Punjab

ਪੰਜਾਬ ਸਰਕਾਰ ਦਾ ਸਕੂਲਾਂ ਦੀਆਂ ਲੈਬਾਂ ਲਈ ਵੱਡਾ ਐਲਾਨ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਕਿੱਤਾ ਮੁਖੀ ਸਿੱਖਿਆ ਵਿੱਚ ਸੁਧਾਰ ਲਿਆਉਣ ਵਾਸਤੇ ਵੋਕੇਸ਼ਨਲ ਲੈਬਾਂ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਵਾਸਤੇ ਗ੍ਰਾਂਟ ਜਾਰੀ ਕਰ ਦਿੱਤੀ ਹੈ। ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿੱਤਾ ਮੁਖੀ ਸਿੱਖਿਆ ਦੇ ਸੁਧਾਰ ਲਈ ਵੋਕੇਸ਼ਨਲ/ਐਨ.ਐਸ.ਕਿਊ.ਐਫ ਲੈਬਜ਼ ਦੀ ਕਾਇਆ-ਕਲਪ ਕਰਨ ਅਤੇ ਇਨ੍ਹਾਂ ਨੂੰ ਸਮਾਰਟ ਲੈਬਾਂ ਵਿੱਚ ਤਬਦੀਲ ਕਰਨ ’ਤੇ ਜ਼ੋਰ ਦਿੱਤਾ ਹੈ।

ਇਸ ਵੇਲੇ ਸੂਬੇ ਭਰ ਦੇ 955 ਸਕੂਲਾਂ ਵਿੱਚ ਐੱਨ.ਐੱਸ.ਕਿਊ.ਐੱਫ ਲੈਬਜ਼ ਅਤੇ ਸਟੇਟ ਵੋਕੇਸ਼ਨਲ ਸਕੀਮ ਦੀਆਂ 450 ਲੈਬਾਂ ਚੱਲ ਰਹੀਆਂ ਹਨ। ਇਨ੍ਹਾਂ ਲੈਬਜ਼ ਨੂੰ ਡਿਜ਼ੀਟਲੀ ਤੌਰ ’ਤੇ ਮਜ਼ਬੂਤ ਬਣਾਉਣ ਅਤੇ ਇਨ੍ਹਾਂ ਨੂੰ ਸਮਾਰਟ ਲੈਬਾਂ ਵਿੱਚ ਤਬਦੀਲ ਕਰਨ ਲਈ ਵਿਭਾਗ ਨੇ ਰਣਨੀਤੀ ਬਣਾਈ ਹੈ। ਇਸ ਵਾਸਤੇ ਨਾਨ ਆਈ-ਟੀ ਟਰੇਡ ਲੈਬਾਂ ਲਈ 66,500 ਰੁਪਏ ਅਤੇ ਆਈ.ਟੀ. ਟਰੇਡ ਲੈਬਾਂ ਲਈ 11000 ਰੁਪਏ ਪ੍ਰਤੀ ਲੈਬ ਗ੍ਰਾਂਟ ਪਹਿਲਾਂ ਹੀ ਗਰਾਂਟ ਜਾਰੀ ਕੀਤੀ ਜਾ ਚੁੱਕੀ ਹੈ। ਹੁਣ ਵਿਭਾਗ ਨੇ ਇਨ੍ਹਾਂ ਲੈਬਾਂ ਨੂੰ ਹੋਰ ਆਕਰਸ਼ਕ ਬਣਾਉਣ ਅਤੇ ਇਨ੍ਹਾਂ ਦੀ ਦਿੱਖ ਸੁਧਾਰਨ ਲਈ ਲਈ 8500 ਰੁਪਏ ਪ੍ਰਤੀ ਲੈਬ ਦੀ ਵਿਵਸਥਾ ਕੀਤੀ ਹੈ।

ਵਿਭਾਗ ਨੇ ਇਸ ਰਾਸ਼ੀ ਨਾਲ ਲੈਬਾਂ ਨੂੰ ਪੇਂਟ ਕਰਵਾਉਣ, ਦਰਵਾਜ਼ੇ-ਖਿੜਕੀਆਂ, ਫਰਨੀਚਰ ਦੇ ਰੱਖ-ਰਖਾਓ ਤੋਂ ਇਲਾਵਾ ਵਾਈਟ/ਗਰੀਨ ਬੋਰਡ ਲਗਵਾਉਣ, ਅੱਗ ਬਝਾਊ ਯੰਤਰਾਂ ਅਤੇ ਅਗਜਾਸਟ ਫੈਨਜ਼, ਡੋਰ ਮੈਟ, ਦਰਵਾਜ਼ੇ-ਖਿੜਕੀਆਂ ਦੇ ਪਰਦਿਆਂ, ਸਿਲੇਬਸ ਹੈਂਡਲਰ, ਘੜੀ, ਅਖ਼ਬਾਰ ਪੜ੍ਹਨ ਵਾਲੇ ਸਟੈਂਡ ਦਾ ਪ੍ਰਬੰਧ ਕਰਨ ਲਈ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਲੈਬਜ਼ ਦੇ ਅੰਦਰ ਸਾਰੀਆਂ ਸਾਵਧਾਨੀਆਂ ਬਾਰੇ ਲਿਖਣ ਅਤੇ ਚਾਰਟ ਚਿਪਕਾਉਣ ਲਈ ਵੀ ਕਿਹਾ ਗਿਆ ਹੈ।