Punjab

ਰਾਜਪਾਲ ਦਾ ਵੱਡਾ ਬਿਆਨ ! ‘ਮਾਨ ਦੇ ਦਾਗ਼ੀ ਮੰਤਰੀ ਨੂੰ ਕੈਬਨਿਟ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ’!

ਬਿਊਰੋ ਰਿਪੋਰਟ : ਮਾਨ ਕੈਬਨਿਟ ਦੇ ਮੰਤਰੀ ਦੇ ਕਥਿੱਤ ਅਸ਼ਲੀਲ ਵੀਡੀਓ ਨੂੰ ਲੈਕੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪਹਿਲੀ ਵਾਰ ਵੱਡਾ ਬਿਆਨ ਦਿੱਤਾ ਹੈ,ਉਨ੍ਹਾਂ ਕਿਹਾ ਮੰਤਰੀ ਦੇ ਖਿਲਾਫ ਫੌਰਨ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ‘ਤੇ ਗੰਭੀਰ ਇਲਜ਼ਾਮ ਲੱਗੇ ਹਨ,ਉਨ੍ਹਾਂ ਨੂੰ ਕੈਬਨਿਟ ਵਿੱਚ ਰਹਿਣ ਦਾ ਹੱਕ ਨਹੀਂ ਹੈ। ਮੈਂ ਮੁੱਖ ਮੰਤਰੀ ਨੂੰ ਮੁੜ ਕਾਰਵਾਈ ਕਰਨ ਲਈ ਕਿਹਾ ਹੈ । ਰਾਜਪਾਲ ਦੇ ਇਸ ਬਿਆਨ ਤੋਂ ਬਾਅਦ ਇਸ ਪੂਰੇ ਮਾਮਲੇ ਨੂੰ ਉਜਾਗਰ ਕਰਨ ਅਤੇ ਮੰਤਰੀ ਦੇ ਕਥਿੱਤ ਵੀਡੀਓ ਨੂੰ ਰਾਜਪਾਲ ਨੂੰ ਸੌਂਪਣ ਵਾਲੇ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਮਾਨ ਸਰਕਾਰ ਨੂੰ ਕਾਰਵਾਈ ਨਾ ਕਰਨ ‘ਤੇ ਘੇਰਿਆ।

ਸੁਖਪਾਲ ਖਹਿਰਾ ਨੇ ਕੀਤਾ ਟਵੀਟ

ਕਾਂਗਰਸ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਰਾਜਪਾਲ ਦੇ ਬਿਆਨ ਨੂੰ ਅਧਾਰ ਬਣਾਕੇ ਟਵੀਟ ਕਰਦੇ ਹੋਏ ਲਿਖਿਆ ‘ਪੰਜਾਬ ਦੇ ਸੰਵਿਧਾਨਿਕ ਮੁੱਖੀ ਰਾਜਪਾਲ ਨੇ ਵੀ ਹੁਣ ਜਨਤਕ ਮੰਚ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਦਾਗੀ ਮੰਤਰੀ ਨੂੰ ਸਰੀਰਕ ਸ਼ੋਸ਼ਣ ਦੇ ਮਾਮਲੇ ਵਿੱਚ ਹਟਾਉਣ ਲਈ ਕਿਹਾ ਹੈ। ਜੇਕਰ ਹੁਣ ਵੀ ਅਰਵਿੰਦਰ ਕੇਜਰੀਵਾਲ ਦੇ ਵਿੱਚ ਕੋਈ ਨੈਤਿਕਤਾ ਬੱਚੀ ਹੈ ਤਾਂ ਉਨ੍ਹਾਂ ਨੂੰ ਕਹਿਣਾ ਚਾਹੀਦਾ ਹੈ ਕਿ ਮਾਨ ਫੌਰਨ ਮੰਤਰੀ ਨੂੰ ਡਿਸਮਿਸ ਕਰਕੇ ਗ੍ਰਿਫਤਾਰ ਕਰਨ’।

3 ਮੈਂਬਰੀ SIT ਕਰ ਰਹੀ ਹੈ ਜਾਂਚ

SC ਕਮਿਸ਼ਨ ਨੇ ਪੰਜਾਬ ਸਰਕਾਰ ਅਤੇ ਡੀਜੀਪੀ ਨੂੰ ਮੰਤਰੀ ਦੇ ਕਥਿੱਤ ਵੀਡੀਓ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ ਜਿਸ ਤੋਂ ਬਾਅਦ ਇਸ ਮਾਮਲੇ ਵਿੱਚ SIT ਦਾ ਗਠਨ ਕੀਤਾ ਗਿਆ ਸੀ । ਇਸ ਦੀ ਅਗਵਾਈ DIG ਨਰਿੰਦਰ ਭਾਰਗਵ ਨੂੰ ਸੌਂਪੀ ਗਈ ਸੀ ਟੀਮ ਵਿੱਚ ਗੁਰਦਾਸਪੁਰ ਅਤੇ ਪਠਾਨਕੋਟ ਦੇ SSP ਨੂੰ ਸ਼ਾਮਲ ਕੀਤਾ ਗਿਆ ਸੀ । ਹਾਲਾਂਕਿ ਵਿਰੋਧੀ ਧਿਰ ਵਾਰ-ਵਾਰ ਜਾਂਚ ਨੂੰ ਲੈਕੇ ਸਵਾਲ ਚੁੱਕ ਰਿਹਾ ਹੈ, ਉਨ੍ਹਾਂ ਇਲਜ਼ਾਮ ਹੈ ਕਿ ਪੁਲਿਸ ਗਵਾਹ ਨੂੰ ਪੇਸ਼ ਕਰਨ ਵਾਲਿਆਂ ਨੂੰ ਤੰਗ ਕਰ ਰਹੇ ਹਨ। ਜਦੋਂ ਸੁਖਪਾਲ ਸਿੰਘ ਖਹਿਰਾ ਨੇ ਵੀਡੀਓ ਰਾਜਪਾਲ ਨੂੰ ਸੌਂਪਿਆ ਸੀ ਤਾਂ ਉਨ੍ਹਾਂ ਨੇ ਵੀਡੀਓ ਦੀ ਫੋਰੈਂਸਿਕ ਜਾਂਚ ਕਰਵਾਈ ਸੀ। ਵੀਡੀਓ ਸਹੀ ਹੋਣ ਤੋਂ ਬਾਅਦ ਪੀੜਤ ਆਪ ਸਾਹਮਣੇ ਆਇਆ ਸੀ ਅਤੇ ਉਸ ਨੇ ਕਿਹਾ ਸੀ ਵੀਡੀਓ 10 ਸਾਲ ਪੁਰਾਣਾ ਹੈ ਪਰ ਉਸ ਨੂੰ ਧਮਕਾ ਕੇ ਇਹ ਕੰਮ ਕਰਵਾਇਆ ਗਿਆ ਸੀ । ਉਸ ਨੇ ਆਪਣੀ ਜਾਨ ਨੂੰ ਖਤਰਾ ਦੱਸ ਦੇ ਹੋਏ ਸੁਰੱਖਿਆ ਵੀ ਮੰਗੀ ਸੀ ।