ਹੈ। ਇਸ ਦੇ ਬਾਅਦ ਕਾਂਗਰਸ ਵਿਧਾਇਕਾਂ ਨੇ ਸੈਸ਼ਨ ਦਾ ਬਾਈਕਾਟ ਕਰ ਦਿੱਤਾ। ਬਾਹਰ ਆਕੇ ਬਾਜਵਾ ਨੇ ਕਿਹਾ ਹੁਣ ਤੱਕ ਇਸ ਬਾਰੇ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਬਾਰੇ ਵੀ ਕੋਈ ਏਜੰਡਾ ਤੱਕ ਨਹੀਂ ਦਿੱਤਾ ਗਿਆ ।