ਬਿਊਰੋ ਰਿਪੋਰਟ : ਪੰਜਾਬ ਸਰਕਾਰ ਵੱਲੋਂ ਵੀਰਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ । 23 ਮਾਰਚ ਨੂੰ ਕਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਪ੍ਰੈਸ ਨੋਟ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ । ਸੂਬੇ ਦੇ ਸਾਰੇ ਸੇਵਾ ਕੇਂਦਰਾ ਵਿੱਚ 23 ਮਾਰਚ ਨੂੰ ਛੁੱਟੀ ਰਹੇਗੀ। ਵਿਦਿਅਕ ਅਦਾਰਿਆਂ ਵਿੱਚ ਪਹਿਲਾਂ ਤੋਂ ਹੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸਰਕਾਰੀ ਬੁਲਾਰੇ ਮੁਤਾਬਿਕ ਸ਼ਹੀਦ-ਏ-ਆਜ਼ਮ ਭਗਤ ਸਿੰਘ,ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ‘ਤੇ 23 ਮਾਰਚ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ । ਪਿਛਲੇ ਸਾਲ ਇਸੇ ਦਿਨ ਹੀ ਪੰਜਾਬ ਵਿੱਚ ਮਾਨ ਸਰਕਾਰ ਵੱਲੋਂ ਐਂਟੀ ਕਰੱਪਸ਼ਨ ਹੈੱਲ ਲਾਈਨ ਦੀ ਸ਼ੁਰੂਆਤ ਕੀਤੀ ਗਈ ਸੀ ।
ਦੱਸਿਆ ਜਾਂਦਾ ਹੈ ਕਿ ਭਗਤ ਸਿੰਘ ਅਤੇ ਰਾਜਗੁਰੂ ਨੇ 20 ਮਾਰਚ 1931 ਨੂੰ ਪੰਜਾਬ ਦੇ ਗਵਰਨਰ ਨੂੰ ਇੱਕ ਚਿੱਠੀ ਲਿਖੀ ਸੀ । ਇਸ ਚਿੱਠੀ ਵਿੱਚ ਉਨ੍ਹਾਂ ਨੇ ਅਪੀਲ ਕੀਤੀ ਸੀ ਕਿ ਉਨ੍ਹਾਂ ਨੂੰ ਫਾਂਸੀ ਲਗਾਉਣ ਦੀ ਬਜਾਏ ਫੌਜੀ ਦਸਤੇ ਵੱਲੋਂ ਗੋਲੀ ਮਾਰੀ ਜਾਵੇ। ਕਿਉਂਕਿ ਉਨ੍ਹਾਂ ਨੂੰ ਇੰਗਲੈਂਡ ਦੀ ਹਕੂਮਤ ਨੇ ਜੰਗ ਛੇੜਨ ਦਾ ਦੋਸ਼ੀ ਠਹਿਰਾਇਆ ਸੀ । ਇਸ ਲਈ ਉਹ ਜੰਗੀ ਕੈਦੀ ਹਨ । ਪਰ ਅਖੀਰ ਵਿੱਚ ਹਕੂਮਤ ਨੇ ਉਨ੍ਹਾਂ ਨੂੰ 23 ਮਾਰਚ ਦੀ ਸ਼ਾਮ 7 ਵਜੇ 24 ਮਾਰਚ ਦੀ ਬਜਾਏ ਫਾਂਸੀ ਲਾਉਣ ਦਾ ਫੈਸਲਾ ਕਰ ਲਿਆ । ਪਰ ਇਹ ਖ਼ਬਰ 24 ਮਾਰਚ ਦੀ ਸਵੇਰ ਨੂੰ ਨਸ਼ਰ ਹੋਈ ਸੀ । ਅੰਗਰੇਜ਼ੀ ਹਕੂਮਤ ਨੇ ਉਨ੍ਹਾਂ ਨੂੰ ਪਰਿਵਾਰ ਨਾਲ ਅਖੀਰਲੀ ਵਾਰ ਮਿਲਣ ਦਾ ਮੌਕਾ ਵੀ ਨਹੀਂ ਦਿੱਤਾ ਸੀ।
8 ਅਪ੍ਰੈਲ 1929 ਨੂੰ ਭਗਤ ਸਿੰਘ ਅਤੇ ਬੀਕੇ ਦੱਤ ਨੇ ਕੇਂਦਰੀ ਅਸੈਂਬਲੀ ਵਿੱਚ 2 ਬੰਬ ਸੁੱਟੇ ਸਨ । ਇਹ ਬੰਬ ਕਿਸੇ ਦੇ ਜਾਨੀ ਨੁਕਸਾਨ ਪਹੁੰਚਾਉਣ ਦੇ ਮਕਸਦ ਨਾਲ ਨਹੀਂ ਸੁੱਟੇ ਗਏ ਹਨ । ਉਨ੍ਵਾਂ ਨੇ ਪੁਲਿਸ ਨੂੰ ਆਪਣੀ ਗ੍ਰਿਫਤਾਰੀ ਦੇ ਦਿੱਤੀ ਸੀ । ਧਮਾਕੇ ਤੋਂ ਬਾਅਦ ਫਿਰ ਇਸ਼ਤਿਆਰ ਸੁੱਟੇ ਗਏ ਜਿੰਨਾਂ ਵਿੱਚ ਇਹ ਐਲਾਨ ਸੀ ਇਹ ਸਿਰਫ਼ ਬੋਲੀ ਹਕੂਮਤ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਕੀਤਾ ਗਿਆ । ਉਨ੍ਹਾਂ ਨੇ ਮੁਕਦਮੇ ਦੌਰਾਨ ਅਦਾਲਤ ਵਿੱਚ ਇੱਕ ਲੰਮਾ ਚੌੜਾ ਬਿਆਨ ਦਿੱਤਾ ਸੀ ।