Punjab

ਪੱਕੇ ਕਰ ਦਿੱਤੇ ਕੱਚੇ ਮੁਲਾਜ਼ਮ, ਚੰਨੀ ਦੇ ਵੱਡੇ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਹੋਈ ਅੱਜ ਮੰਤਰੀ ਮੰਡਲ ਦੀ ਬੈਠਕ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਵੱਡੀ ਸੌਗਾਤ ਦਿੱਤੀ ਗਈ ਹੈ।

  • ਪੰਜਾਬ ਸਰਕਾਰ ਨੇ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਵਿਧਾਨ ਸਭਾ ਵਿੱਚ ਇੱਕ ਬਿੱਲ ਲਿਆ ਕੇ ਇਸ ਫੈਸਲੇ ਦੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਜਾਵੇਗੀ।
  • ਪੰਜਾਬ ਸਰਕਾਰ ਨੇ ਘੱਟੋ-ਘੱਟ ਮਜ਼ਦੂਰੀ ਵਧਾ ਕੇ 415 ਰੁਪਏ ਕਰ ਦਿੱਤੀ ਹੈ। ਇਹ ਇਜ਼ਾਫਾ 1 ਮਾਰਚ 2020 ਤੋਂ ਲਾਗੂ ਮੰਨਿਆ ਜਾਵੇਗਾ।
  • ਪੰਜਾਬ ਸਰਕਾਰ ਨੇ ਰੇਤੇ ਦਾ ਸਰਕਾਰੀ ਭਾਅ 5.50 ਰੁਪਏ ਪ੍ਰਤੀ ਫੁੱਟ ਤੈਅ ਕਰ ਦਿੱਤਾ ਹੈ। ਹੁਣ ਖੱਡ ਵਿੱਚੋਂ 5.50 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਰੇਤ ਮਿਲੇਗੀ। ਇਸ ਦੇ ਨਾਲ ਹੀ ਚੰਨੀ ਨੇ ਕਿਹਾ ਕਿ ਜੇ ਕਿਸੇ ਨੇ ਮਹਿੰਗੀ ਰੇਤ ਵੇਚੀ ਤਾਂ ਕਾਰਵਾਈ ਕਰਾਂਗੇ।
  • ਚੰਨੀ ਨੇ ਇੱਟਾਂ ਵਾਲੇ ਭੱਠੇ ਮਾਇਨਿੰਗ ਪਾਲਿਸੀ ਤੋਂ ਬਾਹਰ ਕਰ ਦਿੱਤਾ ਹੈ, ਜਿਸ ਨਾਲ ਹੁਣ ਜ਼ਮੀਨ ਦਾ ਮਾਲਕ 3 ਫੁੱਟ ਤੱਕ ਰੇਤ ਕੱਢ ਸਕਦਾ ਹੈ।
  • ਪੰਜਾਬ ਕਾਂਗਰਸ ਨੇ ਏ.ਜੀ. ਦਾ ਅਸਤੀਫ਼ਾ ਵੀ ਮਨਜ਼ੂਰ ਕਰ ਲਿਆ ਹੈ। ਨਵੇਂ ਡੀਜੀਪੀ ਦੀ ਪੈਨਲ ਤੋਂ ਬਾਅਦ ਨਿਯੁਕਤੀ ਹੋਵੇਗੀ ਅਤੇ ਨਵੇਂ ਏਜੀ ਦੀ ਨਿਯੁਕਤੀ ਵੀ ਜਲਦ ਕੀਤੀ ਜਾਵੇਗੀ।

ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਇਸ ਪ੍ਰੈੱਸ ਕਾਨਫਰੰਸ ਵਿੱਚ ਸ਼ਾਮਿਲ ਹੋਏ ਸਨ। ਸਿੱਧੂ ਨੇ ਕਿਹਾ ਕਿ ਅੱਜ ਸੀਐੱਮ ਨੇ ਪਹਿਲੀ ਪੌੜੀ ਚੜੀ ਹੈ ਕਿ ਪਹਿਲੀ ਵਾਰ ਰੇਤ ਦਾ ਰੇਟ ਫਿਕਸ ਕੀਤਾ ਗਿਆ ਹੈ ਹਾਲਾਂਕਿ ਮੈਂ ਇਸਨੂੰ ਹੋਰ ਅੱਗੇ ਲਿਜਾਣਾ ਚਾਹੁੰਦਾ ਸੀ। ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹ ਰੇਤ ਮਾਫੀਆ ਨਹੀਂ, ਟਰਾਂਸਪੋਰਟ ਮਾਫੀਆ ਹੈ ਕਿਉਂਕਿ ਰੇਤ ਬੁੱਕਾਂ ਵਿੱਚ ਨਹੀਂ ਜਾ ਸਕਦੀ। ਇਸ ਲਈ ਜੇ ਰੇਤ ਸਰਕਾਰੀ ਟਰੱਕਾਂ ਵਿੱਚ ਜਾਵੇਗੀ ਤਾਂ ਉਹ ਸਰਕਾਰੀ ਟਰੱਕ ਝੱਟ ਪਹਿਚਾਣਿਆ ਜਾਵੇਗਾ ਅਤੇ ਨਾਜਾਇਜ਼ ਰੇਤ ਵਾਲੇ ਟਰੱਕਾਂ ਦੀ ਚੈਕਿੰਗ ਕੀਤੀ ਜਾਵੇਗੀ। ਮੈਨੂੰ ਦੱਸਿਆ ਜਾਵੇ ਕਿ ਸੱਤ ਸਾਲਾਂ ਵਿੱਚ ਕਿਤੇ ਕਿੰਨੇ ਕੁ ਟਰੱਕ ਬਾਊਂਡ ਹੋਏ ਹਨ। ਮੇਰੀ ਕੋਈ ਨਿੱਜੀ ਲੜਾਈ ਨਹੀਂ ਹੈ ਅਤੇ ਰੇਤ ਦੀ ਲੜਾਈ ਵੀ ਮੇਰੀ ਕੋਈ ਨਿੱਜੀ ਲੜਾਈ ਨਹੀਂ ਹੈ।