‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਪੰਜਾਬ ਵਿੱਚ ਕੋਰੋਨਾ ਦੇ ਵਧ ਰਹੇ ਮਾਮਲਿਆਂ ਨਾਲ ਨਜਿੱਠਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ, ਜਿਲ੍ਹਾ ਪੁਲਿਸ ਮੁਖੀਆਂ ਅਤੇ ਸਿਹਤ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਸੂਬੇ ਅੰਦਰ ਕੋਵਿਡ-19 ਦੀ ਸਥਿਤੀ ਬਾਰੇ ਜਾਨਣ ਲਈ ਇਕ ਅਹਿਮ ਤੇ ਰਿਵਿਊ ਮੀਟਿੰਗ ਕੀਤੀ ਹੈ। ਦੋ ਘੰਟੇ ਚੱਲੀ ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਜੋ ਕਈ ਵੱਡੇ ਫੈਸਲੇ ਲਏ ਹਨ।
ਸਰਕਾਰ ਦੇ ਇਨ੍ਹਾਂ ਫੈਸਲਿਆਂ ਅਨੁਸਾਰ….
31 ਮਾਰਚ ਤੱਕ ਸੂਬੇ ਦੇ ਸਾਰੇ ਸਕੂਲ ਅਤੇ ਕਾਲਜਾਂ ਨੂੰ ਕੀਤਾ ਗਿਆ ਬੰਦ, ਮੈਡੀਕਲ ਕਾਲਜਾਂ ਨੂੰ ਰਹੇਗੀ ਛੋਟ।
ਕਾਲਜਾਂ ਦੀਆਂ ਪ੍ਰੀਖਿਆਵਾਂ ਨੂੰ ਵੀ ਕੀਤਾ ਗਿਆ ਮੁਲਤਵੀ, ਮੁੜ ਤੋਂ ਤਾਲਾਬੰਦੀ ਕਰਨ ਬਾਰੇ ਨਹੀਂ ਲਿਆ ਗਿਆ ਕੋਈ ਫੈਸਲਾ।
ਬਿਨਾਂ ਮਾਸਕ ਘੁੰਮਣ ਵਾਲਿਆਂ ਨੂੰ ਪੁਲਿਸ ਸਿੱਧੇ ਲੈ ਕੇ ਜਾਵੇਗੀ ਜਾਂਚ ਕੇਂਦਰ।
ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਅਗਲੇ ਦੋ ਹਫਤੇ ਤੱਕ ਕਿਸੇ ਵੀ ਤਰ੍ਹਾਂ ਦੀ ਰੈਲੀ ਕਰਨ ਦੀ ਨਹੀਂ ਹੋਵੇਗੀ ਇਜ਼ਾਜਤ, ਕੈਪਟਨ ਸਰਕਾਰ ਨੇ ਖਾਸਤੌਰ ‘ਤੇ ਦੂਜੀਆਂ ਰਾਜਨੀਤਿਕ ਪਾਰਟੀਆਂ ਨੂੰ ਕੀਤੀ ਅਪੀਲ।
ਮੰਡੀਆਂ ਵਿੱਚ ਫਸਲ ਦੀ ਖਰੀਦ 10 ਅਪ੍ਰੈਲ ਤੋਂ ਹੋਵੇਗੀ ਸ਼ੁਰੂ, ਪਹਿਲਾਂ ਇਹ ਖਰੀਦ ਹੁੰਦੀ ਸੀ 1 ਅਪ੍ਰੈਲ ਤੋਂ।
ਮਾਲ ਵਿੱਚ 100 ਤੋਂ ਵੱਧ ਲੋਕ ਇੱਕੋ ਵੇਲੇ ਨਹੀਂ ਹੋ ਸਕਣਗੇ ਦਾਖਿਲ।
ਹੋਲਾ ਮੁਹੱਲਾ ਦੀ ਦੇਖਰੇਖ ਲਈ ਵੀ ਬਣਾਈਆਂ ਗਈਆਂ ਵਿਸ਼ੇਸ਼ ਟੀਮਾਂ।
ਵਿਆਹ ਸਮਾਗਮਾਂ ਤੇ ਅੰਤਿਮ ਸਸਕਾਰ ਵਿੱਚ 20 ਲੋਕ ਹੀ ਹੋ ਸਕਣਗੇ ਸ਼ਾਮਿਲ।
ਐਤਵਾਰ ਨੂੰ ਸਾਰੇ ਮਾਲ ਅਤੇ ਰੈਸਟੋਰੈਂਟ ਰਹਿਣਗੇ ਬੰਦ।
ਹਰ ਰੋਜ਼ ਕੀਤੇ ਜਾਣਗੇ 35 ਹਜ਼ਾਰ ਕੋਰੋਨਾ ਟੈਸਟ।
ਸਿਨੇਮਾ ਹਾਲ ਵਿੱਚ 50 ਫੀਸਦ ਲੋਕਾਂ ਨੂੰ ਜਾਣ ਦੀ ਹੋਵੇਗੀ ਇਜਾਜ਼ਤ।
21 ਮਾਰਚ ਤੋਂ ਲਾਗੂ ਹੋਣਗੀਆਂ ਇਹ ਪਾਬੰਦੀਆਂ।
ਜਾਣਕਾਰੀ ਅਨੁਸਾਰ ਪੰਜਾਬ ਦੇ ਸਭ ਤੋਂ ਪ੍ਰਭਾਵਿਤ 11 ਜ਼ਿਲ੍ਹਿਆਂ ਵਿੱਚ ਸ਼ਹਿਰੀ ਇਲਾਕਿਆਂ ਲਈ ਵਖਰੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਇਨ੍ਹਾਂ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਲਾਗੂ ਨਹੀਂ ਹੋਣਗੇ। ਇਨ੍ਹਾਂ ਜ਼ਿਲ੍ਹਿਆਂ ਵਿੱਚ ਕਪੂਰਥਲਾ, ਪਟਿਆਲਾ, ਜਲੰਧਰ, ਲੁਧਿਆਣਾ, ਮੁਹਾਲੀ, ਅੰਮ੍ਰਿਤਸਰ, ਗੁਰਦਾਸਪੁਰ, ਰੋਪੜ, ਹੁਸ਼ਿਆਰਪੁਰ, ਨਵਾਂ ਸ਼ਹਿਰ ਅਤੇ ਫਤਿਹਗੜ੍ਹ ਸਾਹਿਬ ਸ਼ਾਮਿਲ ਹਨ। ਇਨ੍ਹਾਂ ਜ਼ਿਲ੍ਹਿਆਂ ਨੂੰ ਹੌਟ-ਸਪਾਟ ਜ਼ਿਲ੍ਹੇ ਐਲਾਨਿਆ ਗਿਆ ਹੈ।
ਜਾਣਕਾਰੀ ਅਨੁਸਾਰ ਪੰਜਾਬ ਦੇ ਸਿਹਤ ਮੰਤਰੀ ਵੀ ਇਸ ਮੀਟਿੰਗ ਵਿੱਚ ਸ਼ਾਮਿਲ ਹੋਏ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਬਚਾਅ ਲਈ ਸਰਕਾਰ ਵੱਲੋਂ ਸਮੇਂ-ਸਮੇਂ ਤੇ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਨੇ ਸੂਬੇ ਦੇ ਲੋਕਾਂ ਨੂੰ ਮਾਸਕ ਪਾ ਰੱਖਣ ਤੇ ਹੋਰ ਸਾਵਧਾਨੀਆਂ ਵਰਤਣ ਦੀ ਅਪੀਲ ਵੀ ਕੀਤੀ ਹੈ।
ਦੱਸ ਦਈਏ ਕਿ ਕੱਲ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੇ 4 ਸਾਲ ਪੂਰੇ ਹੋਣ ‘ਤੇ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਐਲਾਨ ਕੀਤਾ ਸੀ ਕਿ ਰਾਤ ਦਾ ਕਰਫਿਊ ਹੁਣ 9 ਵਜੇ ਤੋਂ ਸਵੇਰੇ 5 ਵਜੇ ਤੱਕ ਲਗਾਇਆ ਜਾਵੇਗਾ। ਪਹਿਲਾਂ ਕਰਫਿਊ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਲਗਾਉਣ ਦੇ ਹੁਕਮ ਦਿੱਤੇ ਗਏ ਸਨ। ਯੂਟੀ ਚੰਡੀਗੜ੍ਹ ਵਿੱਚ ਵੀ ਹਾਲੇ ਸਕੂਲਾਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਰਾਤ ਦਾ ਕਰਫਿਊ ਸਖਤੀ ਨਾਲ ਲਾਗੂ ਕਰ ਦਿੱਤਾ ਹੈ।