‘ਦ ਖ਼ਾਲਸ ਟੀਵੀ ਬਿਊਰੋ:-ਫ਼ਸਲੀ ਵਿਭਿੰਨਤਾ ਪ੍ਰੋਗਰਾਮ ਨੂੰ ਹੁਲਾਰਾ ਦੇ ਕੇ ਸੂਬੇ ਵਿੱਚ ਖੇਤੀਬਾੜੀ ਕਾਰੋਬਾਰ ਅਤੇ ਬਾਗ਼ਬਾਨੀ ਨੂੰ ਉਤਸ਼ਾਹਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਮੰਤਰੀ ਮੰਡਲ ਵੱਲੋਂ ਅੱਜ ਪੰਜਾਬ ਐਗਰੋ ਜੂਸ ਲਿਮਟਿਡ (ਪੀ.ਏ.ਜੇ.ਐਲ.) ਦੇ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ (ਪੈਗਰੈਕਸੋ) ਵਿੱਚ ਰਲੇਵੇਂ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਮੰਤਰੀ ਮੰਡਲ ਨੇ ਪੈਗਰੈਕਸੋ ਅਤੇ ਪੀ.ਏ.ਜੇ.ਐਲ. ਦੇ ਬੋਰਡ ਆਫ ਡਾਇਰੈਕਟਰਜ਼ ਅਤੇ ਮੁੱਖ ਸਕੱਤਰ ਦੀ ਪ੍ਰਧਾਨਗੀ ਵਾਲੀ ਅਧਿਕਾਰੀਆਂ ਦੀ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਪੀ.ਏ.ਜੇ.ਐਲ. ਨੂੰ ਪੈਗਰੈਕਸੋ ਵਿੱਚ ਮਿਲਾਉਣ ਸਬੰਧੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਸਰਕਾਰੀ ਬੁਲਾਰੇ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਦੱਸਿਆ ਕਿ ਰਲੇਵੇਂ ਉਪਰੰਤ ਇਸ ਇਕਾਈ ਨੂੰ ‘ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸਨ ਲਿਮਟਿਡ’ ਵਜੋਂ ਜਾਣਿਆ ਜਾਵੇਗਾ। ਮੰਤਰੀ ਮੰਡਲ ਨੇ ਮੈਨੇਜਿੰਗ ਡਾਇਰੈਕਟਰ, ਪੰਜਾਬ ਐਗਰੋ ਇੰਡਸਟਰੀਜ ਕਾਰਪੋਰੇਸਨ ਲਿਮਟਿਡ (ਪੀ.ਏ.ਆਈ.ਸੀ.) ਨੂੰ ਅਜਿਹੇ ਸਾਰੇ ਕੰਮਾਂ ਲਈ ਵੀ ਅਧਿਕਾਰਤ ਕੀਤਾ ਜੋ ਰਲੇਵੇਂ ਦੀ ਯੋਜਨਾ ਨੂੰ ਲਾਗੂ ਕਰਨਾ ਅਤੇ ਇਸ ਯੋਜਨਾ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਜ਼ਰੂਰੀ ਹਨ।
ਇਸ ਰਲੇਵੇਂ ਨਾਲ ਪੀ.ਏ.ਜੇ.ਐਲ. ਦੇ ਸਰੋਤਾਂ ਦੀ ਪੈਗਰੈਕਸੋ ਨਾਲ ਬਿਹਤਰ ਵਰਤੋਂ, ਤਾਲਮੇਲ, ਪੈਮਾਨੇ ਦੇ ਬਿਹਤਰ ਆਰਥਿਕ ਪ੍ਰਬੰਧਾਂ, ਕਾਰਜਾਂ ਦਾ ਵਿਸਤਾਰ, ਕਿਸਾਨਾਂ ਦਾ ਮਜ਼ਬੂਤ ਸੰਪਰਕ, ਬਿਹਤਰ ਉਪਭੋਗਤਾ ਪਹੁੰਚ ਲਈ ਆਮ ਬ੍ਰਾਂਡਿੰਗ/ਮਾਰਕੀਟਿੰਗ ਪ੍ਰਦਾਨ ਕਰਨਾ ਹੋਵੇਗਾ ਜਿਸ ਨਾਲ ਸੂਬੇ ਦੇ ਕਿਸਾਨਾਂ ਅਤੇ ਖੇਤੀਬਾੜੀ ਖੇਤਰ ਨੂੰ ਲਾਭ ਪਹੁੰਚੇਗਾ।