ਬਿਊਰੋ ਰਿਪੋਰਟ : ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀ ਐਕਸ ਇੰਡੀਆ ਲੀਵ ‘ਤੇ ਜਾਣ ਦੇ ਨਿਯਮਾਂ ਨੂੰ ਹੋਰ ਸਖ਼ਤ ਕਰ ਦਿੱਤਾ ਹੈ। ਹੁਣ ਵਿਦੇਸ਼ ਜਾਣ ਦੇ ਲਈ ਛੁੱਟੀ ਮੰਗਣ ਵਾਲੇ ਮੁਲਾਜ਼ਮਾਂ ਨੂੰ ਵਿਦੇਸ਼ ਜਾਣ ਦੇ ਕਾਰਨ ਅਤੇ ਵਿਦੇਸ਼ ਕਿਸ ਦੇ ਕੋਲ ਜਾ ਰਹੇ ਹਨ ਇਸ ਬਾਰੇ ਸਬੂਤ ਅਤੇ ਜਾਣਕਾਰੀ ਦੇਣੀ ਹੋਵੇਗੀ । ਇਹ ਵੀ ਕਿਹਾ ਗਿਆ ਹੈ ਕਿ ਜਿੰਨੀ ਦੇਰ ਦੀ ਛੁੱਟੀ ਮੰਗੀ ਗਈ ਹੈ ਉਸ ਤੋਂ ਵੱਧ ਐਕਸਟੈਨਸ਼ਨ ਨਹੀਂ ਮਿਲੇਗੀ,ਮੁਲਾਜ਼ਮ ਨੂੰ ਛੁੱਟੀ ਪੂਰੀ ਕਰਨ ਤੋਂ ਬਾਅਦ ਆਪਣੀ ਡਿਊਟੀ ਜੁਆਇਨ ਕਰਨੀ ਹੋਵੇਗੀ ।
ਵਿਦੇਸ਼ ਛੁੱਟੀ ‘ਤੇ ਜਾਣ ਲਈ ਨਵੀਆਂ ਸ਼ਰਤਾਂ
ਸਰਕਾਰ ਵੱਲੋਂ ਜਾਰੀ ਨਵੀਂ ਹਦਾਇਤਾਂ ਮੁਤਾਬਿਕ ਐਕਸ ਇੰਡੀਆ ਲੀਵ ਦੇ ਲਈ ਅਰਜ਼ੀ ਦੇਣ ਵੇਲੇ ਇਹ ਵੀ ਦੱਸਣਾ ਹੋਵੇਗਾ ਕਿ ਛੁੱਟੀ ਦੌਰਾਨ ਉਸ ਦੀ ਥਾਂ ‘ਤੇ ਕੌਣ ਜ਼ਿੰਮੇਵਾਰ ਵਿਅਕਤੀ ਕੰਮ ਨੂੰ ਸੰਭਾਲੇਗਾ । ਅਜਿਹੇ ਮੁਲਾਜ਼ਮ ਜਿੰਨਾਂ ਦੇ ਖਿਲਾਫ ਅਨੁਸ਼ਾਸਨਿਕ,ਵਿਭਾਗੀ ਜਾਂ ਫਿਰ ਵਿਜੀਲੈਂਸ ਦੀ ਜਾਂਚ ਚੱਲ ਰਹੀ ਹੈ ਉਨ੍ਹਾਂ ਨੂੰ ਵੀ ਐਕਸ ਇੰਡੀਆ ਲੀਵ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜਿਹੜੇ ਮੁਲਾਜ਼ਮ ਐਕਸ ਇੰਡੀਆ ਲੀਵ ਅਧੀਨ ਵਿਦੇਸ਼ ਗਏ ਸਨ ਅਤੇ ਉਨ੍ਹਾਂ ਨੇ ਆਪਣੀ ਛੁੱਟੀ ਨੂੰ ਐਕਸਟੈਂਡ ਕਰਵਾਇਆ ਸੀ ਉਨ੍ਹਾਂ ਦੀ ਮੁੜ ਤੋਂ ਐਕਸ ਇੰਡੀਆ ਅਧੀਨ ਛੁੱਟੀ ਮਨਜ਼ੂਰ ਨਹੀਂ ਕੀਤੀ ਜਾਵੇਗੀ ।
ਮੁਲਾਜ਼ਮਾਂ ਲਈ ਇਹ ਹਲਫਨਾਮਾਂ ਜ਼ਰੂਰੀ
ਅਮਰ ਉਜਾਲਾ ਦੀ ਖਬਰ ਮੁਤਾਬਿਕ ਵਿਦੇਸ਼ ਜਾਣ ਦੀ ਅਰਜ਼ੀ ਦੇਣ ਵੇਲੇ ਇਹ ਵੀ ਹਲਫਨਾਮਾ ਦੇਣਾ ਹੋਵੇਗਾ ਕਿ ਉਸ ਦੇ ਕੋਲ ਕੋਈ ਵਿਦੇਸ਼ੀ PR,ਗ੍ਰੀਨ ਕਾਰਡ,ਵਰਕ ਪਰਮਿਟ ਜਾਂ ਫਿਰ ਇਮੀਗ੍ਰੇਸ਼ਨ ਸਰਟਿਫਿਕੇਟ ਨਹੀਂ ਹੈ ਅਤੇ ਉਹ ਵਿਦੇਸ਼ ਵਿੱਚ ਛੁੱਟੀ ਪੂਰੀ ਕਰਕੇ ਤੈਅ ਸਮੇਂ ‘ਤੇ ਵਾਪਸ ਪਰਤੇਗਾ। ਅਰਜ਼ੀ ਦੇਣ ਵਾਲਾ ਇਹ ਵੀ ਦੱਸੇਗਾ ਕਿ ਉਹ ਵਿਦੇਸ਼ ਵਿੱਚ ਕਿਸ ਕੋਲ ਜਾ ਰਿਹਾ ਹੈ ਇਸ ਦੇ ਨਾਲ ਸਾਰੇ ਸਬੂਤ ਅਤੇ ਜਾਣਕਾਰੀ ਦੇਣੀ ਹੋਵੇਗੀ । ਸਰਕਾਰ ਦੀ ਇਸ ਸਖ਼ਤੀ ਦੇ ਪਿੱਛੇ ਵੱਡਾ ਕਾਰਨ ਵੀ ਹੈ ।
ਇਸ ਵਜ੍ਹਾ ਨਾਲ ਸਰਕਾਰ ਨੇ ਲਿਆ ਫੈਸਲਾ
ਪਿਛਲੇ ਕੁਝ ਸਾਲਾਂ ਵਿੱਚ ਅਜਿਹੇ ਕਈ ਮੁਲਾਜ਼ਮ ਹਨ ਜੋ ਵਿਦੇਸ਼ ਜਾਕੇ ਪਰਤੇ ਹੀ ਨਹੀਂ ਉੱਥੇ ਜਾਕੇ PR ਲੈ ਲਈ ਹੈ । ਇਸ ਤੋਂ ਇਲਾਵਾ ਕਈ ਅਜਿਹੇ ਮੁਲਾਜ਼ਮ ਵੀ ਸਨ ਜਿੰਨਾਂ ਦੇ ਖਿਲਾਫ਼ ਵਿਭਾਗੀ ਜਾਂ ਫਿਰ ਵਿਜੀਲੈਂਸ ਜਾਂਚ ਚੱਲ ਰਹੀ ਸੀ ਉਹ ਵੀ ਵਿਦੇਸ਼ ਜਾਕੇ ਲੁੱਕ ਗਏ ਉਹ ਵਾਪਸ ਹੀ ਨਹੀਂ ਪਰਤੇ । ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਦੇ ਫੂਡ ਘੁਟਾਲੇ ਦੇ ਮਾਮਲੇ ਵਿੱਚ ਇੱਕ ਸਰਕਾਰੀ ਅਫਸਰ ਦਾ ਨਾਂ ਵੀ ਆਇਆ ਸੀ ਉਹ ਵੀ ਜਾਂਚ ਦੇ ਘੇਰੇ ਤੋਂ ਬਚਨ ਲਈ ਵਿਦੇਸ਼ ਚੱਲਾ ਗਿਆ ਜਿਸ ਦੀ ਵਜ੍ਹਾ ਕਰਕੇ ਪੁਲਿਸ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।