ਬਿਊਰੋ ਰਿਪੋਰਟ (28 ਅਗਸਤ, 2025): ਪੰਜਾਬ ਸਰਕਾਰ ਨੇ ਇੱਕ ਹੋਰ ਟੋਲ ਪਲਾਜ਼ਾ ਬੰਦ ਕਰਨ ਦਾ ਅਹਿਮ ਫੈਸਲਾ ਲਿਆ ਹੈ। ਜਲੰਧਰ ਵਿੱਚ ਨਕੋਦਰ-ਜਗਰਾਓਂ ਸੜਕ ’ਤੇ ਸਥਿਤ ਇਸ ਟੋਲ ਪਲਾਜ਼ਾ ਨੂੰ ਨਿਰਧਾਰਤ ਸਮਾਂ-ਸੀਮਾ ਤੋਂ ਲਗਭਗ ਡੇਢ ਸਾਲ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਹੈ। ਪਹਿਲਾਂ ਇਸ ਟੋਲ ਪਲਾਜ਼ਾ ਨੂੰ 15 ਮਈ 2027 ਤੱਕ ਚਾਲੂ ਰਹਿਣਾ ਤੈਅ ਸੀ।
ਸਰਕਾਰ ਵੱਲੋਂ ਇਸ ਸਬੰਧੀ ਰਸਮੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ, ਜਿਸ ਤੋਂ ਬਾਅਦ ਹੁਣ ਇਸ ਮਾਰਗ ’ਤੇ ਚੱਲਣ ਵਾਲੇ ਵਾਹਨ ਚਾਲਕਾਂ ਨੂੰ ਕੋਈ ਟੋਲ ਟੈਕਸ ਨਹੀਂ ਦੇਣਾ ਪਵੇਗਾ।
3.5 ਸਾਲਾਂ ’ਚ 19 ਟੋਲ ਬੰਦ
ਪੰਜਾਬ ਸਰਕਾਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ, ਪਿਛਲੇ ਸਾਢੇ ਤਿੰਨ ਸਾਲਾਂ ਵਿੱਚ 18 ਟੋਲ ਪਲਾਜ਼ਾ ਪਹਿਲਾਂ ਹੀ ਬੰਦ ਕੀਤੇ ਜਾ ਚੁੱਕੇ ਹਨ। ਜਗਰਾਓਂ-ਨਕੋਦਰ ਟੋਲ ਪਲਾਜ਼ਾ ਇਸ ਲੜੀ ਦਾ 19ਵਾਂ ਟੋਲ ਬਣ ਗਿਆ ਹੈ।
ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਨਾ ਸਿਰਫ਼ ਲੋਕਾਂ ਨੂੰ ਆਵਾਜਾਈ ਵਿੱਚ ਰਾਹਤ ਮਿਲੇਗੀ, ਸਗੋਂ ਆਵਾਜਾਈ ਦੇ ਖ਼ਰਚੇ ਵਿੱਚ ਵੀ ਕਮੀ ਆਵੇਗੀ।
ਸੜਕਾਂ ਦੀ ਦੇਖ-ਰੇਖ ਹੁਣ ਸਰਕਾਰ ਅਧੀਨ
ਸੂਬਾ ਸਰਕਾਰ ਦੇ ਅਨੁਸਾਰ, ਇਹ ਟੋਲ ਪਲਾਜ਼ੇ ਪਹਿਲਾਂ ਜਨਤਕ-ਨਿੱਜੀ ਭਾਈਵਾਲੀ (PPP) ਮਾਡਲ ’ਤੇ ਚਲਾਏ ਜਾ ਰਹੇ ਸਨ। ਹੁਣ ਇਨ੍ਹਾਂ ਸੜਕਾਂ ਦੀ ਦੇਖ-ਰੇਖ ਅਤੇ ਰੱਖ-ਰਖਾਅ ਦੀ ਜ਼ਿੰਮੇਵਾਰੀ ਸਰਕਾਰ ਅਧੀਨ ਰਹੇਗੀ।
ਸਰਕਾਰੀ ਅੰਕੜਿਆਂ ਮੁਤਾਬਕ, ਪਹਿਲਾਂ ਬੰਦ ਕੀਤੇ ਗਏ 18 ਟੋਲ ਪਲਾਜ਼ਿਆਂ ਤੋਂ ਸਰਕਾਰ ਨੂੰ ਹਰ ਸਾਲ ਲਗਭਗ 222 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੁੰਦਾ ਸੀ। ਸਰਕਾਰ ਨੇ ਇਸ ਫੈਸਲੇ ਨੂੰ ਲੋਕਾਂ ਦੀ ਸਹੂਲਤ ਅਤੇ ਸੂਬੇ ਵਿੱਚ ਵਿਕਾਸ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਦੱਸਿਆ ਹੈ।

