‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਕੈਪਟਨ ਸਰਕਾਰ ਦੇ 4 ਸਾਲ ਪੂਰੇ ਹੋਣ ‘ਤੇ ਚੰਡੀਗੜ੍ਹ ‘ਚ ਵਿਸ਼ੇਸ਼ ਪ੍ਰੋਗਰਾਮ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਅਸੀਂ 4 ਸਾਲ ਵਿੱਚ ਆਪਣੇ ਚੋਣ ਮੈਨੀਫੈਸਟੋ ਦੇ 85 ਫੀਸਦੀ ਵਾਅਦੇ ਪੂਰੇ ਕੀਤੇ ਹਨ। ਜਿਹੜੇ ਕਿ ਦੇਸ਼ ਵਿੱਚ ਇੱਕ ਰਿਕਾਰਡ ਹੈ। ਹੁਣ ਤੱਕ ਕਿਸੇ ਵੀ ਸਰਕਾਰ ਨੇ ਇੰਨੇ ਸਮੇਂ ਵਿੱਚ ਪੂਰੇ ਨਹੀਂ ਕੀਤੇ ਹਨ।
ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਮੈਂ 15 ਕਿਲੋ ਭਾਰ ਘਟਾਇਆ ਹੈ। ਮੈਂ ਜੁਲਾਈ ਤੋਂ ਡਾਇਟ ‘ਤੇ ਧਿਆਨ ਦਿੱਤਾ ਹੈ। ਹੋਰ 10 ਕਿੱਲੋ ਭਾਰ ਘਟਾਵਾਂਗਾ। ਖੇਤੀ ਕਾਨੂੰਨਾਂ ‘ਤੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਕਾਨੂੰਨ ਖੇਤੀਬਾੜੀ ਲਈ ਬਹੁਤ ਘਾਤਕ ਹਨ। ਸਾਡੀ ਸਰਕਾਰ ਨੇ ਵਿਧਾਨ-ਸਭਾ ਬੁਲਾ ਕੇ ਇਹ ਕਾਨੂੰਨ ਰੱਦ ਕੀਤੇ ਹਨ, ਜਿਸ ਵਿੱਚ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਵੀ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਰਾਜਪਾਲ ਨਾਲ ਵੀ ਮੁਲਾਕਾਤ ਕੀਤੀ ਹੈ।
ਇਸ ਮੌਕੇ ਉਨ੍ਹਾਂ ਵੱਲੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਆਲ ਪਾਰਟੀ ਮੀਟਿੰਗ ਵੀ ਬੁਲਾਈ ਗਈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਡਰੱਗ ਮਾਫ਼ੀਆਂ ਦਾ ਲੱਕ ਤੋੜ ਦਿੱਤਾ ਹੈ। ਚੋਣਾਂ ਤੋਂ ਪਹਿਲਾ ਦਮਦਮਾ ਸਾਹਿਬ ਵਿੱਚ ਗੁਟਕਾ ਸਾਹਿਬ ਹੱਥ ਵਿੱਚ ਲੈ ਕਿ ਕਿਹਾ ਸੀ ਕਿ ਡਰੱਗ ਮਾਫ਼ੀਆਂ ਦੀ ਕਮਰ ਤੋੜ ਦੇਵਾਂਗਾ, ਨਾ ਕਿ ਇਹ ਕਿਹਾ ਸੀ ਕਿ ਗਾਇਬ ਹੀ ਕਰ ਦਿਆਂਗਾ। ਕੋਰੋਨਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਾਲ ਕੱਲ੍ਹ ਮੀਟਿੰਗ ਹੋਈ ਹੈ। ਅਗਲੇ ਦੋ ਦਿਨਾਂ ਵਿੱਚ ਕਰੋਨਾ ਨੂੰ ਲੈ ਕਿ ਮੀਟਿੰਗ ਕੀਤੀ ਜਾ ਸਕਦੀ ਹੈ। ਕਰਫਿਊ ਦਾ ਸਮਾਂ ਰਾਤ 9 ਵਜੇ ਹੋਵੇਗਾ ਜੋ ਪਹਿਲਾ ਰਾਤ 11 ਵਜੇ ਹੁੰਦਾ ਸੀ। ਆਉਣ ਵਾਲੇ ਦਿਨਾਂ ਵਿੱਚ ਕੋਰੋਨਾ ਨੂੰ ਲੈ ਸਖ਼ਤੀ ਵਧ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਾਕਿਸਤਾਨ ਤੋਂ ਆਏ ਕਈ ਡਰੋਨ ਫੜ੍ਹੇ ਹਨ।
ਕੈਪਟਨ ਨੇ ਕਿਹਾ ਕਿ ਨਵਜੋਤ ਸਿੱਧੂ ਨਾਲ ਗੱਲ-ਬਾਤ ਚੰਗੀ ਰਹੀ ਹੈ। ਸਿੱਧੂ ਨੂੰ ਥੋੜਾ ਸਮਾਂ ਹੋਰ ਚਾਹੀਦਾ। ਕੈਪਟਨ ਅਮਰਿੰਦਰ ਨੇ ਕਿਹਾ ਕਿ ਮੈਨੂੰ ਆਸ ਹੈ ਕਿ ਨਵਜੋਤ ਸਿੱਧੂ ਜਲਦੀ ਹੀ ਸਾਡੀ ਟੀਮ ਦਾ ਹਿੱਸਾ ਹੋ ਸਕਦੇ ਹਨ।
ਕੈਪਟਨ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਵਿੱਚ ਸਾਰਿਆਂ ਖ਼ਿਲਾਫ਼ ਚਾਰਜਸ਼ੀਟ ਹੋ ਚੁੱਕੀ ਹੈ, ਪਰ ਸਾਡੀ ਨਿਆਂਇਕ ਪ੍ਰਣਾਲੀ ਸੁਸਤ ਹੋਣ ਕਾਰਨ ਦੇਰੀ ਹੋ ਰਹੀ ਹੈ। ਬਰਗਾੜੀ ਦਾ ਮਾਮਲਾ ਖ਼ਾਤਮੇ ਵੱਲ ਵਧ ਰਿਹਾ ਹੈ। ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਉੱਪਰ ਚਲਾਨ ਪੇਸ਼ ਹੋ ਚੁੱਕੇ ਹਨ।