‘ਦ ਖ਼ਾਲਸ ਬਿਊਰੋ :- ਮਲੇਰਕੋਟਲਾ ਦੇ ਨੇੜੇ ਪਿੰਡ ਗੱਜਣਮਾਜਰਾ ‘ਚ ਸਥਿਤ ਤਾਰਾ ਵਿਵੇਕ ਕਾਲਜ ਦੇ ਹੋਣਹਾਰ ਖਿਡਾਰੀ ਮੁਹੰਮਦ ਯਾਸਿਰ ਸਪੁੱਤਰ ਸੁਦਾਗਰ ਖਾਂ ਨੇ ਪੈਰਾ ਏਸ਼ੀਅਨ ਖੇਡਾਂ ‘ਚ ਗੋਲਾ ਸੁੱਟਣ ਖੇਡ ‘ਚ ਕਾਂਸੀ ਤਗਮਾ ਜਿੱਤਣ ਤੇ ਇੱਕ ਵਾਰ ਫਿਰ ਕਾਲਜ ਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਮੁਹੰਮਦ ਯਾਸਿਰ ਦੀ ਇਸ ਸ਼ਾਨਦਾਰ ਜਿੱਤ ‘ਤੇ ਅੱਜ ਪੰਜਾਬ ਸਰਕਾਰ ਦੇ ਖੇਡ ਮੰਤਰੀ ਗੁਰਮੀਤ ਸਿੰਘ ਸੋਢੀ ਵੱਲੋਂ 50 ਲੱਖ ਰੁਪਏ ਦਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਜਿਸਦਾ ਸਿਹਰਾ ਯਾਸਿਰ ਦੀ ਹਿੰਮਤ ਤੇ ਮਿਹਨਤ ਦੇ ਨਾਲ-ਨਾਲ ਖੇਡ ਵਿਭਾਗ ਦੇ ਅਥਲੈਟਿਕਸ ਕੋਚ ਹਰਮਿੰਦਰਪਾਲ ਸਿੰਘ ਘੁੰਮਣ ਦੇ ਸਿਰ ਜਾਂਦਾ ਹੈ।
ਇਸ ਦੇ ਮੌਕੇ ਕਾਲਜ ਦੇ ਸਰਪ੍ਰਸਤ ਸ. ਜਸਵੰਤ ਸਿੰਘ ਗੱਜਣਮਾਜਰਾ, ਕਾਲਜ ਪ੍ਰਿੰਸੀਪਲ ਡਾ. ਜਗਦੀਪ ਕੌਰ ਅਹੂਜਾ, ਵਾਈਸ ਪ੍ਰਿੰਸੀਪਲ ਮੁਹੰਮਦ ਹਲੀਮ ਸਿਆਮਾ, ਸਕੂਲ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਮੰਡੇਰ ਤੇ ਸਮੂਹ ਸਟਾਫ਼ ਨੇ ਹੋਣਹਾਰ ਵਿਦਿਆਰਥੀ ਯਾਸਿਰ ਦਾ ਸਨਮਾਨ ਕੀਤਾ ਤੇ ਮੁਬਾਰਕਬਾਦ ਦਿੱਤੀ।
ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਅਗਰ ਵਿਅਕਤੀ ‘ਚ ਹਿੰਮਤ, ਹੌਂਸਲਾ ਤੇ ਮਿਹਨਤ ਦੀ ਲਗਨ ਹੋਵੇ ਤਾਂ ਕੋਈ ਵੀ ਰੁਕਾਵਟ ਉਸ ਦਾ ਰਸਤਾ ਰੋਕ ਨਹੀਂ ਸਕਦੀ। ਇਸ ਦੀ ਵੱਡੀ ਮਿਸਾਲ ਯਾਸਿਰ ਨੇ ਖੁਦ ਕੀਤੀ ਹੈ ਜੋ ਕਿ ਅੱਜ ਸਮਾਜ ਅੰਦਰ ਲਾਚਾਰ ਤੇ ਬੇਵਸ ਸਮਝੇ ਜਾਂਦੇ ਅਪਾਹਜਾਂ ਲਈ ਨਵੀਂ ਉਮੀਦ ਤੇ ਪ੍ਰੇਰਨਾ ਸ੍ਰੋਤ ਬਣਿਆ ਹੈ। ਇਸ ਤਰ੍ਹਾਂ ਦੀ ਹੌਂਸਲਾ ਅਫ਼ਜਾਈ ਜ਼ਰੂਰ ਹੀ ਯਾਸਿਰ ਨੂੰ ਉਲੰਪਿਕ ਦਾ ਤਗਮਾ ਜਿੱਤਣ ਲਈ ਉਤਸ਼ਾਹਿਤ ਕਰੇਗੀ ਤੇ ਸਮੁੱਚੀ ਸੰਸਥਾ ਤੇ ਦੇਸ਼ ਲਈ ਇਹ ਇੱਕ ਮਾਨਯੋਗ ਪ੍ਰਾਪਤੀ ਹੋਵੇਗੀ।

