Lifestyle Punjab

ਕੈਂਸਰ ਦੇ ਮਰੀਜ਼ਾਂ ਲਈ ਸਿਹਤ ਮੰਤਰੀ ਦਾ ਵੱਡਾ ਐਲਾਨ! ਪੰਜਾਬ ਵਿੱਚ ਬਿਲਕੁਲ ਮੁਫ਼ਤ ਹੋਵੇਗਾ ਕੈਂਸਰ ਦਾ PET SCAN

ਬਿਊਰੋ ਰਿਪੋਰਟ: ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕੈਂਸਰ ਦੇ ਮਰੀਜ਼ਾਂ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹੁਣ ਪੰਜਾਬ ਵਿੱਚ ਕੈਂਸਰ ਦੇ ਮਰੀਜ਼ਾਂ ਦਾ PET SCAN ਬਿਲਕੁਲ ਮੁਫ਼ਤ ਕੀਤਾ ਜਾਵੇਗਾ। ਇਹ ਸਹੂਲਤ ਅਗਲੇ 2-3 ਮਹੀਨਿਆਂ ਵਿੱਚ ਹੀ ਸ਼ੁਰੂ ਕਰ ਦਿੱਤੀ ਜਾਵੇਗੀ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਹ ਪੇਸ਼ਕਦਮੀ ਸਰਕਾਰ ਵੱਲੋਂ ਸਿਹਤ ਖੇਤਰ ਵਿੱਚ ਕੀਤੇ ਜਾ ਰਹੇ ਸੁਧਾਰਾਂ ਦਾ ਹਿੱਸਾ ਹੈ।

ਦੱਸ ਦੇਈਏ PET ਸਕੈਨ (ਪੋਜ਼ੀਟਰੋਨ ਐਮੀਸ਼ਨ ਟੋਮੋਗ੍ਰਾਫੀ) ਇੱਕ ਅਤਿ-ਆਧੁਨਿਕ ਇਮੇਜਿੰਗ ਤਕਨੀਕ ਹੈ ਜੋ ਸਰੀਰ ਦੇ ਅੰਦਰੂਨੀ ਟਿਸ਼ੂਆਂ ਅਤੇ ਅੰਗਾਂ ਦੀ ਕਾਰਗੁਜ਼ਾਰੀ ਨੂੰ ਵੇਖਣ ਲਈ ਵਰਤੀ ਜਾਂਦੀ ਹੈ। ਇਹ ਰਵਾਇਤੀ ਸਕੈਨਿੰਗ ਤਕਨੀਕਾਂ ਨਾਲੋਂ ਵੱਖਰੀ ਹੈ ਕਿਉਂਕਿ ਇਹ ਸਿਰਫ ਅੰਗਾਂ ਦੇ ਢਾਂਚੇ ਦੀ ਨਹੀਂ, ਸਗੋਂ ਉਨ੍ਹਾਂ ਦੀ ਕਾਰਵਾਈ ਦੀ ਵੀ ਵਿਸਥਾਰ ਨਾਲ ਜਾਂਚ ਕਰਦੀ ਹੈ। ਖ਼ਾਸ ਕਰਕੇ ਕੈਂਸਰ ਦੀ ਪਹਿਚਾਣ, ਫੈਲਾਅ ਅਤੇ ਇਲਾਜ ਦੀ ਯੋਜਨਾ ਬਣਾਉਣ ਵਿੱਚ ਇਹ ਸਕੈਨ ਬਹੁਤ ਹੀ ਲਾਭਦਾਇਕ ਸਾਬਤ ਹੁੰਦਾ ਹੈ।

ਮੌਜੂਦਾ ਸਮੇਂ ਵਿੱਚ PET ਸਕੈਨ ਦੀ ਲਾਗਤ ਕਾਫੀ ਵੱਧ ਹੈ ਅਤੇ ਆਮ ਮਰੀਜ਼ ਲਈ ਇਹ ਇਕ ਵੱਡਾ ਆਰਥਿਕ ਬੋਝ ਬਣ ਜਾਂਦੀ ਹੈ। ਪਰ ਹੁਣ ਪੰਜਾਬ ਸਰਕਾਰ ਵੱਲੋਂ ਇਸ ਸੇਵਾ ਨੂੰ ਮੁਫ਼ਤ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਨਾਲ ਮਰੀਜ਼ਾਂ ਨੂੰ ਵੱਡੀ ਰਾਹਤ ਮਿਲੇਗੀ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸ ਨਵੀਂ ਸੇਵਾ ਨਾਲ ਨਾ ਸਿਰਫ਼ ਮਰੀਜ਼ਾਂ ਨੂੰ ਸਮੇਂ ਸਿਰ ਪੂਰੀ ਜਾਂਚ ਦੀ ਸਹੂਲਤ ਮਿਲੇਗੀ, ਸਗੋਂ ਇਲਾਜ ਦੀ ਕੁਆਲਟੀ ਵੀ ਨਿਖਰੇਗੀ। ਇਸ ਪਹਿਲ ਨਾਲ ਪੰਜਾਬ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇਕ ਹੋਰ ਇਤਿਹਾਸਕ ਕਦਮ ਚੁੱਕਣ ਜਾ ਰਿਹਾ ਹੈ, ਜਿਸ ਨਾਲ ਆਮ ਲੋਕਾਂ ਨੂੰ ਬਿਨਾ ਵਿੱਤੀ ਚਿੰਤਾ ਦੇ ਉਚਿਤ ਇਲਾਜ ਮਿਲਣਾ ਸੰਭਵ ਹੋਵੇਗਾ।