Punjab

ਕੈਪਟਨ ਸਰਕਾਰ ਦਾ ਪੰਜਾਬੀਆਂ ਨੂੰ ਵੱਡਾ ਝਟਕਾ! ਦੋ ਅਤੇ ਚਾਰ ਪਹੀਆ ਵਾਹਨ ਖ਼ਰੀਦਣ ਵਾਲੇ ਸਾਵਧਾਨ

’ਦ ਖ਼ਾਲਸ ਬਿਊਰੋ: ਪੰਜਾਬ ਦੀ ਕੈਪਟਨ ਸਰਕਾਰ ਨੇ ਦੋ ਅਤੇ ਚਾਰ ਪਹੀਆ ਵਾਹਨਾਂ ਦੀ ਖ਼ਰੀਦ ’ਤੇ ਟੈਕਸ ਵਸੂਲੀ ਵਿੱਚ ਵੱਡਾ ਫੇਰਬਦਲ ਕਰਦਿਆਂ ਅੱਜ ਇੱਕ ਸਰਕਾਰੀ ਨੋਟਿਸ ਜਾਰੀ ਕੀਤਾ ਹੈ। ਇਸ ਦੇ ਮੁਤਾਬਕ ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ਦੀ ਖ਼ਰੀਦ ਉੱਤੇ ਲਏ ਜਾਣ ਵਾਲੇ ਸਰਕਾਰੀ ਟੈਕਸ ਵਿੱਚ ਵਾਧਾ ਕਰਨ ਬਾਰੇ ਜਾਣਕਾਰੀ ਦਿੱਤੀ ਗਈ ਹੈ। 

ਇਸ ਨੋਟਿਸ ਤੋਂ ਬਾਅਦ ਦੋ ਅਤੇ ਚਾਰ ਪਹੀਆ ਵਾਹਨ ਖ਼ਰੀਦਣ ਲਈ ਜੇਬ੍ਹ ਹੋਰ ਢਿੱਲੀ ਕਰਨੀ ਪਵੇਗੀ। ਯਾਦ ਰਹੇ ਇਹ ਨੋਟਿਸ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਗਏ ਹਨ।

ਸਰਕਾਰ ਦੇ ਨਵੇਂ ਨਿਯਮਾਂ ਮੁਤਾਬਕ ਜੇ ਤੁਸੀਂ ਕੋਈ ਦੋ ਪਹੀਆ ਵਾਹਨ ਖਰੀਦ ਰਹੇ ਹੋ, ਜਿਸ ਦੀ ਕੀਮਤ ਇੱਕ ਲੱਖ ਰੁਪਏ ਤੋਂ ਘੱਟ ਹੈ, ਤਾਂ ਤੁਹਾਨੂੰ ਉਸ ਵਾਹਨ ਦੇ ਖ਼ਰੀਦ ਮੁੱਲ ਦਾ 7 ਫ਼ੀਸਦੀ ਟੈਕਸ ਪੰਜਾਬ ਸਰਕਾਰ ਨੂੰ ਦੇਣਾ ਪਵੇਗਾ। 

ਜੇ ਤੁਸੀਂ ਕੋਈ ਦੋ-ਪਹੀਆ ਵਾਹਨ ਖਰੀਦ ਰਹੇ ਹੋ, ਜਿਸ ਦਾ ਖ਼ਰੀਦ ਮੁੱਲ ਇੱਕ ਲੱਖ ਰੁਪਏ ਤੋਂ ਵੱਧ ਹੈ, ਤਾਂ ਤੁਹਾਨੂੰ ਉਸ ਵਾਹਨ ਦੀ ਕੀਮਤ ਦਾ 9 ਫ਼ੀਸਦੀ ਟੈਕਸ ਭਰਨਾ ਪਵੇਗਾ।

ਚਾਰ ਪਹੀਆ ਵਾਹਨ ਦੀ ਗੱਲ ਕਰੀਏ, ਤਾਂ ਜੇਕਰ ਤੁਸੀਂ 15 ਲੱਖ ਤਕ ਦੀ ਕੀਮਤ ਵਾਲਾ ਕੋਈ ਨਿੱਜੀ ਵਾਹਨ ਖ਼ਰੀਦ ਰਹੇ ਹੋ, ਤਾਂ ਤੁਹਾਨੂੰ ਉਸ ਦੀ ਕੀਮਤ ਦਾ 9 ਫੀਸਦੀ ਟੈਕਸ ਸਰਕਾਰ ਨੂੰ ਦੇਣਾ ਪਵੇਗਾ।

ਜੇਕਰ ਤੁਸੀਂ ਨਿੱਜੀ ਵਰਤੋਂ ਲਈ ਕੋਈ ਅਜਿਹੀ ਕਾਰ ਜਾਂ ਹੋਰ ਗੱਡੀ ਖ਼ਰੀਦ ਰਹੇ ਹੋ, ਜਿਸ ਦੀ ਕੀਮਤ 15 ਲੱਖ ਰੁਪਏ ਤੋਂ ਵੱਧ ਹੈ, ਤਾਂ ਤੁਹਾਨੂੰ ਉਸ ਦੀ ਕੁੱਲ ਕੀਮਤ ਦਾ 11 ਫੀਸਦੀ ਟੈਕਸ ਸਰਕਾਰ ਨੂੰ ਦੇਣਾ ਪਵੇਗਾ।